ਗ੍ਰਹਿ ਚਾਲ

-ਪ੍ਰੀਤਮਾ ਦੋਮੇਲ
ਜ਼ਿਲ੍ਹੇ ਦੇ ਉਸ ਪੁਰਾਣੇ ਜਿਹੇ ਹਸਪਤਾਲ ਵਿੱਚ ਇਸ ਵੇਲੇ ਸ਼ਾਂਤੀ ਹੈ। ਇੱਕ ਅਜੀਬ ਜਿਹੀ ਥੱਕੀ ਹੋਈ ਖਾਮੋਸ਼ੀ ਹੈ। ਵੈਸੇ ਤਾਂ ਕਹਿੰਦੇ ਨੇ ਰੇਲਵੇ ਸਟੇਸ਼ਨਾਂ ਅਤੇ ਬਸ ਅੱਡਿਆਂ ਤੇ ਹਸਪਤਾਲਾਂ ਵਿੱਚ ਕਦੇ ਵੀ ਖਾਮੋਸ਼ੀ ਨਹੀਂ ਹੁੰਦੀ, ਇਹ ਸਥਾਨ ਅਜਿਹੇ ਹਨ, ਜੋ ਕਦੇ ਨਹੀਂ ਸੌਂਦੇ, ਪਰ ਪਤਾ ਨਹੀਂ ਕਿਉਂ ਇਹ ਹਸਪਤਾਲ ਅੱਜ ਸੌਂ ਗਿਆ ਹੈ ਜਾਂ ਰਵਿੰਦਰ ਲਈ ਇਸ ਸੰਸਾਰ ਦੇ ਜਾਗਣ ਦੇ, ਸੌਣ ਦੇ, ਹੱਸਣ ਤੇ ਰੋਣ ਦੇ ਤੇ ਜੀਣ ਦੇ ਸਾਰੇ ਅਹਿਸਾਸ ਸੌਂ ਗਏ ਹਨ। ਉਹ ਖੁਦ ਜਾਗ ਰਿਹਾ ਹੈ ਪੂਰੀ ਤਰ੍ਹਾਂ, ਇਸ ਵੇਲੇ ਬੜਾ ਤੜਕਾ ਹੋ ਗਿਆ ਹੈ। ਥੋੜ੍ਹੀ ਦੇਰ ਬਾਅਦ ਗੁਰਦੁਆਰਿਆਂ ਤੇ ਮੰਦਰਾਂ, ਮਸੀਤਾਂ ਦੇ ਭਾਈ ਜੀ, ਪੁਜਾਰੀ ਤੇ ਮੁੱਲਾ ਜਾਗ ਪੈਣਗੇ। ਕੰਮਾਂ ‘ਤੇ ਜਾਣ ਵਾਲੇ ਲੋਕ ਤੇ ਸੁੱਤੀਆਂ ਹੋਈਆਂ ਸੁਆਣੀਆਂ ਚਾਹ ਬਣਾਉਣ ਲਈ ਉਠ ਜਾਣਗੀਆਂ। ਰਵਿੰਦਰ ਦਾ ਜੀਅ ਕੀਤਾ ਕਿ ਉਹ ਉਠ ਕੇ ਬਾਹਰ ਚਲਾ ਜਾਵੇ ਤੇ ਉਨ੍ਹਾਂ ਗ੍ਰਹਿਆਂ ਨੂੰ ਦੇਖੇ ਜਿਨ੍ਹਾਂ ਦਾ ਜ਼ਿਕਰ ਅੱਜ ਕੱਲ ਸਭ ਪਾਸੇ ਹੋ ਰਿਹਾ ਹੈ। ਉਹ ਅਦਭੁਤ ਪੰਜ ਗ੍ਰਹਿ ਸ਼ੁਕਰ, ਸ਼ਨੀ, ਮੰਗਲ, ਬੁੱਧ ਤੇ ਬ੍ਰਹਿਸਪਤ। ਭਾਵੇਂ ਇਹ ਗ੍ਰਹਿ ਤਾਂ ਸਦੀਆਂ ਤੋਂ ਉਥੇ ਹੀ ਖੜੇ ਹਨ, ਜਿੱਥੇ ਕੁਦਰਤ ਨੇ ਇਨ੍ਹਾਂ ਦਾ ਥਾਂ ਨੀਯਤ ਕਰ ਦਿੱਤਾ ਹੈ, ਪਰ ਇਸ ਸੰਸਾਰ ਦੇ ਵਾਸੀਆਂ ਨੂੰ ਦਰਸ਼ਨ ਦੇਣ ਲਈ ਅੱਜਕੱਲ੍ਹ ਇਹ ਆਕਾਸ਼ ‘ਤੇ ਇੱਕ ਲਾਈਨ ਵਿੱਚ ਪਤਾ ਨਹੀਂ ਕਿਵੇਂ ਆ ਕੇ ਖਲੋ ਗਏ ਹ। ਉਹ ਉਠ ਨਹੀਂ ਸਕਦਾ। ਉਸ ਦੀ ਬਾਂਹ ‘ਤੇ ਗੁਲੂਕੋਜ਼ ਲੱਗਿਆ ਹੋਇਆ ਹੈ।
ਬੀਤੇ ਪਿਛਲੇ ਸੱਤ ਅੱਠ ਘੰਟਿਆਂ ਵਿੱਚ ਉਸ ਨਾਲ ਕਿੰਨਾ ਕੁਝ ਵਾਪਰ ਗਿਆ ਹੈ। ਪੁਲਸ ਵਾਲੇ, ਡਾਕਟਰ, ਪਿੰਡ ਦੇ ਲੋਕ ਤੇ ਉਸ ਦੇ ਆਪਣੇ ਰਿਸ਼ਤੇਦਾਰ ਇੱਕੋ ਸਵਾਲ ਵਾਰ ਵਾਰ ਉਸ ਤੋਂ ਪੁੱਛਦੇ ਰਹੇ ਹਨ, ‘ਆਖਰ ਤੂੰ ਅਜਿਹਾ ਕੀਤਾ ਕਿਉਂ’, ਪਰ ਉਹ ਕੁਝ ਕਹਿ ਹੀ ਨਹੀਂ ਸਕਿਆ, ਕਹਿਣ ਲਈ ਅਸਲ ਵਿੱਚ ਉਸ ਕੋਲ ਕੁਝ ਹੈ ਈ ਨਹੀਂ। ਕੋਈ ਅਜਿਹੀ ਠੋਸ ਵਜ੍ਹਾ ਜੋ ਉਹ ਜਾਨਣਾ ਚਾਹੁੰਦੇ ਸਨ, ਉਸ ਕੋਲ ਨਹੀਂ ਸੀ। ਉਹ ਪੁੱਛਦੇ ਪਏ ਸਨ, ਯਾਦ ਕਰ ਕੱਲ੍ਹ ਤੇਰੇ ਨਾਲ ਕੀ ਹੋਇਆ ਸੀ, ਕਿਸੇ ਨਾਲ ਲੜਿਆ ਹੋਵੇਂ, ਬੀਵੀ ਨਾਲ ਕੋਈ ਮਨ-ਮੁਟਾਵ, ਕਿਸੇ ਤੈਨੂੰ ਧੋਖਾ ਦਿੱਤਾ ਹੋਵੇ, ਦੂਰੋਂ ਪਾਰੋਂ ਕੋਈ ਭੈੜੀ ਖਬਰ ਮਿਲੀ ਹੋਵੇ, ਪਰ ਉਹ ਉਨ੍ਹਾਂ ਨੂੰ ਕੀ ਦੱਸੇ। ਕੱਲ੍ਹ ਅਜਿਹਾ ਕੁਝ ਵੀ ਨਹੀਂ ਸੀ ਹੋਇਆ। ਕੱਲ੍ਹ ਉਹ ਸਾਰੇ ਜਣੇ ਸ਼ਹਿਰ ਗਏ ਸਨ। ਉਸ ਦੇ ਗੁਆਂਢੀ ਤਾਏ ਨੇ ਪਸ਼ੂਆਂ ਦੀ ਮੰਡੀ ਵਿੱਚ ਦੋ-ਤਿੰਨ ਪਸ਼ੂ ਵੇਚਣੇ ਤੇ ਕੁਝ ਬਲਦ ਖਰੀਦਣੇ ਸਨ। ਖਰੀਦੋ-ਫਰੋਖਤ ਲਈ ਕੋਈ ਲਿਖਣ ਵਾਲਾ ਚਾਹੀਦਾ ਸੀ। ਇੱਕ ਪਸ਼ੂ ਦੀ ਲਿਖਤ ‘ਤੇ ਢਾਈ ਸੌ ਰੁਪਏ ਦੇਣੇ ਪੈਂਦੇ ਹਨ। ਸੋ ਤਾਇਆ ਆਪਣੇ ਇੱਕ ਹਜ਼ਾਰ ਰੁਪਏ ਬਚਾਉਣ ਲਈ ਉਸ ਨੂੰ ਨਾਲ ਲੈ ਗਿਆ ਸੀ। ਸਭ ਕੁਝ ਠੀਕ ਠਾਕ ਨਿਬੜ ਗਿਆ।
ਸ਼ਾਮ ਪਈ ਉਹ ਘਰ ਲਈ ਤੁਰ ਪਏ। ਗੁਆਂਢੀ ਤਾਏ ਨੇ ਸੌਦੇ ਤੋਂ ਖੁਸ਼ ਹੋ ਕੇ ਇੱਕ ਅਧੀਆ ਉਨ੍ਹਾਂ ਨੂੰ ਦਾਰੂ ਦਾ ਖਰੀਦ ਦਿੱਤਾ। ਪੀਣ ਵਾਲੇ ਕਈ ਸਨ, ਪੈੱਗ ਪੈੱਗ ਮਸੀਂ ਮਿਲਿਆ। ਅੱਗੇ ਪੁਲ ਸੀ, ਤਾਏ ਦਾ ਮੁੰਡਾ ਬੋਲਿਆ, ‘ਯਾਰ, ਕੁਸ਼ ਮਜ਼ਾ ਨਹੀਂ ਆਇਆ। ਤੂੰ ਇੰਝ ਕਰ, ਇਨ੍ਹਾਂ ਨਾਲ ਵਾਲਿਆਂ ਤੋਂ ਪਿੱਛਾ ਛੁਡਾ, ਮੈਂ ਪੁਲ ਤੋਂ ਅਧੀਆ ਲੈ ਆਉਂਦਾ ਹਾਂ, ਨਹਿਰ ਤੋਂ ਪਰਲੇ ਪਾਸੇ ਬੈਠ ਕੇ ਪੀਵਾਂਗੇ।’ ਕਹਿ ਕੇ ਉਹ ਪੁਲ ਵੱਲ ਨੂੰ ਚਲਾ ਗਿਆ। ਰਵਿੰਦਰ ਨੇ ਟਰੈਕਟਰ ਉੱਤੇ ਬੈਠੇ ਆਪਣੇ ਸਾਥੀਆਂ ਨੂੰ ਕੋਈ ਉਰਲਾ-ਪਰਲਾ ਬਹਾਨਾ ਬਣਾ ਕੇ ਪਿੰਡ ਨੂੰ ਭੇਜ ਦਿੱਤਾ ਤੇ ਉਹ ਦੋਵੇਂ ਜਣੇ ਨਹਿਰ ਦੇ ਕੰਢੇ ਬੈਠ ਕੇ ਪੀਣ ਲੱਗ ਪਏ। ਗਰਮੀ ਭਾਵੇਂ ਕਾਫੀ ਪੈਣ ਲੱਗ ਪਈ ਸੀ, ਪਰ ਨਹਿਰ ਦੇ ਕੰਢੇ ਪਾਣੀ ਦੀ ਠੰਢਕ ਕਰ ਕੇ ਬੈਠਣਾ ਬੜਾ ਸੁਖਾਵਾਂ ਲੱਗਦਾ ਸੀ। ਉਹ ਪੁਲ ਦੀਆਂ ਦੁਕਾਨਾਂ ਤੋਂ ਮੇਥੀ ਤੇ ਗੱਠਿਆਂ ਵਾਲੇ ਪਕੌੜੇ ਵੀ ਲੈ ਆਇਆ। ਉਹ ਦਾਰੂ ਪੀਂਦੇ ਰਹੇ, ਹੱਸਦੇ ਹੱਸਦੇ ਪਕੌੜੇ ਖਾਂਦੇ ਰਹੇ ਤੇ ਨਹਿਰ ਦੀਆਂ ਲਹਿਰਾਂ ਦਾ ਆਨੰਦ ਮਾਣਦੇ ਰਹੇ। ਹਨੇਰਾ ਪਏ ਉਹ ਘਰ ਨੂੰ ਚਲੇ ਗਏ। ਉਸ ਦੀ ਪਤਨੀ ਦਿਲਰਾਜ ਕੌਰ ਨੇ ਰੋਟੀ ਪਕਾਈ ਹੋਈ ਸੀ। ਥਾਲੀ ਵਿੱਚ ਰੋਟੀ ਪਾ ਕੇ ਉਸ ਨੇ ਉਸ ਦੇ ਅੱਗੇ ਰੱਖ ਦਿੱਤੀ। ਬੱਚਾ ਉਨ੍ਹਾਂ ਦਾ ਕੋਈ ਹੈ ਨਹੀਂ ਸੀ, ਹੋਇਆ ਹੀ ਨਹੀਂ। ਏਸ ਕਰ ਕੇ ਹੋਰ ਕੋਈ ਗੱਲਬਾਤ ਨਹੀਂ ਹੋਈ। ਰਾਜ ਨੇ ਬਾਹਰ ਬਰਾਂਡੇ ਵਿੱਚ ਮੰਜਾ ਡਾਹ ਲਿਆ ਤੇ ਉਹ ਆਪ ਅੰਦਰ ਡਬਲ ਬੈੱਡ ‘ਤੇ ਜਾ ਕੇ ਪੈ ਗਿਆ। ਉਹ ਰਸੋਈ ਤੋਂ ਪਾਣੀ ਲੈਣ ਗਿਆ, ਰਾਜ ਪਾਸੇ ਪਰਤ ਰਹੀ ਸੀ। ਉਸ ਨੂੰ ਅਜੀਬ ਲੱਗਿਆ ਰਾਜ ਬਾਹਰ ਇਕੱਲੀ ਕਿਉਂ ਪੈ ਗਈ। ‘ਏਨੀ ਗਰਮੀ ਵਿੱਚ ਤੂੰ ਬਾਹਰ ਕਿਉਂ ਪੈ ਗਈ?” ਉਸ ਨੇ ਰਾਜ ਦੇ ਮੰਜੇ ਕੋਲ ਰੁਕ ਕੇ ਪੁੱਛਿਆ।
‘ਬੱਸ ਐਵੇਂ ਹੀ ਅੰਦਰ ਜੀਅ ਜਿਹਾ ਘਬਰਾਉਂਦਾ ਸੀ।’ ਉਸ ਨੇ ਮੱਛਰਾਂ ਤੋਂ ਬਚਣ ਲਈ ਚੁੰਨੀ ਨਾਲ ਆਪਣਾ ਸਿਰ ਮੂੰਹ ਢੱਕ ਲਿਆ ਸੀ। ਉਸ ਦੇ ਸਿਰ ਵਾਲੇ ਪਾਸੇ ਦੀ ਕੰਧ ਵਿੱਚ ਬਣੇ ਆਲੇ ਵਿੱਚ ਇੱਕ ਛੋਟੀ ਜਿਹੀ ਸ਼ੀਸ਼ੀ ਵਿੱਚ ਸਲਫਾਸ ਦੀਆਂ ਗੋਲੀਆਂ ਪਈਆਂ ਸਨ। ਕਣਕ ਵਿੱਚ ਪਾਉਣ ਲਈ ਲਿਆਂਦੀਆਂ ਸਨ, ਬਚੀਆਂ ਹੋਈਆਂ ਪਈਆਂ ਸਨ। ਉਸ ਨੇ ਜਿਵੇਂ ਹਜ਼ਾਰਾਂ ਕੋਹਾਂ ਦਾ ਸਫਰ ਤੈਅ ਕਰ ਲਿਆ। ਰਾਜ ਦਾ ਭਰ ਜਵਾਨੀ ਦੀ ਉਮਰ ਵਿੱਚ ਇਸ ਤਰ੍ਹਾਂ ਇਕੱਲਿਆਂ ਮੂੰਹ ਫੇਰ ਕੇ ਬਰਾਂਡੇ ਵਿੱਚ ਸੌਣਾ ਉਸ ਦੀ ਪੂਰੀ ਜ਼ਿੰਦਗੀ ਦੀ ਨਿਰਾਸ਼ਾ ਦੀ ਕਹਾਣੀ ਕਹਿ ਗਿਆ।
ਰਵਿੰਦਰ ਨੂੰ ਲੱਗਿਆ, ਜੇ ਉਸ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਜਾਨ ਦੇ ਦਿੱਤੀ, ਫਿਰ ਉਸ ਦਾ ਕੀ ਬਣੇਗਾ। ਉਸ ਤੋਂ ਬਿਨਾਂ ਉਸ ਦਾ ਕੋਈ ਹੋਰ ਹੈ ਵੀ ਨਹੀਂ, ਮਰਨ ਲੱਗਿਆਂ ਉਸ ਨੇ ਤਾਂ ਇਹ ਬਿਲਕੁਲ ਨਹੀਂ ਸੋਚਣਾ, ਉਹ ਕਿਹੜੀ ਬਹੁਤੀ ਪੜ੍ਹੀ ਲਿਖੀ ਹੈ, ਜੋ ਕਿਸੇ ਤਰਕ ਤੋਂ ਕੰਮ ਲਵੇਗੀ। ਜੇ ਉਹ ਮਰ ਗਈ ਫਿਰ ਉਸ ਦਾ ਕੀ ਬਣੇਗਾ, ਉਹ ਜੀ ਕੇ ਕੀ ਕਰੇਗਾ, ਰੁਲਦਾ ਰਹੇਗਾ, ਕਿਸੇ ਨੇ ਰੋਟੀ ਪਾਣੀ ਵੀ ਨਹੀਂ ਪੁੱਛਣਾ। ਇਹੀ ਸੋਚਦਿਆਂ ਪਤਾ ਨਹੀਂ ਉਸ ਦੇ ਮਨ ਵਿੱਚ ਕੀ ਆਈ ਕਿ ਉਸ ਨੇ ਸ਼ੀਸ਼ੀ ਵਿੱਚੋਂ ਅੱਧੀਆਂ ਗੋਲੀਆਂ ਕੱਢ ਕੇ ਪਾਣੀ ਨਾਲ ਖਾ ਲਈਆਂ। ਅਗਲੇ ਪਲ ਜਿਵੇਂ ਦੂਰ ਤੱਕ ਉਸ ਦੇ ਅੰਦਰ ਕੋਈ ਚਾਕੂ ਨਾਲ ਉਸ ਦੀਆਂ ਅੰਤੜੀਆਂ ਨੂੰ ਚੀਰਦਾ ਚਲਾ ਗਿਆ। ਫਿਰ ਇੱਕ ਤਕੜੀ ਉਲਟੀ ਆਈ ਤੇ ਫਿਰ ਇੱਕ ਹੋਰ ਤੇ ਕਈ ਹੋਰ। ਬਾਅਦ ਵਿੱਚ ਉਸ ਨੂੰ ਕੋਈ ਪਤਾ ਨਹੀਂ ਕੀ ਹੋਇਆ। ਹੋਸ਼ ਆਈ ਤਾਂ ਉਹ ਹਸਪਤਾਲ ਦੇ ਲਾਲ ਕੰਬਲਾਂ ਵਿੱਚ ਪਿਆ ਸੀ ਤੇ ਬਾਂਹ ‘ਤੇ ਗੁਲੂਕੋਜ਼ ਦੀ ਸੂਈ ਲੱਗੀ ਹੋਈ ਸੀ।
ਸਵੇਰ ਦਾ ਕੂਲਾ ਤੇ ਠੰਢਾ ਠੰਢਾ ਸੁਰਮਈ ਰੰਗ ਦਾ ਉਜਾਲਾ ਬਾਹਰ ਵੱਲ ਖੁੱਲ੍ਹਦੀ ਖਿੜਕੀ ‘ਚੋਂ ਜਿਵੇਂ ਬੂੰਦ ਬੂੰਦ ਕਰ ਕੇ ਅੰਦਰ ਆ ਰਿਹਾ ਸੀ। ਆਕਾਸ਼ ਦੀ ਟਾਕੀ ‘ਚੋਂ ਮੁੱਠ ਕੁ ਤਾਰੇ ਉਸ ਨੂੰ ਦਿਖ ਰਹੇ ਸਨ, ਪਰ ਉਹ ਉਨ੍ਹਾਂ ਪੰਜਾਂ ਤਾਰਿਆਂ ਨੂੰ ਦੇਖਣਾ ਚਾਹੁੰਦਾ ਸੀ। ਉਸ ਨੂੰ ਹਰ ਚੀਜ਼ ਹੀ ਸੋਹਣੀ ਲੱਗ ਰਹੀ ਸੀ, ਕਿਉਂਕਿ ਉਨ੍ਹਾਂ ਨੂੰ ਦੇਖਣ ਲਈ ਉਹ ਜ਼ਿੰਦਾ ਸੀ। ਇਸ ਵੇਲੇ ਜਦ ਗੁਲੂਕੋਜ਼ ਲੱਗਣ ਕਰ ਕੇ ਉਹ ਹਸਪਤਾਲ ਦੇ ਬੈੱਡ ਦਾ ਕੈਦੀ ਬਣਿਆ ਪਿਆ ਸੀ, ਉਹ ਸੋਚਣ ਲੱਗ ਪਿਆ, ਮੇਰੀ ਬੀਵੀ ਇਸ ਵੇਲੇ ਮੇਰੇ ਕੋਲ ਕਿਉਂ ਨਹੀਂ, ਉਸ ਨੂੰ ਇਥੇ ਮੇਰੇ ਕੋਲ ਹੋਣਾ ਚਾਹੀਦਾ ਸੀ। ਉਸ ਤੋਂ ਵੱਧ ਨੇੜੇ ਮੇਰਾ ਹੋਰ ਕੌਣ ਹੈ। ਸ਼ਾਇਦ ਉਸ ਨੂੰ ਰਾਤ ਭਰ ਜਾਗਣ ਕਰ ਕੇ ਡਾਕਟਰਾਂ ਨੇ ਸੌਣ ਲਈ ਦੂਜੇ ਕਮਰੇ ਵਿੱਚ ਭੇਜ ਦਿੱਤਾ ਹੋਵੇ। ਆਖਰ ਸਾਰਾ ਕੁਝ ਉਸ ਨੇ ਝੱਲਿਆ ਹੈ। ਮੈਂ ਬੇਹੋਸ਼ੀ ਕਰ ਕੇ ਪੂਰੀ ਤਰ੍ਹਾਂ ਬੇਖਬਰ ਸਾਂ। ਏਨੇ ਵਿੱਚ ਸਾਂਵਲੀ ਜਿਹੀ ਨਰਸ ਅੰਦਰ ਆਈ, ਉਹ ਦੱਖਣ ਭਾਰਤ ਦੀ ਜਾਪਦੀ ਸੀ। ਉਸ ਨੇ ਆਪਣੇ ਚਿੱਟੇ ਕੋਟ ਦੀ ਜੇਬ ‘ਚੋਂ ਥਰਮਾਮੀਟਰ ਕੱਢ ਕੇ ਰਵਿੰਦਰ ਦੀ ਬਾਂਹ ਦੇ ਥੱਲੇ ਰੱਖ ਦਿੱਤਾ ਤੇ ਉਸ ਦੀ ਸੱਜੀ ਬਾਂਹ ਦੀ ਕਲਾਈ ਉੱਤੇ ਆਪਣੇ ਅੰਗੂਠੇ ਤੇ ਉਂਗਲੀਆਂ ਦੀ ਓਕ ਜਿਹੀ ਬਣਾ ਕੇ ਉਸ ਦੀ ਨਬਜ਼ ਦੇਖਣ ਲੱਗ ਪਈ, ਫਿਰ ਉਸ ਨੇ ਉਸ ਦਾ ਬਲੈਡ ਪਰੈਸ਼ਰ ਦੇਖਿਆ ਤੇ ਉਸ ਦੀਆਂ ਅੱਖਾਂ ਨੂੰ ਆਪਣੀਆਂ ਉਂਗਲਾਂ ਨਾਲ ਖੋਲ੍ਹ ਕੇ ਉਨ੍ਹਾਂ ਵਿੱਚ ਝਾਕਿਆ। ‘ਵੈਰੀ ਗੁੱਡ’ ਕਹਿ ਕੇ ਉਸ ਨੇ ਉਸ ਦੇ ਬੈੱਡ ਦੇ ਸਿਰਹਾਣੇ ਨਾਲ ਲਟਕੀ ਹੋਈ ਤਖਤੀ ‘ਤੇ ਸਾਰਾ ਕੁਝ ਨੋਟ ਕਰ ਦਿੱਤਾ। ਦੋ ਪੂਰੀਆਂ ਤੇ ਇੱਕ ਅੱਧੀ ਗੋਲੀ ਪਾਣੀ ਨਾਲ ਉਸ ਨੂੰ ਖੁਆ ਕੇ ਬੋਲੀ, ‘ਵੈੱਲ, ਸਭ ਠੀਕ ਹੈ ਅਬ ਤੋ। ਤੁਮ ਬੜਾ ਲੱਕੀ ਹੈ ਮੈਨ ਜੋ ਬਚ ਗਿਆ, ਵਰਨਾ ਜਿਸ ਹਾਲਤ ਮੇਂ ਤੁਮ ਇਧਰ ਆਇਆ ਥਾ, ਉਫ-ਮੁਰਗਾ-ਮੁਰਗਾ (ਵਾਹਿਗੁਰੂ ਵਾਹਿਗੁਰੂ)-ਯਹ ਸਭ ਤੁਮਹਾਰਾ ਬੀਵੀ ਕੀ ਹਿੰਮਤ ਕਰ ਕੇ ਤੁਮ ਜ਼ਿੰਦਾ ਹੋ। ਵੋਹ ਤੋ ਬੇਚਾਰਾ ਰੋ ਰੋ ਕੇ ਏਕਦਮ ਪਾਗਲ ਕੀ ਮਾਫਿਕ ਹੋ ਗਿਆ ਹੈ, ਲੇਕਿਨ ਤੁਮ ਨੇ ਐਸਾ ਕਿਉਂ ਕੀਆ ਮੈਨ।’ ਉਹ ਨਾਲ ਪਈ ਕੁਰਸੀ ਉੱਤੇ ਬੈਠ ਕੇ ਉਸ ਦਾ ਜਵਾਬ ਉਡੀਕਣ ਲੱਗ ਪਈ।
ਉਹ ਉਸ ਨੂੰ ਕੀ ਦੱਸੇ, ਪਰ ਹਾਂ ਉਹ ਜਿਵੇਂ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਪਿਆ, ‘ਸੱਚ ਕਹਾਂ, ਕੱਲ੍ਹ ਤਾਂ ਮੇਰਾ ਮਰਨ ਦਾ ਬਿਲਕੁਲ ਕੋਈ ਇਰਾਦਾ ਨਹੀਂ ਸੀ, ਜੇ ਮੈਂ ਮਰਨਾ ਹੁੰਦਾ ਤਾਂ ਉਦੋਂ ਮਰਦਾ, ਜਦ ਬਚਪਨ ਵਿੱਚ ਮੇਰੀ ਮਾਂ ਮਰ ਗਈ ਸੀ। ਮੈਂ ਉਦੋਂ ਬਹੁਤ ਛੋਟਾ ਸਾਂ। ਕਹਿੰਦੇ ਨੇ ਮੇਰੀ ਮਾਂ ਬਹੁਤ ਸੋਹਣੀ ਸੀ। ਭਾਵੇਂ ਮੇਰਾ ਬਾਪ ਵੀ ਬੜਾ ਬਾਂਕਾ ਤੇ ਛੈਲ ਛਬੀਲਾ ਸੀ, ਲਗਭਗ ਸਾਢੇ ਛੇ ਫੁੱਟ ਲੰਬਾ ਦਮਦਾਰ ਆਦਮੀ, ਪਰ ਮੇਰੀ ਮਾਂ ਜਿਵੇਂ ਅਸਲੋਂ ਸਰ੍ਹੋਂ ਦੇ ਫੁੱਲ ਵਾਂਗੂੰ ਖਿੜੀ ਹੋਈ ਤੇ ਟਹਿਕਦੀ ਹੋਈ ਮੁਟਿਆਰ ਸੀ ਤੇ ਆਸੇ ਪਾਸੇ ਦੇ ਦਰਜਨਾਂ ਪਿੰਡਾਂ ਵਿੱਚ ਉਨ੍ਹਾਂ ਵਰਗੀ ਸੁੰਦਰ ਜੋੋੜੀ ਨਹੀਂ ਸੀ। ਛਿਲੇ ਵਿੱਚ ਹੀ ਉਸ ਨੂੰ ਛੋਟੀ ਮਾਤਾ ਨਿਕਲ ਆਈ, ਜੋ ਉਸ ਨੂੰ ਨਾਲ ਲੈ ਗਈ। ਮੈਨੂੰ ਸਾਰੇ ਮਨਹੂਸ ਸਮਝਣ ਲੱਗ ਪਏ। ਮੇਰੇ ਬਾਪ ਨੇ ਮੇਰੀ ਸੂਰਤ ਵੀ ਦੇਖਣ ਤੋਂ ਨਾਂਹ ਕਰ ਦਿੱਤੀ, ‘ਲੈ ਜਾਓ ਇਸ ਦੁਸ਼ਟ ਨੂੰ ਮੇਰੀਆਂ ਅੱਖਾਂ, ਅੱਗੋਂ ਜਿਸ ਨੇ ਮੇਰੀ ਪੂਰੀ ਦੁਨੀਆ ਹੀ ਤਬਾਹ ਕਰ ਦਿੱਤੀ।’
ਮੇਰੇ ਬਾਪ ਨੂੰ ਮੇਰੀ ਮਾਂ ਨਾਲ ਅੰਤਾਂ ਦਾ ਪਿਆਰ ਸੀ। ਮੈਨੂੰ ਕਿਧਰੇ ਢੋਈ ਨਾ ਮਿਲੀ। ਆਖਰ ਮੇਰੀ ਨਾਨੀ ਨੇ ਮੇਰੀ ਦੇਖ-ਭਾਲ ਦਾ ਜ਼ਿੰਮਾ ਲੈ ਲਿਆ, ਉਹ ਵਿਚਾਰੀ ਮੈਨੂੰ ਕਿਵੇਂ ਧੱਕਦੀ, ਉਹਦੀ ਜੁਆਨ ਧੀ ਮਰੀ ਸੀ, ਉਹਦਾ ਢਿੱਡ ਮੱਚਦਾ ਪਿਆ ਸੀ। ਜਦ ਮੈਨੂੰ ਸੋਝੀ ਆਈ, ਮੈਂ ਆਪਣੇ ਮਾਮਿਆਂ ਦੇ ਬੱਚਿਆਂ ਵਿੱਚ ਨੌਕਰਾਂ ਸਾਂਝੀਆਂ ਦੇ ਬੱਚਿਆਂ ਵਾਂਗ ਪਲਦਾ ਪਿਆ ਸਾਂ। ਹਰ ਗੱਲ ਵਿੱਚ ਮੇਰੇ ਨਾਲ ਫਰਕ ਕੀਤਾ ਜਾਂਦਾ ਸੀ। ਖਾਣ ਨੂੰ ਸਭ ਤੋਂ ਪਿੱਛੋਂ ਤੇ ਘੱਟ ਦਿੱਤਾ ਜਾਂਦਾ, ਪਰ ਕੰਮ ਲਈ ਸਭ ਤੋਂ ਅੱਗੇ ਤੋਰਿਆ ਜਾਂਦਾ। ਗੱਲ ਗੱਲ ‘ਤੇ ਮੈਨੂੰ ‘ਵੇਚਾਰਾ ਮਾਂ ਬਾਹਰਾ ਹੈ, ਕੁੜੇ ਇਸ ਦਾ ਕਿਆ ਹੈ ਗਰੀਬ ਦਾ। ਲੱਖ ਮਾੜੀ ਕਿਸਮਤ ਹੋਵੇ, ਜਿਨ੍ਹਾਂ ਦੀਆਂ ਮਾਵਾਂ ਏਨੇ ਛੋਟੇ ਬੋਟ ਵਰਗੇ ਛੱਡ ਕੇ ਤੁਰ ਜਾਂਦੀਆਂ ਨੇ,’ ਕਹਿ ਕੇ ਮੈਨੂੰ ਆਪਣੇ ਵਿਚਾਰੇਪਣ ਦਾ ਅਹਿਸਾਸ ਕਰਾਇਆ ਜਾਂਦਾ। ਸਕੂਲ ਵਿੱਚ ਵੀ ਮੈਨੂੰ ਹੀਣ ਭਾਵਨਾ ਦਾ ਸ਼ਿਕਾਰ ਹੋਣਾ ਪੈਂਦਾ। ਜਿਵੇਂ ਜਿਵੇਂ ਮੈਂ ਪਿੰਡ ਦੇ ਸਕੂਲ ਤੋਂ ਪੰਜਵੀਂ ਪਾਸ ਕਰ ਲਈ। ਕਈ ਵਾਰੀ ਮੇਰਾ ਉਦੋਂ ਵੀ ਮਰਨ ਨੂੰ ਜੀਅ ਕੀਤਾ, ਪਰ ਮਰਿਆ ਨਹੀਂ।
ਫਿਰ ਮੇਰੇ ਮਾਮੇ ਮੈਨੂੰ ਮੇਰੇ ਬਾਪ ਕੋਲ ਛੱਡ ਗਏ, ਬਈ ਜੋ ਮਰਜ਼ੀ ਹੁਣ ਆਪਣੇ ਪੁੱਤਰ ਨੂੰ ਕਰਵਾਓ। ਪਾਲ ਦਿੱਤਾ, ਵੱਡਾ ਕਰ ਦਿੱਤਾ, ਹੁਣ ਕੋਈ ਸਾਰੀ ਉਮਰ ਦਾ ਠੇਕਾ ਉਨ੍ਹਾਂ ਨੇ ਨਹੀਂ ਸੀ ਲਿਆ। ਮੇਰੇ ਬਾਪ ਨੇ ਹੁਣ ਤੱਕ ਦੂਜਾ ਵਿਆਹ ਕਰਵਾ ਲਿਆ ਸੀ ਤੇ ਉਸ ਦੇ ਦੋ ਬੱਚੇ ਹੋ ਗਏ ਸਨ। ਹੁਣ ਉਸ ਦੀ ਉਹ ਪਹਿਲੇ ਵਾਲੀ ਜਵਾਨੀ ਨਹੀਂ ਸੀ ਰਹੀ। ਉਹ ਕੁਝ ਝੁਕ ਕੇ ਚੱਲਣ ਲੱਗ ਪਿਆ ਸੀ ਤੇ ਬਹੁਤਾ ਉਦਾਸ ਤੇ ਖਾਮੋਸ਼ ਰਹਿੰਦਾ ਸੀ। ਮੇਰੀ ਨਵੀਂ ਮਾਂ ਅਸਲੋਂ ਹੀ ਗਵਾਰ ਤੇ ਅਨਪੜ੍ਹ ਔਰਤ ਸੀ। ਸ਼ਕਲ-ਸੂਰਤ ਵੱਲੋਂ ਉਹ ਖੁਰਦਰੀ ਲੱਕੜੀ ਵਰਗੀ ਸੀ। ਜ਼ੁਬਾਨ ਦੀ ਬੇਹੱਦ ਕੌੜੀ ਤੇ ਡਾਢੀ ਸੀ। ਮੇਰਾ ਆਉਣਾ ਉਸ ਨੂੰ ਬਹੁਤ ਬੁਰਾ ਲੱਗਾ। ਉਸ ਨੇ ਸਾਫ ਕਹਿ ਦਿੱਤਾ ਕਿ ਉਹ ਕਿਸੇ ਤਰ੍ਹਾਂ ਵੀ ਮੈਨੂੰ ਘਰ ਵਿੱਚ ਰਹਿਣ ਨਹੀਂ ਦੇਏਗੀ।
‘ਮੈਂ ਕਹਿੰਦੀ ਹਾਂ ਲੈ ਜਾਓ ਇਸ ਮਨਹੂਸ ਨੂੰ ਇਥੋਂ, ਹੋਰ ਮੇਰੇ ਬੱਚਿਆਂ ਨੂੰ ਡੰਗਦਾ ਹੋਵੇ ਕਿਤੇ। ਜੇ ਮੇਰੇ ਨਿਆਣਿਆਂ ਨੂੰ ਕੁਝ ਹੋ ਗਿਆ ਤਾਂ ਇਸ ਨੂੰ ਖੜੇ-ਖੜੋਤੇ ਨੂੰ ਧਰਤੀ ਵਿੱਚ ਗੱਡ ਦੇਣਾ ਹੈ।’ ਉਸ ਨੇ ਕੁਝ ਅਜਿਹੇ ਦਿ੍ਰੜ ਤੇ ਸਖਤ ਲਫਜ਼ਾਂ ਵਿੱਚ ਕਿਹਾ ਕਿ ਉਸੇ ਰਾਤ ਨੱਠ ਕੇ ਮੈਂ ਆਪਣੀ ਭੂਆ ਦੇ ਘਰ ਆ ਗਿਆ, ਜੋ ਸਾਡੇ ਘਰ ਤੋਂ ਚਾਰ-ਪੰਜ ਮੀਲ ਦੀ ਦੂਰੀ ‘ਤੇ ਸੀ। ਭੂਆ ਦੇ ਪਿੰਡ ਤੇ ਸਾਡੇ ਪਿੰਡ ਦੇ ਰਾਹ ਵਿੱਚ ਪੱਕੀ ਨਹਿਰ ਪੈਂਦੀ ਹੈ। ਇੱਕ ਵਾਰੀ ਜੀਅ ਕੀਤਾ ਕਿ ਕਿਉਂ ਨਾ ਮੈਂ ਇਸ ਨਹਿਰ ਵਿੱਚ ਛਾਲ ਮਾਰ ਦੇਵਾਂ, ਕਈ ਪਲ ਮੈਂ ਪੁਲ ‘ਤੇ ਖੜਾ ਸੋਚਦਾ ਰਿਹਾ, ਪਰ ਮੈਂ ਅਜਿਹਾ ਨਹੀਂ ਕਰ ਸਕਿਆ, ਕਿਉਂਕਿ ਮੈਂ ਮਰਨਾ ਨਹੀਂ, ਬਲਕਿ ਜਿਊਣਾ ਚਾਹੁੰਦਾ ਸੀ।
ਭੂਆ ਕੋਲ ਰਹਿ ਕੇ ਮੈਂ ਮੈਟਿ੍ਰਕ ਪਾਸ ਕਰ ਲਈ। ਅਜਿਹਾ ਨਹੀਂ ਕਿ ਉਥੇ ਮੈਂ ਬੜਾ ਸੌਖਾ ਸੀ। ਭੂਆ ਦੇ ਸੱਸ-ਸਹੁਰਾ ਤੇ ਦਿਓਰ-ਜੇਠ ਵੀ ਮੇਰੇ ਨਾਲ ਬਹੁਤ ਚੰਗਾ ਸਲੂਕ ਨਹੀਂ ਸਨ ਕਰਦੇ, ਪਰ ਮੈਨੂੰ ਹੁਣ ਆਪਣੀ ਜ਼ਿੰਦਗੀ ਦੀ ਬੇਵਸੀ ਦੀ ਸਮਝ ਆ ਗਈ ਸੀ। ਮੈਨੂੰ ਪਤਾ ਲੱਗ ਗਿਆ ਕਿ ਅਗਰ ਬਾਹਰ ਦੀ ਦੁਨੀਆ ਦੀਆਂ ਠੋਕਰਾਂ ਤੋਂ ਬਚਣਾ ਹੈ ਤਾਂ ਸਹੀ ਜਾਂ ਚੁੱਪ-ਚਾਪ ਸਭ ਕੁਝ, ਕਮ-ਅਜ਼-ਕਮ ਸਿਰ ਛੁਪਾਉਣ ਲਈ ਇੱਕ ਛੱਤ ਹੈ ਤੇ ਢਿੱਡ ਭਰਨ ਨੂੰ ਦੋ ਰੋਟੀਆਂ ਦਾ ਆਸਰਾ। ਭੂਆ ਨੇ ਮੈਨੂੰ ਡਰਾਫਟਮੈਨ ਦਾ ਕੋਰਸ ਕਰਾ ਦਿੱਤਾ। ਪੋਸਟਾਂ ਨਿਕਲੀਆਂ ਤਾਂ ਮੈਂ ਨੌਕਰੀ ਲਈ ਅਪਲਾਈ ਕਰ ਦਿੱਤਾ।
ਹੁਣ ਜ਼ਿੰਦਗੀ ਵਿੱਚ ਨਵੀਂ ਉਮੰਗ ਜਾਗ ਪਈ। 20-22 ਸਾਲਾਂ ਦਾ ਸੋਹਣਾ ਜਵਾਨ ਨਿਕਲਿਆ ਸਾਂ ਮੈਂ ਆਪਣੇ ਬਾਪ ਵਾਂਗ। ਜ਼ਿੰਦਗੀ ਇੱਕ ਭਰੇ ਹੋਏ ਪਿਆਲੇ ਵਾਂਗ ਮੇਰੇ ਸਾਹਮਣੇ ਪਈ ਸੀ। ਸੋਚਦਾ ਸਾਂ ਨੌਕਰੀ ਲੱਗਣ ਪਿੱਛੋਂ ਮੇਰਾ ਆਪਣਾ ਘਰ ਹੋਵੇਗਾ, ਘਰ, ਜੋ ਅੱਜ ਤੱਕ ਮੈਨੂੰ ਨਹੀਂ ਸੀ ਮਿਲ ਸਕਿਆ। ਫਿਰ ਮੇਰਾ ਵਿਆਹ ਹੋਵੇਗਾ। ਪਿਆਰ ਕਰਨ ਵਾਲੀ ਕੋਈ ਅਣਦੇਖੀ ਸੁੰਦਰ, ਸਵਸਥ ਕੁੜੀ ਮੇਰੇ ਖਿਆਲਾਂ ਵਿੱਚ ਆਉਣ ਲੱਗ ਪਈ, ਪਰ ਸਿਫਾਰਸ਼ ਤੇ ਪੈਸੇ ਦੀ ਘਾਟ ਕਰ ਕੇ ਮੈਨੂੰ ਨੌਕਰੀ ਨਾ ਮਿਲੀ, ਜਗ੍ਹਾ-ਜਗ੍ਹਾ ਧੱਕੇ ਖਾਂਦਾ ਫਿਰਦਾ ਨੌਕਰੀ ਦੀ ਤਲਾਸ਼ ਵਿੱਚ। ਕਈ ਵਾਰ ਤੰਗ ਆ ਕੇ ਮਰਨ ਦੀ ਸੋਚਦਾ, ਆਪਣੀ ਬੇਕਾਰ ਜ਼ਿੰਦਗੀ ਦੀ ਅਸਫਲਤਾ ਬਾਬਤ ਸੋਚਦਾ ਤਾਂ ਸੱਚਮੁੱਚ ਜ਼ਿੰਦਗੀ ਨੂੰ ਖਤਮ ਕਰਨ ਦਾ ਇਰਾਦਾ ਬਣਾਉਂਦਾ, ਪਰ ਨਹੀਂ, ਮੈਂ ਮਰਿਆ ਨਹੀਂ, ਕਿਉਂਕਿ ਮੈਂ ਜਿਊਣਾ ਚਾਹੁੰਦਾ ਸਾਂ।
ਕਈ ਸਾਲਾਂ ਬਾਅਦ ਆਖਰ ਮੈਨੂੰ ਨੌਕਰੀ ਮਿਲ ਗਈ। ਤਨਖਾਹ ਵੀ ਚੰਗੀ ਸੀ। ਮੈਂ ਖੁਦ ਆਪਣੇ ਦਫਤਰ ਦੇ ਨੇੜੇ ਇੱਕ ਛੋਟਾ ਜਿਹਾ ਕਿਰਾਏ ਦਾ ਮਕਾਨ ਲੈ ਕੇ ਰਹਿਣ ਲੱਗ ਪਿਆ। ਰੋਟੀ ਕਦੇ ਬਾਹਰ ਹੋਟਲ ਤੋਂ ਖਾ ਲੈਂਦਾ, ਕਦੇ ਆਂਡਿਆਂ ਦੀ ਭੁਰਜੀ ਬਣਾ ਕੇ ਚਾਰ ਰੋਟੀਆਂ ਘਰੇ ਲਾਹ ਲੈਂਦਾ। ਬੱਤੀਆਂ ਵਾਲਾਂ ਇੱਕ ਸਟੋਵ ਤੇ ਪੰਜ ਸੱਤ ਲੋੜ ਜੋਗੇ ਭਾਂਡੇ ਬਾਜ਼ਾਰੋਂ ਖਰੀਦ ਲਿਆਇਆ ਸਾਂ। ਦੋ-ਤਿੰਨ ਮਹੀਨਿਆਂ ਬਾਅਦ ਮੈਂ ਦੇਖਿਆ, ਮੇਰੀ ਰਿਸ਼ਤੇਦਾਰਾਂ ਵਿੱਚ ਇੱਜ਼ਤ ਹੋਣ ਲੱਗ ਪਈ ਸੀ। ਕਦੇ ਕਦੇ ਕੋਈ ਚਾਚੇ, ਮਾਮੇ ਦਾ ਮੁੰਡਾ-ਕੁੜੀ ਮੈਨੂੰ ਮਿਲਣ ਲਈ ਆਉਣ ਲੱਗ ਪਏ ਸਨ। ਹੌਲੀ ਹੌਲੀ ਖੁਸ਼ਬੂ ਵਾਂਗੂੰ ਮੈਨੂੰ ਪਤਾ ਲੱਗਣ ਲੱਗ ਪਿਆ ਕਿ ਰਿਸ਼ਤੇਦਾਰਾਂ ਵਿੱਚ ਮੇਰੇ ਵਿਆਹ ਦੀਆਂ ਗੱਲਾਂ ਛਿੜ ਪਈਆਂ ਹਨ।
ਐਤਵਾਰ ਨੂੰ ਇੱਕ ਬੜੀ ਸੋਹਣੀ ਜਿਹੀ ਸਵੇਰ ਸੀ। ਮੈਂ ਸਿਰ ਧੋ ਕੇ ਆਪਣੇ ਛੋਟੇ ਜਿਹੇ ਵਿਹੜੇ ਦੇ ਸੱਜੇ ਕੋਨੇ ਵਿੱਚ ਉਗੇ ਸ਼ਹਿਤੂਤ ਦੇ ਪੇੜ ਥੱਲੇ ਬੈਠਾ ਅਖਬਾਰ ਪੜ੍ਹ ਰਿਹਾ ਸੀ ਕਿ ਧੜਾਧੜ ਛੋਟੇ-ਵੱਡੇ ਪੰਜ ਸੱਤ ਬੰਦੇ ਢੋਏ ਹੋਏ ਬਾਹਰਲੇ ਬੂਹੇ ਤੋਂ ਅੰਦਰ ਲੰਘ ਆਏ। ਉਨ੍ਹਾਂ ਵਿੱਚ ਮੇਰਾ ਇੱਕ ਚਾਚਾ ਸੀ, ਜਿਸ ਨੇ ਬਹੁਤੀ ਲੰਬੀ ਚੌੜੀ ਭੂਮਿਕਾ ਬੰਨ੍ਹਣ ਤੋਂ ਪਹਿਲਾਂ ਹੀ ਆਪਣੇ ਆਉਣ ਦਾ ਮਕਸਦ ਬਿਆਨ ਕਰ ਦਿੱਤਾ, ‘ਦੇਖ ਸ਼ੇਰਾ, ਇਹ ਸਭ ਜਣੇ ਤੇਰੀ ਚਾਚੀ ਦੀ ਭੈਣ ਦੇ ਸਹੁਰਿਆਂ ਵੱਲੋਂ ਤੇਰੇ ਲਈ ਰਿਸ਼ਤਾ ਲੈ ਕੇ ਆਏ ਹਨ। ਕੁੜੀ ਅਸਾਂ ਦੇਖ ਲਈ ਹੈ। ਮੈਟਿ੍ਰਕ ਪਾਸ ਹੈ ਤੇ ਅੱਗੋਂ ਸਿਲਾਈ ਦਾ ਡਿਪਲੋਮਾ ਕੀਤਾ ਹੋਇਆ ਹੈ। ਦੇਖਣ-ਪਾਖਣ ਨੂੰ ਸੋਹਣੀ-ਸੁਨੱਖੀ ਤੇ ਉਚੀ-ਲੰਮੀ ਹੈ। ਘਰ ਵੀ ਮਾੜਾ ਨਹੀਂ। ਸੌ ਵਿੱਘੇ ਜ਼ਮੀਨ ਦੀ ਟਾਕੀ ਤੇ ਕਈ ਟਿਊਬਵੈੱਲ ਲੱਗੇ ਹੋਏ ਹਨ। ਅਸਾਂ ਭਾਈ ਆਪਣੇ ਵੱਲੋਂ ਹਾਂ ਕਰ ਦਿੱਤੀ ਹੈ, ਬਾਕੀ ਤੇਰੀ ਮਰਜ਼ੀ ਹੈ। ਆਹ ਅਗਲੇ ਤੇਰੇ ਸਾਹਮਣੇ ਬੈਠੇ ਨੇ, ਜੋ ਕੁਝ ਪੁੱਛਣਾ-ਦੱਸਣਾ ਹੈ, ਪੁੱਛ ਲੈ। ਕੁੜੀ ਵੀ ਦੇਖਣੀ ਤਾਂ ਅਗਲੇ ਦਿਖਾ ਦੇਣਗੇ।’
ਮੈਂ ਸੁਣ ਕੇ ਨਿਹਾਲ ਹੋ ਗਿਆ। ਝੁਕ ਕੇ ਚਾਚੇ ਦੇ ਪੈਰਾਂ ਨੂੰ ਹੱਥ ਲਾਇਆ ਤੇ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ। ਅਗਲਿਆਂ ਨੇ ਝਟਪਟ ਸ਼ਗਨ ਪਾ ਕੇ ਮੰਗਣੀ ਦੀ ਰਸਮ ਕਰ ਦਿੱਤੀ ਤੇ ਫੋਟੋਗਰਾਫਰ ਨੇ ਦੋ ਤਿੰਨ ਫੋਟੋਆਂ ਖਿੱਚ ਲਈਆਂ। ਜਾਣ ਲੱਗਿਆਂ ਚਾਚੇ ਨੇ ਸਭ ਤੋਂ ਚੋਰੀ ਜਿਹੇ ਇੱਕ ਪਾਸਪੋਰਟ ਸਾਈਜ਼ ਦੀ ਲੰਬੇ ਜਿਹੇ ਚਿਹਰੇ ਵਾਲੀ ਕੁੜੀ ਦੀ ਫੋਟੋ ਮੇਰੇ ਹੱਥ ਵਿੱਚ ਫੜਾ ਦਿੱਤੀ। ਵਿਆਹ ਦੀ ਤਰੀਕ ਵੀ ਉਹ ਨਾਲ ਹੀ ਬੰਨ੍ਹ ਗਏ, ਯਾਨੀ ਕਿ ਅਗਲੇ ਮਹੀਨੇ ਦੀ ਵੀਹ ਤਰੀਕ। ਲੈ ਦੇ ਕੇ ਮਸਾਂ ਇੱਕ ਮਹੀਨਾ ਰਹਿ ਗਿਆ ਸੀ ਵਿਆਹ ਵਿੱਚ, ਪਰ ਇਹ ਇੱਕ ਮਹੀਨਾ ਵੀ ਬੀਤਣ ਵਿਚ ਨਹੀਂ ਸੀ ਆ ਰਿਹਾ। ਉਠਦੇ-ਬੈਠਦੇ, ਸੌਂਦੇ ਜਾਗਦੇ ਉਸ ਫੋਟ ਵਾਲੀ ਕੁੜੀ ਦਾ ਚਿਹਰਾ ਹਰ ਵੇਲੇ ਮੇਰੀਆਂ ਅੱਖਾਂ ਅੱਗੇ ਰਹਿੰਦਾ। ਜੀਅ ਕਰਦਾ ਕਿ ਇਹ ਵਿਚਲੇ ਦਿਨ ਕਦੋਂ ਭੱਜ ਕੇ ਸਮੇਂ ਦੀਆਂ ਨਿੱਕੀਆਂ-ਮੋਟੀਆਂ ਵਿਰਲਾਂ ਰਾਹੀਂ ਬਾਹਰ ਨਿਕਲ ਜਾਣ ਤੇ ਉਹ ਲੰਬੇ ਚਿਹਰੇ ਵਾਲੀ ਮੁਟਿਆਰ ਮੇਰੀਆਂ ਬਾਹਾਂ ਵਿੱਚ ਸਿਮਟ ਜਾਵੇ। ਆਖਰ ਵਿਆਹ ਹੋ ਗਿਆ ਤੇ ਚਾਰ ਪੰਜ ਦਿਨਾਂ ਵਿੱਚ ਅਸੀਂ ਪਿੰਡ ਦੀਆਂ ਰਸਮਾਂ ਪੂਰੀਆਂ ਕਰ ਕੇ ਸ਼ਹਿਰ ਆਪਣੇ ਘਰ ਆ ਗਏ।
ਮੇਰੀ ਵਹੁਟੀ ਦਿਲਰਾਜ ਕੌਰ ਸ਼ਹਿਰ ਆ ਕੇ ਬੜੀ ਘੁੱਟੀ ਵੱਟੀ ਜਿਹੀ ਰਹਿੰਦੀ। ਨਾ ਉਹ ਹੱਸਦੀ, ਨਾ ਬੋਲਦੀ। ਕਿਸੇ ਕੰਮ ਵਿੱਚ ਕੋਈ ਰੁਚੀ ਨਾ ਲੈਂਦੀ। ਨਵੇਂ ਨਵੇਂ ਗਹਿਣੇ ਕੱਪੜੇ ਪਾਉਣ ਜਾਂ ਸਜਣ ਸਜਾਉਣ ਵਿੱਚ ਉਸ ਨੂੰ ਕੋਈ ਦਿਲਚਸਪੀ ਨਹੀਂ ਸੀ, ਜਿਵੇਂ ਨਵੀਆਂ ਵਿਆਹੀਆਂ ਕੁੜੀਆਂ ਨੂੰ ਹੁੰਦੀ ਹੈ। ਉਹ ਮੇਰੇ ਕੋਲੋਂ ਦੂਰ ਦੂਰ ਰਹਿਣ ਦੀ ਕੋਸ਼ਿਸ਼ ਕਰਦੀ। ਸ਼ੁਰੂ ਸ਼ੁਰੂ ਵਿੱਚ ਮੈਂ ਇਸ ਨੂੰ ਸੁਭਾਵਿਕ ਸੰਗ ਸਮਝਿਆ, ਪਰ ਜਦ ਇਹ ਸੰਗਣ ਸ਼ਰਮਾਉਣ ਦਾ ਸਿਲਸਿਲਾ ਕੁਝ ਜ਼ਿਆਦਾ ਹੀ ਲੰਬਾ ਹੋ ਗਿਆ ਤਾਂ ਮੈਂ ਇੱਕ ਦਿਨ ਉਸ ਨੂੰ ਮਾਨਸਿਕ ਰੋਗਾਂ ਦੇ ਡਾਕਟਰ ਕੋਲ ਲੈ ਗਿਆ। ਡਾਕਟਰ ਨੇ ਚੰਗੀ ਤਰ੍ਹਾਂ ਚੈਕਅਪ ਕਰ ਕੇ ਦੱਸ ਦਿੱਤਾ ਕਿ ਉਸ ਨੂੰ ਕੋਈ ਸਰੀਰਕ ਬਿਮਾਰੀ ਨਹੀਂ, ਸਗੋਂ ਮਾਨਸਿਕ ਬਿਮਾਰੀ ਹੈ। ਉਹ ਪੂਰੀ ਤਰ੍ਹਾਂ ਮੈਂਟਲ ਸੀ। ਉਸ ਨੂੰ ਆਪਣੇ ਔਰਤਪੁਣੇ ਦਾ ਵੀ ਅਹਿਸਾਸ ਨਹੀਂ ਸੀ। ਲੱਗਦਾ ਸੀ ਰੱਬ ਨੂੰ ਹਾਲਾਂ ਮੇਰੇ ‘ਤੇ ਤਰਸ ਨਹੀਂ ਸੀ ਆਇਆ। ਉਸ ਨੇ ਪਤਾ ਨਹੀਂ ਹੋਰ ਕਿੰਨੇ ਕੁ ਮੇਰੇ ਇਮਤਿਹਾਨ ਲੈਣੇ ਸਨ। ਜਿਸ ਦਿਨ ਮੈਨੂੰ ਰਾਜ ਦੇ ਮੈਂਟਲ ਹੋਣ ਦਾ ਪਤਾ ਲੱਗਿਆ, ਮੇਰੇ ‘ਤੇ ਜਿਵੇਂ ਪਹਾੜ ਟੁੱਟ ਪਿਆ। ਮੈਂ ਧਾਹਾਂ ਮਾਰ ਕੇ ਰੋਇਆ। ਉਸ ਦਿਨ ਮੇਰਾ ਸੱਚਮੁੱਚ ਮਰ ਜਾਣ ਨੂੰ ਜੀਅ ਕੀਤਾ। ਮੈਂ ਰੋਂਦਾ ਪਿੱਟਦਾ ਘਰੋਂ ਨਿਕਲ ਗਿਆ ਤੇ ਘਰ ਤੋਂ ਫਰਲਾਂਗ ਕੁ ਵਿੱਥ ‘ਤੇ ਵਗਦੀ ਹੋਈ ਨਹਿਰ ਵਿੱਚ ਉਤਰ ਗਿਆ। ਸ਼ਾਮ ਦਾ ਵੇਲਾ ਸੀ, ਨਹਿਰ ਦੀ ਪਾਣੀ ਸ਼ਾਂਤ ਵਗ ਰਿਹਾ ਸੀ, ਆਸੇ ਪਾਸੇ ਦੋ ਦਰੱਖਤਾਂ ਦੀਆਂ ਪਰਛਾਈਆਂ ਲੰਬੀਆਂ ਹੋ ਕੇ ਨਹਿਰ ਦੇ ਪਾਣੀ ਵਿੱਚ ਉਤਰ ਆਈਆਂ ਸਨ। ਲੋਕ ਨਹਿਰ ਦੇ ਕਿਨਾਰੇ ਸੈਰ ਕਰਦੇ ਫਿਰਦੇ ਸਨ, ਕਈ ਵਿਆਹੇ ਜੋੜੇ ਸਨ, ਨਾਲ ਉਨ੍ਹਾਂ ਦੇ ਛੋਟੇ ਛੋਟੇ ਬੱਚੇ ਸਨ, ਕਈ ਅਣਵਿਆਹੇ ਜੋੜੇ ਸਨ, ਜਿਹੜੇ ਕਿਸੇ ਤਰ੍ਹਾਂ ਦੁਨੀਆ ਦੀਆਂ ਨਜ਼ਰਾਂ ਤੋਂ ਛੁਪ ਛੁਪਾ ਕੇ ਕਲੋਲਾਂ ਕਰਦੇ ਸਨ। ਰਾਜ ਵਰਗੀਆਂ ਕਈ ਨਵੀਆਂ ਵਿਆਹੀਆਂ ਕੁੜੀਆਂ ਆਪਣੇ ਨੌਜਵਾਨ ਸਾਥੀਆਂ ਦੀਆਂ ਬਾਹਾਂ ਵਿੱਚ ਬਾਹਾਂ ਪਾ ਕੇ ਘੰੁਮ ਰਹੀਆਂ ਸਨ। ਉਨ੍ਹਾਂ ਨੂੰ ਦੇਖ ਕੇ ਮੈਨੂੰ ਫਿਰ ਜ਼ਿੰਦਗੀ ਨੇ ਆਪਣੇ ਵੱਲ ਖਿੱਚ ਲਿਆ। ਛਾਲ ਮਾਰਨ ਤੋਂ ਪਹਿਲਾਂ ਫਿਰ ਮੇਰੇ ਮਨ ਵਿੱਚ ਇੱਕ ਖੋਹ ਜਿਹੀ ਪਈ, ਬਈ ਰਾਜ ਨੇ ਦੁਨੀਆ ਦਾ ਕੀ ਵੇਖਿਆ ਹੈ, ਮੈਂ ਤਾਂ ਮਰ ਕੇ ਭਾਵੇਂ ਆਪਣੇ ਦੁੱਖਾਂ-ਮੁਸੀਬਤਾਂ ਤੋਂ ਛੁਟਕਾਰਾ ਪਾ ਜਾਵਾਂਗਾ, ਪਰ ਉਸ ਦਾ ਕੀ ਬਣੇਗਾ, ਇਸ ਦੇ ਮਾਂ-ਬਾਪ ਜਿਨ੍ਹਾਂ ਨੇ ਇਸ ਨੂੰ ਜਾਣ-ਬੁੱਝ ਕੇ ਧੱਕਾ ਦੇ ਦਿੱਤਾ, ਬਿਨਾਂ ਇਹ ਸੋਚਿਆ ਕਿ ਜੇ ਮੈਂ ਵੀ ਇਸ ਨੂੰ ਘਰੋਂ ਕੱਢ ਦਿੱਤਾ ਤਾਂ ਇਸ ਦਾ ਕੀ ਬਣੇਗਾ। ਇਹ ਜ਼ਰੂਰ ਕਿਸੇ ਖੂਹ ਖਾਤੇ ਵਿੱਚ ਡੁੱਬ ਕੇ ਮਰ ਜਾਪੇਗੀ। ਏਹੀ ਸੋਚਦਿਆਂ ਮੈਂ ਨਹਿਰ ਤੋਂ ਇੱਕ ਕਦਮ ਪਿੱਛੇ ਹਟ ਗਿਆ। ਫਿਰ ਮਨ ਵਿੱਚ ਆਇਆ ਜੇ ਮੈਂ ਇਸ ਦਾ ਠੀਕ ਤਰ੍ਹਾਂ ਇਲਾਜ ਕਰਾਵਾਂ ਤਾਂ ਇਹ ਠੀਕ ਹੋ ਸਕਦੀ ਹੈ। ਫਿਰ ਸਾਡੇ ਲੋਕਾਂ ਵਾਂਗ ਬੱਚੇ ਹੋਣਗੇ ਤੇ ਸਾਡਾ ਘਰ ਵੀ ਖੁਸ਼ੀਆਂ ਨਾਲ ਭਰ ਜਾਵੇਗਾ। ਬੱਸ ਮੈਂ ਘਰ ਆ ਗਿਆ ਅਤੇ ਅਗਲੇ ਦਿਨ ਮੈਂ ਰਾਜ ਨੂੰ ਪਟਿਆਲੇ ਲੈ ਗਿਆ। ਲਗਭਗ ਇੱਕ ਸਾਲ ਤੱਕ ਇਸ ਦਾ ਇਲਾਜ ਚੱਲਿਆ ਤੇ ਇਹ ਬਿਲਕੁਲ ਠੀਕ ਹੋ ਗਈ। ਆਮ ਔਰਤਾਂ ਵਾਂਗ ਇਸ ਨੇ ਘਰ-ਬਾਰ ਸਾਂਭ ਲਿਆ। ਮੈਂ ਫਿਰ ਉਮੀਦਾਂ ਨਾਲ ਭਰ ਗਿਆ।
…ਪਰ ਇੱਕ ਸੱਟ ਹਾਲੇ ਕਿਸਮਤ ਨੇ ਆਪਣੇ ਝੋਲੇ ਵਿੱਚ ਸਾਡੇ ਲਈ ਲੁਕਾ ਕੇ ਰੱਖੀ ਸੀ। ਸਾਲ ਦੋ ਸਾਲ ਬਾਅਦ ਵੀ ਜਦ ਰਾਜ ਦੇ ਮਾਂ ਬਣਨ ਦੇ ਆਸਾਰ ਨਜ਼ਰ ਨਹੀਂ ਆਏ ਤਾਂ ਇੱਕ ਵਾਰੀ ਫਿਰ ਉਸ ਨੂੰ ਡਾਕਟਰ ਕੋਲ ਲੈ ਗਿਆ। ਕਈ ਦਿਨਾਂ ਤੱਕ ਉਸ ਦੇ ਤੇ ਮੇਰੇ ਟੈਸਟ ਹੁੰਦੇ ਰਹੇ। ਆਖਰ ਡਾਕਟਰ ਨੇ ਇੱਕ ਬਹੁਤ ਦੁਖਦਾਈ ਖਬਰ ਤੋਂ ਜਾਣੂ ਕਰਵਾ ਦਿੱਤਾ ਕਿ ਰਾਜ ਕਦੇ ਮਾਂ ਨਹੀਂ ਬਣ ਸਕਦੀ। ਬਸ ਇਸ ਤੋਂ ਬਾਅਦ ਜ਼ਿੰਦਗੀ ਵਿੱਚ ਕੁਝ ਨਹੀਂ ਬਚਿਆ। ਮਰ ਜਾਣ ਲਈ ਸ਼ਾਇਦ ਇਸ ਤੋਂ ਵੱਡੀ ਵਜ੍ਹਾ ਨਹੀਂ ਹੋ ਸਕਦੀ, ਪਰ ਰਾਜ ਦੇ ਇਕੱਲੇਪਣ ਨੇ, ਬੇਵਸੀ ਨੇ ਮੈਨੂੰ ਅਜਿਹਾ ਕਰਨ ਤੋਂ ਫਿਰ ਰੋਕ ਲਿਆ।
ਫਿਰ ਜ਼ਿੰਦਗੀ ਤੁਰਦੀ ਰਹੀ ਇੱਕ ਦੂਜੇ ਦੇ ਸਹਾਰੇ ਰਸਹੀਣ, ਰੰਗਹੀਣ। ਕਹਿੰਦੇ ਨੇ ਕਿ ਕਿਸਮਤ ਤੋਂ ਜ਼ਿਆਦਾ ਤੇ ਸਮੇਂ ਤੋਂ ਪਹਿਲਾਂ ਕਿਸੇ ਨੂੰ ਕੁਝ ਨਹੀਂ ਮਿਲਦਾ। ਸਾਡੀ ਜ਼ਿੰਦਗੀ ਵੀ ਇੱਕ ਲੀਹ ‘ਤੇ ਪੈ ਗਈ, ਉਹ ਰੋਟੀ ਪਕਾ ਦਿੰਦੀ, ਘਰ ਸੰਭਾਲ ਲੈਂਦੀ ਤੇ ਮੈਂ ਨੌਕਰੀ ਕਰੀ ਜਾਂਦਾ। ਇਸ ਤੋਂ ਵੱਧ ਦੀ ਹੁਣ ਤਮੰਨਾ ਨਹੀਂ ਸੀ ਰਹਿ ਗਈ, ਕਿਉਂਕਿ ਜ਼ਿੰਦਗੀ ਨੇ ਹਰ ਖੁਸ਼ੀ ਦੇ ਬੂਹੇ ਸਾਡੇ ਲਈ ਬੰਦ ਕਰ ਦਿੱਤੇ ਸਨ ਤੇ ਅਸੀਂ ਉਨ੍ਹਾਂ ਬੰਦ ਬੂਹਿਆਂ ਦੀਆਂ ਬਰੂਹਾਂ ‘ਤੇ ਬੈਠ ਕੇ ਜ਼ਿੰਦਗੀ ਦੇ ਬਾਕੀ ਦਿਨ ਗੁਜ਼ਾਰਨੇ ਸਨ। ਫਿਰ ਮੈਂ ਆਪਣੇ ਕੋਲੋਂ ਹੀ ਪੁੱਛਿਆ, ‘ਜਦ ਕੋਈ ਤਮੰਨਾ ਹੀ ਨਹੀਂ ਸੀ, ਕੋਈ ਮਰਨ ਦਾ ਠੋਸ ਕਾਰਨ ਵੀ ਨਹੀਂ ਸੀ, ਫਿਰ ਤੂੰ ਅਜਿਹਾ ਕਿਉਂ ਕੀਤਾ।’ ਹਾਂ ਕਾਰਨ ਸੀ, ਮੇਰੇ ਅੰਦਰੋਂ ਆਵਾਜ਼ ਆਈ, ਮੇਰੀਆਂ ਅੱਖਾਂ ਅੱਗੋਂ ਕੱਲ੍ਹ ਰਾਤ ਦਾ ਸਾਰਾ ਦਿ੍ਰਸ਼ ਘੁੰਮ ਗਿਆ; ਰਾਜ ਦਾ ਚੁੱਪਚਾਪ ਬਰਾਂਡੇ ਵਿੱਚ ਮੂੰਹ ਫੇਰ ਕੇ ਸੌਂ ਜਾਣਾ, ਸਲਫਾਸ ਦੀਆਂ ਗੋਲੀਆਂ ਦੀ ਸ਼ੀਸ਼ੀ ਰਾਜ ਦੇ ਸਿਰਹਾਣੇ ਪਈ ਤੇ ਦਿਮਾਗ ਵਿੱਚ ਰਾਜ ਦਾ ਨਿਰਾਸ਼ਾ ਵਿੱਚ ਗੋਲੀਆਂ ਖਾ ਕੇ ਮਰ ਜਾਣਾ, ‘ਕੱਲਿਆਂ ਰਹਿ ਜਾਣ ਦਾ ਡਰ, ਕੀ ਇਹ ਘੱਟ ਕਾਰਨ ਹਨ ਕਿ ਕਿਸੇ ਇੱਕ ਬੰਦੇ ਦੇ ਮਰ ਜਾਣ ਲਈ, ਮੈਂ ਆਪਣੇ ਆਪ ਨੂੰ ਜਵਾਬ ਦਿੱਤਾ।
ਰਵਿੰਦਰ ਹੁਣ ਅਤੀਤ ਦੀਆਂ ਘੁੰਮਣਘੇਰੀਆਂ ਵਿੱਚੋਂ ਨਿਕਲ ਕੇ ਵਰਤਮਾਨ ਵਿੱਚ ਆ ਗਿਆ। ਉਸ ਦਾ ਜੀਅ ਕੀਤਾ ਕਿ ਉਹ ਸਭ ਨੂੰ ਦੱਸੇ ਕਿ ਕਿਸੇ ਵੀ ਬੰਦੇ ਲਈ ਢਲਦੀ ਉਮਰ ਤੇ ਬੁਢਾਪੇ ਵਿੱਚ ‘ਕੱਲਿਆਂ ਰਹਿਣ ਜਾਣਾ ਸਭ ਤੋਂ ਦੁਖਦਾਈ ਹੁੰਦਾ ਹੈ। ਉਸ ਦੇ ਮਨ ਵਿੱਚ ਕੁਝ ਅਜਿਹਾ ਹੀ ਡਰ ਬੈਠਾ ਹੋਵੇਗਾ ਜਿਸ ਨੇ ਉਸ ਨੂੰ ਮਰਨ ਲਈ ਪ੍ਰੇਰਿਆ ਹੋਵੇਗਾ। ਬੁਢਾਪੇ ਵਿੱਚ ਪਤੀ-ਪਤਨੀ ਨਦੀ ਕਿਨਾਰੇ ਖੜ੍ਹੇ ਉਨ੍ਹਾਂ ਰੁੱਖਾਂ ਵਾਂਗ ਹੁੰਦੇ ਹਨ, ਜੋ ਇੱਕ ਦੂਜੇ ਨੂੰ ਦੇਖ ਦੇਖ ਜਿਊਂਦੇ ਹਨ, ਪਰ ਉਸ ਦੀ ਇਹ ਗੱਲ ਸੁਣਨ ਵਾਲਾ ਹੁਣ ਉਥੇ ਕੋਈ ਨਹੀਂ ਸੀ, ਕਮਰਾ ਖਾਲੀ ਸੀ। ਸਾਊਥ ਇੰਡੀਅਨ ਨਰਸ ਆਪਣੀ ਡਿਊਟੀ ਖਤਮ ਕਰ ਕੇ ਜਾ ਚੁੱਕੀ ਸੀ।
ਏਨੇ ਵਿੱਚ ਉਹੀ ਨਰਸ ਫਿਰ ਆ ਗਈ। ਹੁਣ ਉਸ ਦੇ ਨਾਲ ਰਾਜ ਵੀ ਸੀ। ਅੱਖਾਂ ਉਸ ਦੀਆਂ ਰੋ-ਰੋ ਕੇ ਸੁੱਜੀਆਂ ਹੋਈਆਂ ਰੰਗ ਪੀਲਾ ਵਸਾਰ ਤੇ ਚਿਹਰੇ ‘ਤੇ ਭਿਆਨਕ ਅਣਕਿਆਸਿਆ ਡਰ, ਜਿਵੇਂ ਇੱਕ ਇਕਲੌਤੀ ਰਾਤ ਵਿੱਚ ਉਮਰਾਂ ਦੇ ਕਈ ਦੁਖਦਾਈ ਵਰ੍ਹੇ ਪਾਰ ਕਰ ਗਈ ਹੋਵੇ। ਰਵਿੰਦਰ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਆਪਣੇ ਕੋਲ ਬਿਠਾ ਲਿਆ ਤੇ ਪਿਆਰ ਨਾਲ ਬੋਲਿਆ, ‘ਰਾਜ ਡਰ ਨਾ, ਹੁਣ ਮੈਂ ਕਿਤੇ ਨਹੀਂ ਚੱਲਿਆ। ਆਪਾਂ ਹੁਣ ਹਮੇਸ਼ਾ ‘ਕੱਠਿਆਂ ਰਹਾਂਗੇ। ਹੁਣ ਆਪਾਂ ਉਨ੍ਹਾਂ ਚੀਜ਼ਾਂ ਵਾਸਤੇ ਨਹੀਂ ਝੁਕਾਂਗੇ, ਜੋ ਸਾਨੂੰ ਨਹੀਂ ਮਿਲੀਆਂ ਅਤੇ ਨਾ ਕਦੇ ਮਿਲਣਗੀਆਂ। ਸਾਡੇ ਲਈ ਇੱਕ ਦੂਜੇ ਦੀ ਹੋਂਦ ਹੀ ਕਾਫੀ ਹੈ। ਹੁਣ ਤੱਕ ਜਾਪਦਾ ਹੈ ਸਾਡੇ ‘ਤੇ ਕੋਈ ਭੈੜਾ ਗ੍ਰਹਿ ਸੀ, ਜੋ ਟਲ ਗਿਆ, ਜਾਹ ਬਾਹਰ ਆਕਾਸ਼ ‘ਤੇ ਮੈਨੂੰ ਦੇਖ ਕੇ ਦੱਸ ਕਿ ਕੀ ਹੁਣ ਵੀ ਉਹ ਪੰਜੇ ਗ੍ਰਹਿ ਇੱਕੋ ਲਾਈਨ ਵਿੱਚ ਖੜ੍ਹੇ ਹਨ ਜਾਂ ਕੋਈ ਉਨ੍ਹਾਂ ਵਿੱਚੋਂ ਨਿਖੜ ਪਿਆ ਹੈ।’