ਗ੍ਰਿਫਤਾਰ ਅੱਤਵਾਦੀ ਬੋਲਿਆ: ਮੈਨੂੰ ਤਾਂ ਨਵੀਂ ਜ਼ਿੰਦਗੀ ਫੌਜ ਨੇ ਦਿੱਤੀ ਹੈ


ਸ੍ਰੀਨਗਰ, 11 ਮਈ (ਪੋਸਟ ਬਿਊਰੋ)- ਜੰਮੂ-ਕਸ਼ਮੀਰ ਦੇ ਬਾਰਾਮੂਲਾ ਵਿਖੇ ਹੋਏ ਅੱਤਵਾਦੀ ਹਮਲੇ ਮੌਕੇ ਗ੍ਰਿਫਤਾਰ ਕੀਤੇ ਗਏ ਇੱਕ ਅੱਤਵਾਦੀ ਨੇ ਕੱਟੜਪੰਥੀਆਂ ਨੂੰ ਹਿੰਸਾ ਦਾ ਰਾਹ ਛੱਡਣ ਦੀ ਅਪੀਲ ਕੀਤੀ ਹੈ। ਉਸ ਨੇ ਆਪਣੇ ਸਾਥੀਆਂ ਨੂੰ ਇਹ ਬੇਨਤੀ ਇੱਕ ਵੀਡੀਓ ਵਿੱਚ ਕੀਤੀ ਹੈ, ਜੋ ਵਾਇਰਲ ਹੋ ਗਿਆ ਹੈ।
ਅੱਤਵਾਦੀ ਨੇ ਦੋ ਮਿੰਟ ਦੇ ਇਸ ਵੀਡੀਓ ਵਿੱਚ ਕਿਹਾ ਹੈ ਕਿ ਮੇਰਾ ਨਾਂਅ ਜੇਜਾ ਅਹਿਮਦ ਗੋਜਰੀ ਹੈ। ਮੈਂ ਆਪਣੇ ਪਰਵਾਰ ਨੂੰ ਛੱਡ ਕੇ ਗਲਤ ਰਾਹ ਉੱਤੇ ਤੁਰ ਪਿਆ ਸੀ। ਮੈਂ ਜੰਗਲਾਂ ਵਿੱਚ ਰਹਿੰਦੇ ਆਪਣੇ ਦੋਸਤਾਂ ਸੁਹੇਬ ਅਖੂਨ, ਮੋਹਸਿਨ ਮੁਸ਼ਤਾਕ ਭੱਟ ਅਤੇ ਨਾਸਿਰ ਅਮੀਨ ਨੂੰ ਘਰ ਪਰਤਣ ਦੀ ਬੇਨਤੀ ਕਰਦਾ ਹਾਂ। ਮੈਂ ਨਾਸਿਰ ਨੂੰ ਇਹ ਵੀ ਬੇਨਤੀ ਕਰਦਾ ਹਾਂ ਕਿ ਉਹ ਵਾਪਸ ਆ ਜਾਵੇ, ਕਿਉਂਕਿ ਉਸ ਦੀ ਮਾਂ ਬਹੁਤ ਬਿਮਾਰ ਹੈ। ਵੀਡੀਓ ਵਿੱਚ ਗੋਜਰੀ ਇਹ ਵੀ ਕਹਿੰਦਾ ਵਿਖਾਇਆ ਗਿਆ ਹੈ ਕਿ ਅਸੀਂ ਫੌਜੀ ਜਵਾਨਾਂ ‘ਤੇ ਗੋਲੀਆਂ ਚਲਾਈਆਂ, ਪਰ ਉਨ੍ਹਾਂ ਸਾਡੇ ਉੱਤੇ ਗੋਲੀਆਂ ਨਹੀਂ ਚਲਾਈਆਂ। ਮੈਂ ਮੌਕੇ ਤੋਂ ਭੱਜ ਕੇ ਜੰਗਲਾਂ ਵਿੱਚ ਲੁਕ ਗਿਆ, ਪਰ ਫੌਜ ਨੇ ਮੈਨੂੰ ਲੱਭ ਲਿਆ ਤੇ ਮੈਨੂੰ ਮਾਰਨ ਦੀ ਥਾਂ ਗ੍ਰਿਫਤਾਰ ਕਰ ਕੇ ਨਵੀਂ ਜ਼ਿੰਦਗੀ ਪ੍ਰਦਾਨ ਕੀਤੀ। ਗੋਜਰੀ ਨੇ ਕਿਹਾ ਕਿ ਸਾਡੇ ਆਗੂ ਪਾਕਿਸਤਾਨ ਵਿੱਚ ਬੈਠੇ ਨੇਤਾ ਭਾਰਤੀ ਫੌਜ ਬਾਰੇ ਸਾਨੂੰ ਗਲਤ ਜਾਣਕਾਰੀ ਦਿੰਦੇ ਅਤੇ ਲਗਾਤਾਰ ਗੁੰਮਰਾਹ ਕਰਦੇ ਰਹਿੰਦੇ ਹਨ।
ਉਕਤ ਵੀਡੀਓ ਉਸ ਦੇ ਫੌਜ ਦੇ ਹਿਰਾਸਤ ਵਿੱਚ ਹੁੰਦਿਆਂ ਤੋਂ ਸ਼ੂਟ ਕੀਤਾ ਗਿਆ ਹੈ।
ਓਧਰ ਇਸਲਾਮਾਬਾਦ ਵਿੱਚ ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ ‘ਚ ਅੱਤਵਾਦੀਆਂ ਨੇ ਕੁੜੀਆਂ ਦੇ ਦੋ ਸਕੂਲਾਂ ਨੂੰ ਨਿਸ਼ਾਨਾ ਬਣਾ ਕੇ ਧਮਾਕਾ ਕੀਤਾ ਤੇ ਲੜਕੀਆਂ ਨੂੰ ਸਕੂਲ ਨਾ ਭੇਜਣ ਲਈ ਧਮਕੀ ਭਰੇ ਪਰਚੇ ਵੰਡੇ। ਅਖਬਾਰ ਡਾਨ ਦੀ ਇੱਕ ਰਿਪੋਰਟ ਅਨੁਸਾਰ ਸਥਾਨਕ ਵਾਸੀਆਂ ਨੇ ਕਿਹਾ ਕਿ ਮਿਰਾਲੀ ਤਹਿਸੀਲ ਦੇ ਇਲਾਕੇ ਵਿਚਲੇ ਪਿੰਡ ਹਸੋਖੇਲ ‘ਚ ਕੱਲ੍ਹ ਰਾਤ ਲੜਕੀਆਂ ਦੇ ਇੱਕ ਮਿਡਲ ਸਕੂਲ ਦੀ ਕੰਧ ਨੇੜੇ ਧਮਾਕਾ ਕੀਤਾ। ਇਸੇ ਤਹਿਸੀਲ ਵਿੱਚ ਇੱਕ ਹੋਰ ਮਿਡਲ ਸਕੂਲ ਨੂੰ ਨਿਸ਼ਾਨਾ ਬਣਾ ਕੇ ਧਮਾਕਾ ਕੀਤਾ ਗਿਆ। ਧਮਾਕੇ ਵਿੱਚ ਸਕੂਲ ਦੀ ਮੁੱਖ ਇਮਾਰਤ ਨੂੰ ਕਾਫੀ ਨੁਕਸਾਨ ਪੁੱਜਾ ਹੈ।