ਗੱਲਾਂ ਵਿੱਚੋਂ ਗੱਲ

-ਸੰਤਵੀਰ
ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਦੌਰਾਨ ਆਮ ਬੋਲ-ਚਾਲ ਵਿੱਚ ਬਿਨਾਂ ਸੋਚ ਸਮਝੇ ਕਈ ਵਾਰ ਕਿੰਨੇ ਹੀ ਗਲਤ ਸ਼ਬਦਾਂ ਦਾ ਪ੍ਰਯੋਗ ਕਰ ਕੇ ਅਰਥ ਦਾ ਅਨਰਥ ਕਰਦੇ ਰਹਿੰਦੇ ਹਾਂ। ਕਈ ਲੋਕਾਂ ਨੂੰ ਅਕਸਰ ਕਹਿੰਦੇ ਸੁਣੀਂਦਾ ਹੈ ਕਿ ‘ਤੂੰ ਕੀ ਬੇਫਜ਼ੂਲ ਗੱਲਾਂ ਕਰੀ ਜਾਂਦਾ ਹੈਂ, ਕੋਈ ਮਤਲਬ ਦੀ ਗੱਲ ਕਰ।’ ਇਸ ਪ੍ਰਕਾਰ ‘ਫਜ਼ੂਲ’ ਸ਼ਬਦ ਨਾਲ ‘ਬੇ’ ਅਗੇਤਰ ਲਾਉਣ ਨਾਲ ਫਜ਼ੂਲ ਸ਼ਬਦ ਦੇ ਅਰਥਾਂ ਦਾ ਅਨਰਥ ਹੋ ਗਿਆ। ਕਈ ਸ਼ਾਇਰ ਵੀ ਆਪਣੀ ਸ਼ਾਇਰੀ ਵਿੱਚ ਅਜਿਹੀਆ ਅਪ੍ਰਸੰਗਿਕ ਗੱਲਾਂ ਕਰ ਜਾਂਦੇ ਹਨ। ਇੱਕ ਗੀਤ ਦੇ ਬੋਲ ਹਨ :
ਤੇਰੀ ਕਣਕ ਦੀ ਰਾਖੀ ਮੁੰਡਿਆ, ਹੁਣ ਮੈਂ ਨਹੀਂ ਬਹਿੰਦੀ
ਕਦੇ ਉਡਾਵਾਂ ਤਿੱਤਰ ਬਟੇਰੇ ਅਤੇ ਕਦੇ ਉਡਾਵਾਂ ਕਾਂ…।
ਮੱਕੀ ਦੀ ਫਸਲ ਦੀ ਰਾਖੀ ਕਾਂ-ਤੋਤਿਆਂ ਤੇ ਬਾਜਰੇ ਦੀ ਚਿੜੀਆਂ ਤੋਂ ਹੁੰਦੀ ਤਾਂ ਸੁਣੀ ਹੈ, ਪਰ ਸਾਡੀ ਪੇਂਡੂ ਜ਼ਿੰਦਗੀ ਵਿੱਚ ਕਣਕ ਦੀ ਰਾਖੀ ਕਰਨ ਦੀ ਗੱਲ ਸੁਣਨ ਨੂੰ ਨਹੀਂ ਮਿਲਦੀ। ਨਾ ਕਣਕਾਂ ਵਿੱਚ ਕਾਂ ਬੈਠਦੇ ਹਨ ਅਤੇ ਨਾ ਹੀ ਤਿੱਤਰ-ਬਟੇਰੇ ਕਣਕ ਦਾ ਕੋਈ ਨੁਕਸਾਨ ਕਰਦੇ ਹਨ। ਉਰਦੂ ਦਾ ਸ਼ਿਅਰ ਹੈ :
ਹਰ ਸ਼ਾਖ਼ ਪੇ ਉੱਲੂ ਬੈਠਾ ਹੈ,
ਅੰਜਾਮ-ਏ-ਗੁਲਿਸਤਾਂ ਕਯਾ ਹੋਗਾ।
ਇਥੇ ਉਲੂ ਸ਼ਬਦ ਨੂੰ ਉਜਾੜੇ ਦੇ ਪ੍ਰਤੀਕ ਵਜੋਂ ਵਰਤਿਆ ਗਿਆ ਹੈ, ਪਰ ਅਸਲ ਵਿੱਚ ਇਹ ਕਦੇ ਨਹੀਂ ਵਾਪਰਦਾ ਕਿ ਉਲੂ ਕਾਰਨ ਕਿਸੇ ਬਗੀਚੇ ਦਾ ਕੋਈ ਨੁਕਸਾਨ ਹੋਇਆ ਹੋਵੇ। ਸ਼ਾਖ-ਸ਼ਾਖ ਤਾਂ ਕੀ, ਕਿਸੇ ਨੇ ਕਿਸੇ ਬਗੀਚੇ ਵਿੱਚ ਕਿਸੇ ਉੱਲੂ ਨੂੰ ਬੈਠਾ ਵੀ ਨਹੀਂ ਤੱਕਿਆ ਹੋਣਾ। ਦਿਨ ਵਿੱਚ ਤਾਂ ਉੱਲੂ ਕਦੇ ਨਜ਼ਰ ਹੀ ਨਹੀਂ ਆਉਂਦਾ। ਇਥੋਂ ਤੱਕ ਕਿ ਸਾਡੇ ਵਿੱਚੋਂ ਬਹੁਤਿਆਂ ਨੇ ਉੱਲੂ ਨੂੰ ਕਿਤਾਬਾਂ ਵਿੱਚ ਵੇਖਿਆ ਹੋਵੇਗਾ। ਇਸ ਪੰਛੀ ਬਾਰੇ ਜੀਵ ਵਿਗਿਆਨੀ ਦੱਸਦੇ ਹਨ ਕਿ ਇਹ ਸਾਡਾ ਮਿੱਤਰ ਪੰਛੀ ਹੈ। ਫਸਲਾਂ ਤੇ ਹੋਰ ਬਨਸਪਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ-ਮਕੌੜੇ ਅਤੇ ਚੂਹੇ ਖਾ ਕੇ ਇਹ ਸਾਡੀ ਮਦਦ ਕਰਦਾ ਹੈ। ਪਤਾ ਨਹੀਂ ਫਿਰ ਵੀ ਕਿਉਂ ਇਹ ਪੰਛੀ ਸਾਡੇ ਤਿ੍ਰਸਕਾਰ ਦਾ ਪਾਤਰ ਬਣਿਆ ਹੋਇਆ ਹੈ।
ਇਨ ਹੁਸੀਨੋ ਨੇ ਉਜਾੜੀ ਬਸਤੀਏਂ
ਬੂਮ (ਉੱਲੂ) ਸਾਲਾ ਮੁਫਤ ਮੇਂ ਬਦਨਾਮ ਹੈ।
ਚਲੋ ਖੈਰ! ਭਾਵੇਂ ਵਿਅੰਗ ਨਾਲ ਹੀ ਸਹੀ, ਸ਼ਾਇਰ ਨੇ ਇਹ ਤਾਂ ਮੰਨਿਆ ਹੈ ਕਿ ਉਜਾੜੇ ਵਿੱਚ ਉੱਲੂ ਦਾ ਕੋਈ ਹੱਥ ਨਹੀਂ, ਲੋਕੀਂ ਐਵੇਂ ਇਸ ਨੂੰ ਬਦਨਾਮ ਕਰਦੇ ਹਨ, ਪਰ ਇਥੇ ਫਿਰ ‘ਸਾਲਾ ਉੱਲੂ’ ਸ਼ਬਦ ਵਰਤਣ ਨਾਲ ਅਰਥ ਦਾ ਅਨਰਥ ਹੋ ਗਿਆ। ਜਦੋਂ ਅਸੀਂ ਕਿਸੇ ਨੂੰ ਮੂਰਖ, ਉਜੱਡ ਅਤੇ ਬੇਹੂਦਾ ਕਹਿ ਕੇ ਭੰਡਣਾ ਹੋਵੇ ਤਾਂ ਅਸੀਂ ‘ਸਾਲਾ ਉੱਲੂ’ ਸ਼ਬਦ ਦਾ ਪ੍ਰਯੋਗ ਕਰਦੇ ਹਾਂ। ਸਾਲਾ ਸ਼ਬਦ ਰਿਸ਼ਤੇ ਦੇ ਪ੍ਰਸੰਗ ਨਾਲੋਂ ਵੱਧ ਗਾਲ੍ਹ, ਨਫਰਤ ਅਤੇ ਤਿ੍ਰਸਕਾਰ ਵਜੋਂ ਵਰਤਿਆ ਜਾਂਦਾ ਹੈ। ਸਾਲਾ ਇੱਕ ਪਰਵਾਰਕ ਰਿਸ਼ਤਾ ਹੈ। ਸਾਡੀ ਪਤਨੀ ਦਾ ਪਿਆਰਾ ਭਰਾ, ਬੱਚਿਆਂ ਦਾ ਚਹੇਤਾ ਮਾਮਾ, ਸਾਡਾ ਬਹੁਤ ਕਰੀਬੀ ਰਿਸ਼ਤੇਦਾਰ ਹੁੰਦਾ ਹੈ। ਸਾਡੀ ਵਿਹਾਰਕ ਜ਼ਿੰਦਗੀ ਵਿੱਚ ਸਾਲੇ ਦੇ ਰਿਸ਼ਤੇ ਦਾ ਬਹੁਤ ਮਹੱਤਵ ਮੰਨਿਆ ਜਾਂਦਾ ਹੈ:
ਏਕ ਔਰ ਲੁਗਾਈ ਕਾ ਭਾਈ,
ਦੂਸਰੀ ਔਰ ਸਾਰੀ ਲੁਕਾਈ।
ਹੋਵੇ ਵੀ ਕਿਉਂ ਨਾ, ਸਕੇ ਭਰਾ ਜ਼ਮੀਨ-ਜਾਇਦਾਦ ਦੀ ਵੰਡ ਕਾਰਨ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਹਨ। ਕਈ ਵਾਰ ਅਜਿਹੀ ਸਥਿਤੀ ਵੀ ਪੈਦਾ ਹੋ ਜਾਂਦੀ ਹੈ ਕਿ ਉਹ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣ ਜਾਂਦੇ ਹਨ। ਇਸ ਤੋਂ ਉਲਟ ਖੂਨ ਦਾ ਰਿਸ਼ਤਾ ਨਾ ਹੋਣ ਦੇ ਬਾਵਜੂਦ ਸਾਲਾ ਸਾਡੇ ਹਰ ਦੁੱਖ-ਸੁੱਖ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖਲੋਂਦਾ ਹੈ। ਸਾਡਾ ਸਤਿਕਾਰ ਕਰਦਾ ਹੈ। ਪਰਵਾਰਕ ਜੀਵਨ ਦੀਆਂ ਖੁਸ਼ੀਆਂ-ਗਮੀਆਂ ਵਿੱਚ ‘ਨਾਨਕ ਛੱਕ’ ਅਤੇ ਰਸਮ ਪਗੜੀ ਦੀਆਂ ਰਸਮਾਂ ਉਹ ਹੀ ਨਿਭਾਉਂਦਾ ਹੈ। ਇਸ ਦੇ ਬਾਵਜੂਦ ਅਸੀਂ ਉਸ ਮਾਣ ਅਤੇ ਹੈਂਕੜ ਨਾਲ ਇਹ ਕਦੇ ਨਹੀਂ ਕਹਿੰਦੇ ਕਿ ਮੈਂ ਫਲਾਣੇ ਦਾ ਸਾਲਾ ਹਾਂ। ਜਿਵੇਂ ਅਸੀਂ ਇਹ ਕਹਿੰਦੇ ਹਾਂ ਕਿ ਮੈਂ ਫਲਾਣੇ ਦਾ ਭਣੋਈਆ ਹਾਂ।
ਕਲਰਕ ਯਾਨੀ ਕਿ ਬਾਬੂ ਪਾਤਸ਼ਾਹ ਦਾ ਜ਼ਿਕਰ ਵੀ ਇਸ ਪ੍ਰਸੰਗ ਵਿੱਚ ਕੀਤਾ ਜਾ ਸਕਦਾ ਹੈ। ਮਹਿੰਦਰਾ ਕਾਲਜ, ਪਟਿਆਲਾ ਵਿੱਚ ਮੈਂ ਕੁਝ ਸਮਾਂ ਸੁਪਰਡੈਂਟ ਦੇ ਅਹੁਦੇ ਉੱਤੇ ਕੰਮ ਕੀਤਾ ਸੀ। ਮੈਂ ਇੱਕ ਪ੍ਰੋਫੈਸਰ ਨੂੰ ਪ੍ਰਿੰਸੀਪਲ ਨਾਲ ਗੱਲ ਕਰਦੇ ਸੁਣਿਆ, ‘‘ਹੇਅਰ ਇਜ਼ ਏ ਸੁਪਰਡੈਂਟ ਹੂ ਇਜ਼ ਨਾਟ ਏ ਕਲਰਕ।” ਸਮਾਜ ਵਿੱਚ ਜਦੋਂ ਕਲਰਕ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ ਤਾਂ ਇੱਕ ਘਿਨਾਉਣਾ ਭਿ੍ਰਸ਼ਟ ਜਿਹਾ ਸਰਪ ਸਾਡੇ ਜ਼ਿਹਨ ਵਿੱਚ ਉਭਰ ਜਾਂਦਾ ਹੈ। ਇੱਕ ਬਦਨਾਮ ਕਿਰਦਾਰ ਵਾਲੇ ਖਲਨਾਇਕ ਕਿਸਮ ਦੇ ਵਿਅਕਤੀ ਦੀ ਛਵੀ ਸਾਡੇ ਸਾਹਮਣੇ ਉਭਰਨ ਲੱਗਦੀ ਹੈ। ਕਲਰਕ ਸਰਕਾਰੀ ਮਸ਼ੀਨਰੀ ਦਾ ਇੱਕ ਮਹੱਤਵ ਪੂਰਨ ਪੁਰਜ਼ਾ ਹੁੰਦਾ ਹੈ। ਇਹ ਉਹ ਵਿਅਕਤੀ ਹੁੰਦਾ ਹੈ, ਜੋ ਭਿ੍ਰਸ਼ਟ ਪ੍ਰਸ਼ਾਸਕੀ ਢਾਂਚੇ ਅਤੇ ਸੜੇ-ਬੁੱਸੇ ਰਾਜ ਤੰਤਰ ਦਾ ਰਿਕਾਰਡ ਫਾਈਲਾਂ ਦੇ ਰੂਪ ਵਿੱਚ ਸਾਂਭ ਕੇ ਰੱਖਦਾ ਹੈ, ਜਿਸ ਦੇ ਮੂੰਹ ਉੱਤੇ ਗੁਪਤਤਾ ਦਾ ਤਾਲਾ ਜੜਿਆ ਹੁੰਦਾ ਹੈ। ਕਲਰਕ ਕੇਵਲ ਫੁੱਲ ਨਹੀਂ, ਸਗੋਂ ਇਅਕ ਸਮਾਜਕ ਵਿਅਕਤੀ ਹੁੰਦਾ ਹੈ, ਜਿਸ ਦਾ ਜਨਮ ਘੁਟਾਲਿਆਂ-ਘਪਲਿਆਂ, ਚੋਰ-ਬਾਜ਼ਾਰੀ, ਰਿਸ਼ਵਤਖੋਰੀ, ਕੁਨਬਾ-ਪਰਵਰੀ ਅਨੈਤਿਕਤਾ ਤੇ ਅਨੁਸ਼ਾਸਨਹੀਣਤਾ ਦੀ ਧਰਤੀ ਵਿੱਚੋਂ ਹੋਇਆ ਹੁੰਦਾ ਹੈ। ਫਿਰ ਬਦਨਾਮੀ ਦਾ ਪਟਾ ਉਸ ਦੇ ਗਲ ਹੀ ਕਿਉਂ?
ਹਮ ਆਹ ਭੀ ਭਰਤੇ ਹੈਂ
ਤੋ ਹੋ ਜਾਦੇ ਹੈਂ ਬਦਨਾਮ
ਵੋਹ ਕਤਲ ਕਰ ਜਾਤੇ ਹੈਂ
ਤੋ ਚਰਚਾ ਨਹੀਂ ਹੋਤੀ।
ਇਸ ਮਿਸਾਲ ਦਾ ਮੰਤਵ ਕਿਸੇ ਬੁਰਾਈ ਦੀ ਵਕਾਲਤ ਕਰਨਾ ਹਰਗਿਜ਼ ਨਹੀਂ, ਸਗੋਂ ਹਰ ਬੁਰਾਈ ਨੂੰ ਭੰਡਣਾ ਹੈ, ਪਰ ਸਥਾਪਤ ਧਾਰਨਾਵਾਂ ਦੇ ਆਧਾਰ ਉੱਤੇ ਕਿਸੇ ਬਾਰੇ ਕੋਈ ਨਿਰਣਾ ਲੈ ਕੇ ਕਿਸੇ ਗੱਲ ਦਾ ਸਰਵੀਕਰਨ ਕਰ ਦੇਣਾ ਵੀ ਠੀਕ ਨਹੀਂ ਹੁੰਦਾ। ਜਿਵੇਂ ਚਿਹਰਾ ਕਿਸੇ ਵਿਅਕਤੀ ਦੇ ਮਨ ਦੀ ਗੱਲ ਦੱਸ ਦਿੰਦਾ ਹੈ, ਇੰਜ ਹੀ ਵਿਅਕਤੀ ਦੀ ਬੋਲ ਚਾਲ ਉਸ ਦੀ ਸ਼ਖਸੀਅਤ ਦਾ ਸ਼ੀਸ਼ਾ ਹੰੁਦੀ ਹੈ। ਸ਼ਕਲ ਵੇਖ ਕੇ ਸੂਰਤ ਹੀ ਦਿਸਦੀ ਹੈ, ਸੀਰਤ ਨਜ਼ਰ ਨਹੀਂ ਆਉਂਦੀ ਤੇ ਬੋਲ-ਚਾਲ ਨਾਲ ਕਿਸੇ ਵਿਅਕਤੀ ਦੀ ਸੀਰਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਸੰਸਕ੍ਰਿਤ ਦਾ ਇੱਕ ਸਲੋਕ ਹੈ :
ਮੂਰਖ ਸਭਾਯਾਮ ਤੱਤਰ ਸ਼ੋਭਤੇ
ਯੱਤਰ ਨਾ ਭਾਸ਼ਤੇ।
ਭਾਵ, ਸਿਆਣੇ ਅਤੇ ਸੂਝਵਾਨ ਵਿਅਕਤੀਆਂ ਦੀ ਸਭਾ ਵਿੱਚ ਬੈਠਿਆ ਮੂਰਖ ਵਿਅਕਤੀ ਉਦੋਂ ਤੱਕ ਹੀ ਸ਼ੋਭਾ ਦਿੰਦਾ ਹੈ, ਜਦੋਂ ਤੱਕ ਉਹ ਬੋਲਦਾ ਨਹੀਂ। ਤੁਹਾਡੀ ਜ਼ੁਬਾਨ ਵਿੱਚੋਂ ਨਿਕਲਿਆ ਸ਼ਬਦ ਕਮਾਨ ਤੋਂ ਨਿਕਲੇ ਤੀਰ ਵਾਂਗ ਹੁੰਦਾ ਹੈ। ਤਦੇਂ ਤਾਂ ਸਿਆਣੇ ਆਖਦੇ ਹਨ ਕਿ ‘ਪਹਿਲਾਂ ਤੋਲੋ, ਫਿਰ ਬੋਲੋ।’ ਬੋਲ-ਚਾਲ ਦੇ ਗੁਣ ਲਈ ਉਮਰ ਦਾ ਕੋਈ ਪੈਮਾਨਾ ਨਹੀਂ ਹੁੰਦਾ। ਨੌਜਵਾਨ ਸੁਆਮੀ ਵਿਵੇਕਾਨੰਦ ਨੇ ਇੱਕ ਸਭਾ ਵਿੱਚ ਸ਼ੁਰੂਆਤੀ ਸ਼ਬਦਾਂ ਨਾਲ ਹੀ ਵਿਦਵਾਨ ਸਰੋਤਿਆਂ ਨੂੰ ਕੀਲ ਦਿੱਤਾ ਸੀ। ਰਸੂਲ ਹਮਜ਼ਾਤੋਵ ਨੇ ਆਪਣੀ ਪੁਸਤਕ ਵਿੱਚ ਲਿਖਿਆ ਹੈ : ‘‘ਇੱਕ ਬੱਚਾ ਤਿੰਨ ਸਾਲਾਂ ਦੇ ਅੰਦਰ-ਅੰਦਰ ਬੋਲਣਾ ਸਿੱਖ ਜਾਂਦਾ ਹੈ, ਪਰ ਬੋਲਣ ਦੀ ਸਹੀ ਜਾਚ ਕਈ ਵਿਅਕਤੀਆਂ ਨੂੰ ਸੱਠ ਸਾਲ ਤੱਕ ਨਹੀਂ ਆਉਂਦੀ।” ਬਹੁਤਾ ਬੋਲਣਾ ਅਤੇ ਉਚੀ ਬੋਲਣਾ ਅੰਦਰੋਂ ਖੋਖਲੇਪਣ ਦੀ ਨਿਸ਼ਾਨੀ ਸਮਝੀ ਜਾਂਦੀ ਹੈ। ਅਖਾਉਤ ਵੀ ਹੈ :
ਥੋਥਾ ਚਨਾ, ਬਾਜੇ ਘਨਾ।
ਇਸ ਲਈ ਸੌ ਗਜ਼ ਰੱਸਾ ਸਿਰੇ ਉੱਤੇ ਗੰਢ। ਜੇ ਤੁਸੀਂ ਕਿਸੇ ਗੱਲ ਦਾ ਗਿਆਨ ਨਹੀਂ ਰੱਖਦੇ ਤਾਂ ਸਿਰਫ ਬੋਲਣ ਲਈ ਕਦੇ ਨਾ ਬੋਲੋ। ਅਜਿਹੇ ਮੌਕੇ ਚੁੱਪ ਰਹਿਣ ਵਿੱਚ ਸਿਆਣਪ ਹੈ। ਘੱਟੋ ਘੱਟ ਤੁਹਾਡੇ ਬਾਰੇ ਲੋਕਾਂ ਨੂੰ ਭਰਮ ਬਣਿਆ ਰਹੇਗਾ।