ਘੁਬਾਇਆ ਨੇ ਕਿਹਾ: ਕਾਗਜ਼ਾਂ ‘ਚ ਉਮਰ ਗਲਤ ਲਿਖੀ ਗਈ ਸੀ

davinder singh ghubaya
ਚੰਡੀਗੜ੍ਹ, 5 ਅਗਸਤ (ਪੋਸਟ ਬਿਊਰੋ)- ਆਪਣੀ ਉਮਰ ਦੇ ਫਰਕ ਕਾਰਨ ਵਿਵਾਦਾਂ ਵਿੱਚ ਆਏ ਪੰਜਾਬ ਦੇ ਸਭ ਤੋਂ ਘੱਟ ਉਮਰ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੀ ਅਰਜ਼ੀ ‘ਤੇ ਕੱਲ੍ਹ ਜ਼ਿਲਾ ਅਦਾਲਤ ‘ਚ ਜਵਾਬ ਦਾਇਰ ਕੀਤਾ। ਘੁਬਾਇਆ ਨੇ ਲਿਖਿਆ ਕਿ ਜਿਆਣੀ ਨੇ ਹਾਰ ਤੋਂ ਬਾਅਦ ਬੌਖਲਾਹਟ ਵਿੱਚ ਆ ਕੇ ਅਜਿਹੇ ਦੋਸ਼ ਲਗਾਏ ਹਨ।
ਇਸ ਜਵਾਬ ਵਿੱਚ ਦਵਿੰਦਰ ਸਿੰਘ ਘੁਬਾਇਆ ਨੇ ਕਿਹਾ ਕਿ ਉਨ੍ਹਾਂ ਦਾ ਪਰਵਾਰ ਪੇਂਡੂ ਖੇਤਰ ਨਾਲ ਸਬੰਧ ਰੱਖਦਾ ਹੈ ਤੇ ਉਸ ਦੇ ਮਾਪੇ ਤੇ ਜ਼ਿਆਦਾ ਰਿਸ਼ਤੇਦਾਰ ਅਨਪੜ੍ਹ ਹਨ। ਇਸ ਕਾਰਨ ਜਨਮ ਦੇ ਸਮੇਂ ਉਨ੍ਹਾਂ ਦੀ ਉਮਰ ਕਾਗਜ਼ਾਂ ‘ਚ ਗਲਤ ਲਿਖੀ ਗਈ। ਘੁਬਾਇਆ ਨੇ ਕਿਹਾ ਕਿ ਇਸ ਗਲਤੀ ਨੂੰ ਸਹੀ ਕਰ ਲਿਆ ਗਿਆ ਹੈ। ਉਨ੍ਹਾਂ ਨੇ ਜਵਾਬ ‘ਚ ਲਿਖਿਆ ਕਿ ਫਾਜ਼ਿਲਕਾ ਦੇ ਪ੍ਰੀਤ ਨਰਸਿੰਗ ਹੋਮ ਵੱਲੋਂ ਜਾਰੀ ਸਰਟੀਫਿਕੇਟ ਵਿੱਚ ਉਨ੍ਹਾਂ ਦੀ ਉਮਰ ਨੂੰ ਠੀਕ ਕਰ ਦਿੱਤਾ ਗਿਆ ਸੀ ਅਤੇ ਇਸ ਸਰਟੀਫਿਕੇਟ ਨੂੰ ਪਿੰਡ ਦੇ ਸਰਪੰਚ ਨੇ ਅਟੈਸਟ ਕੀਤਾ ਸੀ। ਇਹੋ ਨਹੀਂ, 16 ਜੁਲਾਈ 2016 ਨੂੰ ਜਲਾਲਾਬਾਦ ਦੇ ਡੀ ਏ ਵੀ ਸੈਂਟਨਰੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਨੇ ਵੀ ਉਨ੍ਹਾਂ ਦੀ ਉਮਰ ਦਾ ਸਰਟੀਫਿਕੇਟ ਜਾਰੀ ਕੀਤਾ ਸੀ। ਅਸਲ ਵਿੱਚ ਵਿਧਾਨ ਸਭਾ ਚੋਣ ਲੜਨ ਲਈ ਉਮਰ 25 ਸਾਲ ਹੋਣੀ ਚਾਹੀਦੀ, ਪਰ ਘੁਬਾਇਆ ਦੀ ਉਮਰ ਸਕੂਲ ਸਰਟੀਫਿਕੇਟ ਮੁਤਾਬਕ 23 ਸਾਲ ਸੀ।