ਚਰਖੇ ਦੀ ਗੂੰਜ ਸੁਣ ਕੇ..

-ਲਖਬੀਰ ਸਿੰਘ ਦੌਦਪੁਰ
ਆਦਿ ਮਨੁੱਖ ਨੂੰ ਜਦੋਂ ਮੌਸਮ ਦੀਆਂ ਮਾਰਾਂ ਗਰਮੀ, ਸਰਦੀ, ਬਰਸਾਤ ਆਦਿ ਦਾ ਸਾਹਮਣਾ ਕਰਨਾ ਪੈਂਦਾ ਸੀ ਜਾਂ ਉਸ ਨੂੰ ਪਰਸਪਰ ਲਿੰਗੀ ਸੂਝ ਆਈ ਤਾਂ ਉਸ ਨੇ ਤਨ ਨੂੰ ਢਕਣ ਦੇ ਰਾਹ ਲੱਭੇ। ਇਸ ਵਾਸਤੇ ਸ਼ੁਰੂ-ਸ਼ੁਰੂ ਵਿੱਚ ਜਾਨਵਰਾਂ ਦੀਆਂ ਖੱਲਾਂ, ਰੁੱਖਾਂ ਦੇ ਪੱਤੇ ਆਦਿ ਤੋਂ ਕੰਮ ਲਿਆ ਗਿਆ। ਸਮੇਂ ਨਾਲ ਹੋਈ ਪਹੀਏ ਦੀ ਖੋਜ ਮਗਰੋਂ ਅਤੇ ਖੇਤੀ ਦੇ ਧੰਦੇ ਨੂੰ ਅਪਣਾਉਣ ਤੇ ਰੇਸ਼ੇਦਾਰ ਫਸਲਾਂ ਦੀ ਸੋਝੀ ਮਗਰੋਂ ਇਕ ਅਜਿਹਾ ਯੰਤਰ ਹੋਂਦ ਵਿੱਚ ਆਇਆ ਜਿਸ ਨੂੰ ਚਰਖਾ ਕਿਹਾ ਜਾਂਦਾ ਹੈ। ਭਾਰਤ ਵਿੱਚ ਚਰਖੇ ਦਾ ਪ੍ਰਵੇਸ਼ ਮੱਧ ਏਸ਼ੀਆ ਤੋਂ ਦਸਵੀਂ ਸਦੀ ਦੇ ਲਗਭਗ ਹੋਇਆ ਕਿਹਾ ਜਾਂਦਾ ਹੈ, ਇਹ ਕਿਸੇ ਨਾ ਕਿਸੇ ਰੂਪ ਵਿੱਚ ਭਾਰਤ ਵਿੱਚ ਪਹਿਲਾਂ ਵੀ ਹੋਵੇਗਾ। ਚਰਖਾ ਆਦਿ ਕਾਲ ਤੋਂ ਮਨੁੱਖ ਲਈ ਜਰੂਰੀ ਤੇ ਕੰਮ ਦੀ ਵਸਤੂ ਰਿਹਾ ਹੈ। ਪੰਜਾਬ ਲਈ ਚਰਖਾ ਖਾਸ ਥਾਂ ਰੱਖਦਾ ਹੈ। ਚਰਖਾ ਪੰਜਾਬੀਆਂ ਦੇ ਮਨ ਦੀਆਂ ਧੁਰ ਅੰਦਰਲੀਆਂ ਡੂੰਘਾਣਾਂ ਤੱਕ ਵਸਿਆ ਹੈ। ਚਰਖਾ ਕੁੜੀ ਨੂੰ ਦਾਜ ਵਿੱਚ ਦਿੱਤੀਆਂ ਜਾਣ ਵਾਲੀਆਂ ਵਸਤੂਆਂ ਵਿੱਚੋਂ ਵਿਸ਼ੇਸ਼ ਵਸਤੂ ਸੀ। ਚਰਖੇ ਰਾਹੀਂ ਹੀ ਕੁੜੀ ਜਾਂ ਮਾਪਿਆਂ ਵੱਲੋਂ ਦਾਜ ਲਈ ਦਰੀਆਂ, ਖੇਸ, ਚਾਦਰਾਂ ਆਦਿ ਚਰਖੇ ਦੇ ਕੱਤੇ ਸੂਤ ਨਾਲ ਤਿਆਰ ਕੀਤੀਆਂ ਜਾਂਦੀਆਂ ਸਨ।
ਕਤ-ਕਤ ਪੂਣੀਆਂ ਮੈਂ ਸੂਤ ਬਣਾਇਆ
ਓਹਦਾ ਬਣਾਇਆ ਖੇਸ ਮਾਏਂ ਮੇਰੀਏ
ਤਿ੍ਰੰਞਣਾਂ ਵਿੱਚ ਕੁੜੀਆਂ, ਮੁਟਿਆਰਾਂ ਜਾਂ ਸੱਜ ਵਿਆਹੀਆਂ ਜਦੋਂ ਕੱਤਣ ਲੱਗਦੀਆਂ ਤਾਂ ਚਰਖੇ ਵਿੱਚੋਂ ਅਨੋਖੀ ਸੰਗੀਤ ਮਈ ਗੂੰਜ ਨਿਕਲਦੀ, ਜੋ ਆਲੇ ਦੁਆਲੇ ਨੂੰ ਮੰਤਰ ਮੁਗਧ ਕਰ ਦਿੰਦੀ। ਇਸ ਵਿਚਲੀ ਸੰਗੀਤਕ ਗੂੰਜ ਹਰ ਦਿਲ ਨੂੰ ਕੀਲ ਲੈਂਦੀ। ਇਥੋਂ ਤੱਕ ਕਿ ਸੰਤ, ਫਕੀਰ, ਜੋਗੀ ਵੀ ਇਸ ਸੰਗੀਤਕ ਗੂੰਜ ਨੂੰ ਸੁਣ ਕੇ ਮੋਹੇ ਜਾਂਦੇ। ਇਸੇ ਲਈ ਕਿਹਾ ਗਿਆ ਹੈ

ਚਰਖੇ ਦੀ ਗੂੰਜ ਸੁਣ ਕੇ
ਜੋਗੀ ਉਤਰ ਪਹਾੜੋਂ ਆਇਆ

ਚਰਖਾ ਪੰਜਾਬ ਤੇ ਪੰਜਾਬੀ ਲੋਕ ਮਨਾਂ ਦੇ ਅਤੀ ਨੇੜੇ ਹੈ। ਇਸ ਵਿੱਚ ਪੰਜਾਬੀ ਸੱਭਿਆਚਾਰ ਤੇ ਵਿਰਸੇ ਦੀ ਖੂਸ਼ਬੋ ਰਮੀ ਹੋਈ ਹੈ। ਲੋਕ ਗੀਤਾਂ, ਬੋਲੀਆਂ, ਟੱਪਿਆਂ ਵਿੱਚ ਚਰਖਾ ਵਿਸ਼ੇਸ਼ ਥਾਂ ਰੱਖਦਾ ਹੈ। ਦਾਜ ਵਿੱਚ ਦਿੱਤਾ ਜਾਣ ਵਾਲਾ ਚਰਖਾ ਬੜੀ ਮਿਹਨਤ ਨਾਲ ਤਿਆਰ ਕੀਤਾ ਜਾਂਦਾ ਹੈ। ਉਸ ਵਿੱਚ ਕਈ ਵਾਰ ਸ਼ੀਸ਼ੇ ਜੜੇ ਹੁੰਦੇ ਤੇ ਉਂਜ ਉਸ ਨੂੰ ਮਜ਼ਬੂਤੀ ਨਾਲ ਤਿਆਰ ਕੀਤਾ ਜਾਂਦਾ।

ਬਚਨੋ ਦੇ ਚਰਖੇ ‘ਤੇ
ਗਿਣ-ਗਿਣ ਕੇ ਮੇਖਾਂ ਲਾਈਆਂ

ਇਸ ਤਰ੍ਹਾਂ ਪੰਜਾਬੀ ਲੋਕਾਂ ਦੇ ਜੀਵਨ ਤੇ ਵਿਹਾਰਾਂ ਦਾ ਹੀ ਨਹੀਂ, ਕੰਮਾਂ ਦਾ ਵੀ ਚਰਖੇ ਰਾਹੀਂ ਬੜਾ ਸੁੰਦਰ ਚਿੱਤਰ ਉਭਰ ਕੇ ਸਾਹਮਣੇ ਆਉਂਦਾ ਹੈ। ਪੰਜਾਬੀ ਰਿਸ਼ਤਾ ਨਾਤਾ ਪ੍ਰਣਾਲੀ ਨੂੰ ਵੀ ਚਰਖੇ ਰਾਹੀਂ ਬਿਆਨ ਕੀਤਾ ਜਾਂਦਾ ਹੈ। ਇਸ ਵਿੱਚ ਸੱਸ ਨੂੰਹ, ਨਨਾਣ-ਭਰਜਾਈ, ਵੀਰ-ਭੈਣ, ਪਿਓ-ਧੀ ਆਦਿ ਦੇ ਰਿਸ਼ਤੇ ਨੂੰ ਚਰਖੇ ਦੇ ਹਵਾਲੇ ਨਾਲ ਵੱਖੋਂ-ਵੱਖ ਰੰਗਾਂ ਵਿੱਚ ਪੇਸ਼ ਕੀਤਾ ਗਿਆ ਹੈ। ਸਹੁਰੇ ਘਰ ਭੈਣ ਭਰਾ ਦੀ ਉਡੀਕ ਵਿੱਚ ਬੈਠੀ ਚਰਖਾ ਕੱਤਦੀ ਉਸ ਨੂੰ ਯਾਦ ਕਰਦੀ ਹੈ।

ਪੇੜੇ ਵੇ ਵੀਰਨਾ ਪੇੜੇ
ਭੈਣ ਤੈਨੂੰ ਯਾਦ ਕਰੇ
ਚਰਖੇ ਦੇ ਹਰ ਗੇੜੇ

ਪੰਜਾਬ ਵਿੱਚ ਸ਼ੁਰੂ ਤੋਂ ਹੀ ਚਰਖੇ ਦੇ ਪ੍ਰਤੀਕ ਰਾਹੀਂ ਗੁਰੂ ਸਾਹਿਬਾਨਾਂ, ਸੂਫੀ ਫਕੀਰਾਂ, ਕਿੱਸਾਕਾਰਾਂ ਅਤੇ ਆਧੁਨਿਕ ਸਮੇਂ ਗਲਪ ਅਤੇ ਵਾਰਤਕ ਰਚਨਾਕਾਰਾਂ ਨੇ ਮਾਨਵੀ ਜੀਵਨ ਦੇ ਵਿਭਿੰਨ ਪਹਿਲੂਆਂ ਨੇ ਚਰਖੇ ਨੂੰ ਮਾਨਵ ਸਰੀਰ ਦਾ ਪ੍ਰਤੀਕ ਮੰਨ ਕੇ ਲੋਕਾਈ ਨੂੰ ਰੱਬ ਦੀ ਬੰਦਗੀ ਤੇ ਸ਼ੁਭ ਅਮਲ ਕਮਾਉਣ ਬਾਰੇ ਉਪਦੇਸ਼ ਦਿੱਤੇ ਹਨ ਤਾਂ ਜੋ ਉਨ੍ਹਾਂ ਦੇ ਅਧਿਆਤਮਕ, ਰੂਹਾਨੀ ਤੇ ਰਹੱਸਮਈ ਵਿਚਾਰਾਂ ਨੂੰ ਜਨ ਸਾਧਾਰਨ ਸੌਖੇ ਤੇ ਸਰਲ ਤਰੀਕੇ ਨਾਲ ਸਮਝ ਸਕੇ। ਸੂਫੀਆਂ ਨੇ ਚਰਖੇ ਦੇ ਪ੍ਰਤੀਕ ਨੂੰ ਥਾਂ-ਥਾਂ ਵਰਤ ਕੇ ਮਨੁੱਖੀ ਜੀਵਨ ਨਾਲ ਜੋੜਿਆ ਹੈ। ਸੂਫੀ ਫਕੀਰ ਰੱਬ ਦੀ ਬੰਦਗੀ ਕਰਨ ਵਾਸਤੇ ਮਨੁੱਖ ਨੂੰ ਚਰਖੇ ਭਾਵ ਮਾਨਵੀ ਸਰੀਰ ਨਾਲ ਰੱਬ ਦੀ ਬੰਦਗੀ ਦਾ ਦਾਜ ਇਕੱਠਾ ਕਰਨ ਵਾਸਤੇ ਪ੍ਰੇਰਦੇ ਹਨ।

ਤੇਰਾ ਸਾਹਾ ਨੇੜੇ ਆਇਆ ਹੈ,
ਕੁਝ ਚੋਲੀ ਦਾਜ ਬਣਾਇਆ ਹੈ?
ਤੂੰ ਚਰਖੇ ਤੰਦ ਨਾ ਪਾਈ ਹੈ,
ਕੀ ਕਰਸੈ ਂਦਾਜ ਤਿਆਰ ਕੁੜੇ?
ਘੁੰਮ ਚਰਖੜਿਆ ਵੇ,
ਤੇਰੀ ਕੱਤਣ ਵਾਲੀ ਜੀਵੇ
ਨਲੀਆਂ ਵੱਟਣ ਵਾਲੀ ਜੀਵੇ।

ਇਸ ਤਰ੍ਹਾਂ ਚਰਖਾ ਦੁਨਿਆਵੀਂ ਕੰਮਾਂ, ਰਸਮਾਂ-ਰੀਤਾਂ ਤੇ ਰਿਵਾਇਤਾਂ ਤੋਂ ਲੈ ਕੇ ਰੂਹਾਨੀਅਤ ਤੇ ਅਧਿਆਮਕਤਾ ਦਾ ਸਫਰ ਤੈਅ ਕਰਦਾ ਹੈ। ਅਜੋਕੇ ਦੌਰ ਵਿੱਚ ਪੰਜਾਬੀ ਜਨ ਜੀਵਨ ਅਤੇ ਸੱਭਿਆਚਾਰ ਵਿੱਚੋਂ ਚਰਖਾ ਲਗਭਗ ਲੋਪ ਹੋ ਗਿਆ ਹੈ। ਹੁਣ ਚਰਖੇ ਜਾਂ ਪਿੰਡਾਂ ਵਿੱਚ ਕੋਠੀਆਂ ਦੇ ਉਤੇ ਬੇਕਾਰ ਤੇ ਤਰਸਮਈ ਹਾਲਤ ਵਿੱਚ ਪਏ ਹਨ ਜਾਂ ਇਹ ਮੈਰਿਜ ਪੈਲੇਸਾਂ ਵਿੱਚ ਸਟੇਜੀ ਰੰਗਤ ਵਧਾਉਣ ਵਾਸਤੇ ਰੱਖੇ ਜਾਂਦੇ ਹਨ। ਇਸ ਤਰ੍ਹਾਂ ਕਰਕੇ ਇਸ ਨੂੰ ਇਸ ਦਾ ਗਵਾਇਆ ਹੋਇਆ ਮਾਣ ਵਾਪਸ ਨਹੀਂ ਦਿਵਾਇਆ ਜਾ ਸਕਦਾ। ਚਰਖਿਆਂ ਦੀ ਹੱਥੀ ‘ਤੇ ਸਾਡੀ ਦਾਦੀਆਂ, ਪੜਦਾਦੀਆਂ ਜਾਂ ਮਾਵਾਂ ਦੇ ਹੱਥਾਂ ਦੀ ਛੋਹ ਨੂੰ ਅਸੀਂ ਅੱਜ ਮਹਿਸੂਸ ਨਹੀਂ ਕਰ ਪਾ ਰਹੇ। ਇਹ ਸਾਡੇ ਵਿਰਸੇ ਤੇ ਸੱਭਿਆਚਾਰ ਦਾ ਅਨਮੋਲ ਖਜ਼ਾਨਾ ਹੈ। ਬੇਸ਼ੱਕ ਚਰਖੇ ਦੀ ਰਫਤਾਰ ਅੱਜ ਦੇ ਜ਼ਮਾਨੇ ਨਾਲ ਮੇਲ ਨਹੀਂ ਖਾਂਦੀ, ਪਰ ਭਾਰਤ ਵਿੱਚ ਕੁਝ ਥਾਵਾਂ ‘ਤੇ ਹਾਲੇ ਵੀ ਪਰੰਪਰਾਗਤ ਢੰਗ ਨਾਲ ਚਰਖੇ ਰਾਹੀਂ ਸੂਤ ਕੱਤ ਕੇ ਖਾਦੀ ਤਿਆਰ ਕੀਤੀ ਜਾਂਦੀ ਹੈ, ਜੋ ਛੋਟੇ ਜਾਂ ਲਘੂ ਉਦਯੋਗ, ਹੱਥਕਰਘੇ ਵਾਸਤੇ ਚੰਗੀ ਗੱਲ ਹੈ। ਲੋਕ ਅਜੋਕੇ ਦੌਰ ਵਿੱਚ ਵੀ ਹੱਥੀਂ ਤਿਆਰ ਕੀਤੇ ਕੱਪੜੇ ਦੀ ਕਦਰ ਕਰਦੇ ਹਨ। ਉਹ ਲੋਕ ਵਧਾਈ ਦੇ ਨਾਲ-ਨਾਲ ਹੌਸਲਾ ਅਫਜਾਈ ਦੇ ਵੀ ਪਾਤਰ ਹਨ, ਜੋ ਹੱਥੀਂ ਕੱਤਣ ਤੇ ਪਰੰਪਰਾਗਤ ਢੰਗ ਨਾਲ ਕੱਪੜਾ ਤਿਆਰ ਕਰਕੇ ਰੋਜ਼ੀ ਕਮਾ ਰਹੇ ਅਤੇ ਜੀਵਨ ਨਿਰਵਾਹ ਕਰਦੇ ਹਨ। ਚਰਖੇ ਨੂੰ ਅਜੇ ਵੀ ਤੇਜ਼ ਰਫਤਾਰ ਜ਼ਮਾਨੇ ਨਾਲ ਮਿਲਾ ਕੇ ਚਲਾਉਣ ਲਈ ਯਤਨਸ਼ੀਲ ਹਨ।