ਘੱਟ ਆਮਦਨੀ ਵਾਲੇ ਕੈਨੇਡੀਅਨ ਪਰਿਵਾਰਾਂ ਲਈ ਫ਼ੈੱਡਰਲ ਸਰਕਾਰ ਵੱਲੋਂ ਇੰਟਰਨੈੱਟ ਸੇਵਾ 10 ਡਾਲਰ `ਚ ਦੇਣ ਦਾ ਉਪਰਾਲਾ

ਬਰੈਂਪਟਨ, -ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਟੈਲੀਕਾਮ ਸੇਵਾਵਾਂ ਬਾਰੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਇਨ੍ਹਾਂ ਦੀ ਸੁਧਰੀ ਹੋਈ ਕੁਆਲਿਟੀ, ਕਵਰੇਜ ਅਤੇ ਵਾਜਬ ਕੀਮਤਾਂ ਦਾ ਸਾਰੇ ਕੈਨੇਡਾ-ਵਾਸੀਆਂ ਨੂੰ ਲਾਭ ਉਠਾਉਣਾ ਚਾਹੀਦਾ ਹੈ। ਕੈਨੇਡਾ ਦੀ ਸਰਕਾਰ ਨੇ ਟੈਲੀਫ਼ੋਨ ਉਦਯੋਗ ਨੂੰ ਕਿਹਾ ਹੈ ਕਿ ਇੰਟਰਨੈੱਟ ਉਨ੍ਹਾਂ ਲੋਕਾਂ ਨੂੰ ਵਾਜਬ ਕੀਮਤਾਂ ‘ਤੇ ਉਪਲੱਭਧ ਕਰਾਉਣਾ ਚਾਹੀਦਾ ਹੈ ਜਿਨ੍ਹਾਂ ਨੂੰ ਇਸ ਦੀ ਵਧੇਰੇ ਜ਼ਰੂਰਤ ਹੈ ਅਤੇ ਪਰਿਵਾਰਾਂ ਨੂੰ ਇੰਟਰਨੈੱਟ ਨਾਲ ਜੋੜਨ ਦਾ ਉਪਰਾਲਾ ਏਸੇ ਭਾਈਵਾਲੀ ਦਾ ਹੀ ਨਤੀਜਾ ਹੈ। ਇਸ ਪ੍ਰੋਗਰਾਮ ਦੇ ਇਕ ਭਾਗ ਵਜੋਂ ਬੈੱਲ, ਕੋਜੀਕੋ, ਰੌਜਰਜ਼, ਸੈੱਸਕਟੈੱਲ, ਸ਼ਾਅ, ਟੈੱਲਸ ਅਤੇ ਵੀਡੀਓਟਰੌਨ ਕੰਪਨੀਆਂ ਆਪਣੇ ਤੌਰ ‘ਤੇ ਘਰੇਲੂ ਇੰਟਰਨੈੱਟ ਸੇਵਾ ਲਈ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਜਿਹੜੇ ਇਸ ਦੇ ਯੋਗ ਪਾਏ ਜਾਣਗੇ, 10 ਡਾਲਰ ਪ੍ਰਤੀ ਮਹੀਨਾ ਡਿਸਕਾਊਂਟ ਰੇਟ ਦੇਣਗੀਆਂ।
ਇਸ ਦੇ ਬਾਰੇ ਗੱਲਬਾਤ ਕਰਦਿਆਂ ਹੋਇਆਂ ਸੋਨੀਆ ਸਿੱਧੂ ਨੇ ਕਿਹਾ,”ਅੱਧੇ ਤੋਂ ਵਧੇਰੇ ਕੈਨੇਡੀਅਨ ਪਰਿਵਾਰ ਜਿਨ੍ਹਾਂ ਦੀ ਆਮਦਨ 30,000 ਡਾਲਰ ਸਲਾਨਾ ਜਾਂ ਇਸ ਤੋਂ ਘੱਟ ਹੈ, ਕੋਲ ਅਜੇ ਤੱਕ ਇੰਟਰਨੈੱਟ ਸੇਵਾ ਉਪਲੱਭਧ ਨਹੀਂ ਹੈ ਅਤੇ ਫਿਰ ਵੀ 70% ਅਧਿਆਪਕ ਵਿਦਿਆਰਥੀਆਂ ਨੂੰ ਅਜਿਹਾ ਹੋਮਵਰਕ ਦਿੰਦੇ ਹਨ ਜਿਸ ਦੇ ਲਈ ਇੰਟਰਨੈੱਟ ਦੀ ਜ਼ਰੂਰਤ ਪੈਂਦੀ ਹੈ। ਇੰਟਰਨੈੱਟ ਸਬੰਧੀ ਅੱਜ ਦਾ ਬਿਆਨ ਸਾਡੀ ਸਰਕਾਰ ਵੱਲੋਂ ਇਸ ਦਿਸ਼ਾ ਵਿਚ ਲਿਆ ਜਾ ਰਿਹਾ ਅਹਿਮ ਕਦਮ ਹੈ ਜਿਸ ਨਾਲ ਕੈਨੇਡਾ-ਵਾਸੀਆਂ ਨੂੰ ਜੀਵਨ ਵਿਚ ਸਫ਼ਲ ਹੋਣ ਦੇ ਮੌਕੇ ਮਿਲਣਗੇ।”
ਪਰਿਵਾਰਾਂ ਨੂੰ ਇੰਟਰਨੈੱਟ ਸੇਵਾ ਨਾਲ ਜੋੜਨ ਵਾਲੇ ਇਸ ਉਪਰਾਲੇ ਨਾਲ ਯੋਗ ਵਿਅੱਕਤੀਆਂ ਨੂੰ 10 ਮੈਗਾਬਾਈਟ ਪ੍ਰਤੀ ਸਕਿੰਟ ਦੀ ਡਾਊਨਲੋਡ ਸਪੀਡ ਦੇਵੇਗਾ (ਜਾਂ ਇਹ ਵੱਧ ਤੋਂ ਵੱਧ ਹੋਵੇਗੀ ਜੇਕਰ ਉਸ ਏਰੀਏ ਵਿਚ ਇਹ 10 ਮੈਗਾਬਾਈਟ ਪ੍ਰਤੀ ਸਕਿੰਟ ਤੋਂ ਘੱਟ ਹੈ) ਅਤੇ 100 ਗੀਗਾਬਾਈਟ ਪ੍ਰਤੀ ਮਹੀਨਾ ਵਰਤੋਂ ਯੋਗ ਡਾਟਾ ਡਿਸਕਾਊਂਟ ਰੇਟ ‘ਤੇ ਉਪਲੱਭਧ ਹੋਵੇਗਾ। ਕਿਸੇ ਵੀ ਕਿਸਮ ਦੇ ਯੰਤਰ ਜਾਂ ਇਸ ਨੂੰ ਲਗਾਉਣ ਦੀ ਕੋਈ ਫ਼ੀਸ ਨਹੀਂ ਹੋਵੇਗੀ। ਇਸ ਸੇਵਾ ਨਾਲ ਜੁੜਨ ਵਾਲੇ ਪਰਿਵਾਰਾਂ ਲਈ ਇਹ ਉਪਰਾਲਾ ਕੈਨੇਡਾ-ਵਾਸੀਆਂ ਨੂੰ ਡਿਜੀਟਲ ਇਕਾਨੌਮੀ ਤੱਕ ਪਹੁੰਚ ਕਰਨ ਅਤੇ ਦੇਸ਼ ਦੀ ਤਰੱਕੀ ਜੋ ਇਸ ਸਰਕਾਰ ਰਾਹੀਂ ਪਿਛਲੇ ਸਾਲਾਂ ਵਿਚ ਹੋਈ ਹੈ, ਬਾਰੇ ਜਾਨਣ ਲਈ ਜਾਰੀ ਰੱਖਿਆ ਜਾਏਗਾ।