ਗ੍ਰੀਨਬੈਲਟ ਦੀ ਪੂਰੀ ਹਿਫਾਜ਼ਤ ਕੀਤੀ ਜਾਵੇਗੀ : ਫੋਰਡ


ਓਨਟਾਰੀਓ, 2 ਮਈ (ਪੋਸਟ ਬਿਊਰੋ) : ਪੀਸੀ ਪਾਰਟੀ ਦੇ ਆਗੂ ਡੱਗ ਫੋਰਡ ਨੇ ਬੁੱਧਵਾਰ ਦੁਪਹਿਰ ਨੂੰ ਇਹ ਐਲਾਨ ਕੀਤਾ ਕਿ ਓਨਟਾਰੀਓ ਵਾਸੀਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਉਨ੍ਹਾਂ ਇਹ ਫੈਸਲਾ ਕੀਤਾ ਹੈ ਕਿ ਓਨਟਾਰੀਓ ਦੀ ਪੀਸੀ ਸਰਕਾਰ ਵੱਲੋਂ ਗ੍ਰੀਨਬੈਲਟ ਨੂੰ ਬਰਕਰਾਰ ਰੱਖਿਆ ਜਾਵੇਗਾ।
ਫੋਰਡ ਨੇ ਆਖਿਆ ਕਿ ਉਨ੍ਹਾਂ ਕਿਫਾਇਤੀ ਘਰ ਉਸਾਰਨ ਲਈ ਇਸ ਦੀ ਵਰਤੋਂ ਕਰਨ ਬਾਰੇ ਸੋਚਿਆ ਸੀ ਪਰ ਬਹੁਤ ਸਾਰੇ ਲੋਕਾਂ ਨੂੰ ਇਸ ਉੱਤੇ ਇਤਰਾਜ਼ ਸੀ ਤੇ ਉਹ ਨਹੀਂ ਸੀ ਚਾਹੁੰਦੇ ਕਿ ਗ੍ਰੀਨਬੈਲਟ ਨੂੰ ਛੇੜਿਆ ਜਾਵੇ। ਉਨ੍ਹਾਂ ਆਖਿਆ ਕਿ ਉਹ ਲੋਕਾਂ ਦੀ ਆਵਾਜ਼ ਨੂੰ ਮੁੱਖ ਰੱਖਕੇ ਸਰਕਾਰ ਚਲਾਉਣਗੇ ਨਾ ਕਿ ਉਨ੍ਹਾਂ ਦੀ ਸਰਕਾਰ ਬਣਨ ਪਿੱਛੋਂ ਮਨਮਰਜ਼ੀਆਂ ਕਰਨਗੇ।
ਉਨ੍ਹਾਂ ਆਖਿਆ ਕਿ ਲੋਕਾਂ ਨੇ ਆਖਿਆ ਕਿ ਗ੍ਰੀਨਬੈਲਟ ਨੂੰ ਨਹੀਂ ਛੇੜਨਾ ਚਾਹੀਦਾ ਤਾਂ ਅਸੀਂ ਅਜਿਹਾ ਨਹੀਂ ਕਰਾਂਗੇ। ਅਸੀਂ ਲੋਕਾਂ ਦੀ ਹਰ ਗੱਲ ਸੁਣਾਂਗੇ। ਓਨਟਾਰੀਓ ਪੀਸੀ ਪਾਰਟੀ ਦੇ ਪਲੇਟਫਾਰਮ ਵਿੱਚ ਹੁਣ ਇਹ ਲਿਖਵਾਇਆ ਜਾਵੇਗਾ ਕਿ ਜੀਟੀਏ ਵਿੱਚ ਕਿਫਾਇਤੀ ਘਰਾਂ ਦੀ ਸਪਲਾਈ ਵਿੱਚ ਵਾਧਾ ਕੀਤਾ ਜਾਵੇਗਾ ਪਰ ਇਸ ਦੇ ਨਾਲ ਹੀ ਗ੍ਰੀਨਬੈਲਟ ਦੀ ਹਿਫਾਜ਼ਤ ਵੀ ਕੀਤੀ ਜਾਵੇਗੀ।