ਘਰ ਨੂੰ ਅੱਗ ਲੱਗਣ ਨਾਲ ਤਿੰਨ ਬੱਚੇ ਜਿੰਦਾ ਸੜ ਗਏ


ਲੰਡਨ, 12 ਦਸੰਬਰ (ਪੋਸਟ ਬਿਊਰੋ)- ਇਥੇ ਇਕ ਘਰ ਵਿਚ ਭਿਆਨਕ ਅੱਗ ਲੱਗਣ ਨਾਲ ਓਥੇ ਮੌਜੂਦ 3 ਬੱਚੇ ਜੀਉਂਦੇ ਸੜ ਗਏ, ਉਨ੍ਹਾਂ ਦੀ ਮਾਂ ਤੇ ਇਕ ਹੋਰ ਬੱਚੀ ਹਸਪਤਾਲ ਵਿਚ ਜ਼ਿੰਦਗੀ ਦੀ ਲੜਾਈ ਲੜ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ ਮੈਨਚੈਸਟਰ ਦੇ ਇਕ ਘਰ ਵਿੱਚ ਅੱਗ ਗਈ, ਜਿਸ ਵਿਚ ਤਿੰਨ ਬੱਚਿਆਂ ਦੀ ਮੌਤ ਹੋ ਗਈ। ਇਸ ਅੱਗ ਵਿਚ ਬਚੇ ਉਨ੍ਹਾਂ ਦੇ ਭਰਾ ਕਾਈਲ (16) ਨੇ ਆਪਣੇ ਨਾਲ ਬੀਤੀ ਘਟਨਾ ਬਾਰੇ ਦੱਸਿਆ ਕਿ ਇਸ ਅੱਗ ਵਿਚ ਡੇਮੀ ਪੀਅਰਸਨ (14), ਬ੍ਰੈਂਡਨ (8) ਅਤੇ ਲੇਸੀ (7) ਦੀ ਮੌਤ ਹੋ ਗਈ। ਕਾਈਲ ਨੇ ਦੱਸਿਆ ਕਿ ਮੈਂ ਸੌਂ ਰਿਹਾ ਸੀ ਕਿ ਅਚਾਨਕ ਮੈਂ ਆਪਣੀ ਮਾਂ ਦੀ ਆਵਾਜ਼ ਸੁਣੀ, ਉਹ ਕਹਿ ਰਹੀ ਸੀ: ‘ਅੱਗ,ਅੱਗ।’ ਉਥੇ ਕਾਫੀ ਧੂੰਆਂ ਸੀ, ਮੈਂ ਪੌੜੀਆਂ ਚੜ੍ਹ ਕੇ ਤਾਕੀ ਤੱਕ ਗਿਆ। ਅਜੇ ਮੈਂ ਜਾ ਹੀ ਰਿਹਾ ਸੀ ਕਿ ਇਕ ਧੂੰਏਂ ਦੇ ਬੱਦਲ ਨੇ ਮੈਨੂੰ ਪਿੱਛੇ ਧੱਕ ਦਿੱਤਾ। ਮੈਂ ਸਾਹਮਣੇ ਵਾਲਾ ਦਰਵਾਜ਼ਾ ਤੇ ਤਾਕੀ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋ ਸਕਿਆ, ਕਿਉਂਕਿ ਉਥੇ ਬਹੁਤ ਜ਼ਿਆਦਾ ਧੂੰਆਂ ਤੇ ਅੱਗ ਸੀ। ਕਾਈਲ ਕਿਸੇ ਤਰ੍ਹਾਂ ਅੱਗ ਵਿਚੋਂ ਬਾਹਰ ਆ ਗਿਆ। ਉਸ ਨੇ ਦੱਸਿਆ ਕਿ ਉਸ ਨੇ ਵਾਪਸ ਅੰਦਰ ਜਾਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਿਹਾ। ਉਸ ਦਾ ਦੋਸਤ ਬੋਬੀ ਵੀ ਉਸ ਨਾਲ ਸੁਰੱਖਿਅਤ ਬਾਹਰ ਆ ਗਿਆ।
ਇਕ ਗੁਆਂਢੀ ਨੇ ਦੱਸਿਆ ਕਿ ਉਸ ਨੇ ਬੀਤੀ ਰਾਤ ‘ਬਚਾਓ-ਬਚਾਓ’ ਦੀਆਂ ਆਵਾਜ਼ਾਂ ਸੁਣੀਆਂ ਸਨ। ਗ੍ਰੇਟਰ ਮੈਨਚੈਸਟਰ ਪੁਲਸ ਇਸ ਦੀ ਜਾਂਚ ਕਰ ਰਹੀ ਹੈ। ਬੱਚਿਆਂ ਦੀ ਮਾਂ ਮਾਈਕਲ ਪੀਅਰਸ (35) ਅਤੇ 3 ਸਾਲ ਦੀ ਲੀਆ ਰਿਮੇਨਸ ਹਸਪਤਾਲ ਵਿਚ ਦਾਖਲ ਹਨ ਅਤੇ ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਪੁਲਸ ਵਲੋਂ ਹੁਣ ਤੱਕ ਇਸ ਸਬੰਧੀ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।