ਘਰ ਵਿੱਚ ਡਰੱਗਜ਼ ਤੇ ਅਸਲਾ ਰੱਖਣ ਵਾਲੇ ਚਾਰ ਵਿਅਕਤੀ ਪੁਲਿਸ ਵੱਲੋਂ ਚਾਰਜ


ਟੋਰਾਂਟੋ, 12 ਜੂਨ (ਪੋਸਟ ਬਿਊਰੋ): ਬੀਤੇ ਦਿਨੀਂ ਇੱਕ ਘਰ ਵਿੱਚੋਂ ਡਰੱਗਜ਼ ਤੇ ਗੰਨਜ਼ ਮਿਲਣ ਤੋਂ ਬਾਅਦ ਟੋਰਾਂਟੋ ਪੁਲਿਸ ਵੱਲੋਂ ਚਾਰ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਸਰਚ ਵਾਰੰਟ ਲਿਆ ਕੇ ਉਨ੍ਹਾਂ ਵੱਲੋਂ ਟੋਰਾਂਟੋ ਦੇ ਇੱਕ ਘਰ ਦੀ ਜਾਂਚ ਕੀਤੀ ਗਈ ਤੇ ਇੱਥੋਂ ਉਨ੍ਹਾਂ ਨੂੰ ਵੱਡੀ ਮਾਤਰਾ ਵਿੱਚ ਅਸਲਾ ਤੇ ਗੋਲੀ ਸਿੱਕਾ ਮਿਲਿਆ। ਇਸ ਦੇ ਨਾਲ ਹੀ ਗੇਰਾਰਡ ਸਟਰੀਟ ਈਸਟ ਤੇ ਬੇਅਵਿਊ ਐਵਨਿਊ ਨੇੜੇ ਸਥਿਤ ਇਸ ਘਰ ਤੋਂ 500 ਗ੍ਰਾਮ ਤੋਂ ਵੱਧ ਮੈਰੀਜੁਆਨਾ ਵੀ ਮਿਲੀ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਦੋ ਬਾਲਗਾਂ ਤੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਨ੍ਹਾਂ ਸਾਰਿਆਂ ਖਿਲਾਫ ਅੱਠ-ਅੱਠ ਚਾਰਜ ਲਾਏ ਗਏ ਹਨ। ਇਨ੍ਹਾਂ ਵਿੱਚ ਲਾਪਰਵਾਹੀ ਨਾਲ ਹਥਿਆਰਾਂ ਨੂੰ ਰੱਖਣ, ਗੋਲੀ ਸਿੱਕੇ ਨਾਲ ਪਾਬੰਦੀਸ਼ੁਦਾ ਹਥਿਆਰ ਰੱਖਣ ਤੇ ਸਮਗਲਿੰਗ ਦੇ ਇਰਾਦੇ ਨਾਲ ਮੈਰੀਜੁਆਨਾ ਰੱਖਣ ਦੇ ਚਾਰਜ ਲਾਏ ਗਏ ਹਨ। ਜਾਂਚਕਾਰਾਂ ਨੇ ਦੱਸਿਆ ਕਿ ਇੱਕ ਨੌਜਵਾਨ ਨੂੰ ਪਛਾਣ ਮੇਲ ਨਾ ਖਾਂਦੀ ਹੋਣ ਕਾਰਨ ਵੀ ਚਾਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਚਾਰ ਮਸ਼ਕੂਕਾਂ ਨੂੰ ਅਦਾਲਤ ਵਿੱਚ ਵੀ ਪੇਸ਼ ਕੀਤਾ ਜਾ ਚੁੱਕਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਜਾਂਚ ਪ੍ਰੋਜੈਕਟ ਰੈੱਡ ਬ੍ਰਿੱਕ ਦਾ ਹੀ ਹਿੱਸਾ ਸੀ।