ਗੌਰੀ ਲੰਕੇਸ਼ ਸਿਰਫ ਇੱਕ ਵਿਅਕਤੀ ਨਹੀਂ, ਇੱਕ ਵਿਚਾਰ ਸੀ

gauri lankesh
-ਯੋਗੇਂਦਰ ਯਾਦਵ
ਜਦੋਂ ਤੋਂ ਗੌਰੀ ਲੰਕੇਸ਼ ਦੀ ਹੱਤਿਆ ਦੀ ਖਬਰ ਆਈ ਹੈ, ਉਦੋਂ ਮੈਂ ਤੋਂ ਵਾਰ-ਵਾਰ ਇਹੋ ਸਵਾਲ ਪੁੱਛ ਰਿਹਾ ਹਾਂ ਕਿ ਉਸ ਦੀ ਹੱਤਿਆ ਕਿਸ ਨੇ ਕੀਤੀ? ਕਿਸੇ ਦੀ ਮੌਤ ‘ਤੇ ਸਾਡੀ ਪ੍ਰਤੀਕਿਰਿਆ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਅਸੀਂ ਮਰਨ ਵਾਲੇ ਨਾਲ ਕਿੰਨੀ ਨੇੜਤਾ ਮਹਿਸੂਸ ਕਰਦੇ ਹਾਂ। ਜ਼ਰੂਰੀ ਨਹੀਂ ਕਿ ਅਸੀਂ ਮ੍ਰਿਤਕ ਨੂੰ ਜਾਣਦੇ ਹੋਈਏ। ਜਿਸ ਸੜਕ ਤੋਂ ਅਸੀਂ ਰੋਜ਼ ਲੰਘਦੇ ਹਾਂ, ਜਿਸ ਟਰੇਨ ਰਾਹੀਂ ਅਸੀਂ ਰੋਜ਼ ਸਫਰ ਕਰਦੇ ਹਾਂ, ਉਥੇ ਹੋਣ ਵਾਲਾ ਹਾਦਸਾ ਸਾਨੂੰ ਡੂੰਘਾਈ ਨਾਲ ਛੂਹ ਜਾਂਦਾ ਹੈ। ਸ਼ਾਇਦ ਇਸੇ ਲਈ ਗੌਰੀ ਲੰਕੇਸ਼ ਦੀ ਹੱਤਿਆ ਦੀ ਖਬਰ ਨੇ ਬਹੁਤ ਜ਼ਿਆਦਾ ਅਸਰ ਕੀਤਾ ਹੈ।
ਮੈਂ ਉਨ੍ਹਾਂ ਨੂੰ ਕਈ ਵਾਰ ਮਿਲਿਆ ਸਾਂ, ਹਾਲਾਂਕਿ ਗੂੜ੍ਹੀ ਮਿੱਤਰਤਾ ਦਾ ਦਾਅਵਾ ਨਹੀਂ ਕਰ ਸਕਦਾ। ਪਿਛਲੇ ਸਾਲ ਮੰਗਲੌਰ ਵਿੱਚ ਉਨ੍ਹਾਂ ਨਾਲ ਆਖਰੀ ਮੁਲਾਕਾਤ ਹੋਈ ਸੀ। ਗਾਂਧੀ ਜਯੰਤੀ ਮੌਕੇ ਇੱਕ ਸੰਮੇਲਨ ਵਿੱਚ ਵੀ ਅਸੀਂ ਇਕੱਠੇ ਸੀ। ਜ਼ਾਹਰ ਹੈ ਕਿ ਇਹ ਖਬਰ ਮਿਲਦਿਆਂ ਹੀ ਮਨ ਚਾਰਾਂ ਦਿਸ਼ਾਵਾਂ ‘ਚ ਦੌੜਦਾ ਹੈ। ਕੋਈ ਸੰਵੇਦਨਸ਼ੀਲ ਅਤੇ ਸਹਿਜ ਔਰਤ ਨਾਲ ਇੰਨੀ ਨਫਰਤ ਕਿਵੇਂ ਕਰ ਸਕਦਾ ਹੈ? ਕਿਤੇ ਕੋਈ ਨਿੱਜੀ ਰੰਜਿਸ਼ ਦਾ ਮਾਮਲਾ ਤਾਂ ਨਹੀਂ ਸੀ? ਕਿਤੇ ਇਸ ਦਾ ਸੰਬੰਧ ਉਨ੍ਹਾਂ ਵਿਰੁੱਧ ਭਾਜਪਾ ਆਗੂਆਂ ਵੱਲੋਂ ਅਦਾਲਤ ਵਿੱਚ ਕੀਤੇ ਮਾਣਹਾਨੀ ਦੇ ਕੇਸ ਨਾਲ ਤਾਂ ਨਹੀਂ? ਇਨ੍ਹਾਂ ਸਾਰੇ ਸਵਾਲਾਂ ਦਾ ਪੱਕਾ ਜਵਾਬ ਦੇਣਾ ਸਾਡੇ ਵੱਸ ਵਿੱਚ ਨਹੀਂ। ਉਂਝ ਵੀ ਹੱਤਿਆ ਦੇ ਕੇਸਾਂ ਨੂੰ ਅਖਬਾਰ ਦੇ ਸਫਿਆਂ ਜਾਂ ਟੀ ਵੀ ਸਟੂਡੀਓ ਦੀ ਚਰਚਾ ਵਿੱਚ ਨਿਪਟਾ ਦੇਣਾ ਕੋਈ ਸਮਝਦਾਰੀ ਵਾਲੀ ਗੱਲ ਨਹੀਂ। ਹੱਤਿਆ ਦੇ ਸੁਰਾਗ ਇਕੱਠੇ ਕਰਨਾ, ਦੋਸ਼ੀਆਂ ਦੀ ਪਛਾਣ ਕਰਨਾ ਤੇ ਉਨ੍ਹਾਂ ਨੂੰ ਸਜ਼ਾ ਦਿਵਾਉਣਾ ਪੁਲਸ ਦਾ ਕੰਮ ਹੈ।
ਅਸੀਂ ਵੱਡੇ ਸਵਾਲ ‘ਤੇ ਸਾਰਥਕ ਚਰਚਾ ਕਰ ਸਕਦੇ ਹਾਂ। ਕਿਸੇ ਵੀ ਹੱਤਿਆ ਦੇ ਤਿੰਨ ਕਿਸਮ ਦੇ ਗੁਨਾਹਗਾਰ ਹੁੰਦੇ ਹਨ। ਉਹ, ਜਿਨ੍ਹਾਂ ਦੇ ਹੱਥੋਂ ਹੱਤਿਆ ਹੁੰਦੀ ਹੈ। ਉਹ, ਜੋ ਹੱਤਿਆ ਦੀ ਸਾਜ਼ਿਸ਼ ਰਚਦੇ ਹਨ। ਉਹ, ਜੋ ਹੱਤਿਆ ਦਾ ਮਾਹੌਲ ਬਣਾਉਂਦੇ ਹਨ। ਪਹਿਲੇ ਤੇ ਦੂਜੇ ਨੰਬਰ ਦੇ ਗੁਨਾਹਗਾਰਾਂ ਦੀ ਸ਼ਨਾਖਤ ਕਰਨਾ ਪੁਲਸ ਦਾ ਕੰਮ ਹੈ, ਪਰ ਜੋ ਤੀਜੇ ਨੰਬਰ ਦੇ ਗੁਨਾਹਗਾਰ ਦੀ ਅਸੀਂ ਪਛਾਣ ਨਾ ਕਰੀਏ ਤਾਂ ਆਪਣਾ ਫਰਜ਼ ਨਿਭਾਉਣ ਤੋਂ ਖੁੰਝ ਜਾਵਾਂਗੇ। ਜੇ ਇਸ ਸਵਾਲ ਉੱਤੇ ਚੁੱਪ ਰਹਾਂਗੇ ਤਾਂ ਅਗਾਂਹ ਹੋਰ ਹੱਤਿਆਵਾਂ ਦਾ ਰਾਹ ਸਾਫ ਕਰਾਂਗੇ।
ਗੌਰੀ ਲੰਕੇਸ਼ ਸਿਰਫ ਇੱਕ ਵਿਅਕਤੀ ਨਹੀਂ, ਇੱਕ ਵਿਚਾਰ ਸੀ। ਉਨ੍ਹਾਂ ਦੀ ਹੱਤਿਆ ਜਿਸ ਨੇ ਵੀ ਕੀਤੀ ਹੋਵੇ, ਉਸ ਪਿੱਛੇ ਇੱਕ ਵਿਵਸਥਾ ਸੀ, ਇੱਕ ਵਿਚਾਰ ਸੀ। ਕਾਤਲਾਂ ਦੀ ਪਛਾਣ ਜਦੋਂ ਵੀ ਹੋਵੇ, ਪਰ ਕਾਤਲ ਵਿਚਾਰਾਂ ਅਤੇ ਵਿਵਸਥਾਵਾਂ ਦੀ ਪਛਾਣ ਅਸੀਂ ਹੀ ਕਰਨੀ ਹੈ। ਗੌਰੀ ਇੱਕ ਪੱਤਰਕਾਰ ਸੀ, ਜੋ ਕੰਨੜ ਭਾਸ਼ਾ ‘ਚ ਛਪਣ ਵਾਲੇ ਇੱਕ ਅਖਬਾਰ ‘ਲੰਕੇਸ਼ ਪੱਤਿ੍ਰਕਾ’ ਦੀ ਸੰਪਾਦਕ ਸੀ। ਇਸ ਦੀ ਸ਼ੁਰੂਆਤ ਉਨ੍ਹਾਂ ਦੇ ਪਿਤਾ ਪੀ. ਲੰਕੇਸ਼ ਨੇ 1970 ਵਿੱਚ ਕੀਤੀ ਸੀ। ਸ਼ੁਰੂ ਤੋਂ ਇਸ ਅਖਬਾਰ ਨੇ ਅੰਦੋਲਨਕਾਰੀ ਤੇਵਰਾਂ ਨਾਲ ਪੱਤਰਕਾਰੀ ਕੀਤੀ। ਸੱਤਾ ਦੀਆਂ ਕਮਜ਼ੋਰੀਆਂ ਨੂੰ ਬੇਨਕਾਬ ਕਰਨਾ ਅਤੇ ਹਾਸ਼ੀਏ ‘ਤੇ ਪਹੁੰਚੀਆਂ ਆਵਾਜ਼ਾਂ ਨੂੰ ਬੁਲੰਦ ਕਰਨਾ ਇਸ ਅਖਬਾਰ ਦਾ ਉਦੇਸ਼ ਰਿਹਾ ਹੈ। ਇਸ ਅਖਬਾਰ ਨੇ ਸੂਬੇ ਅਤੇ ਦੇਸ਼ ਵਿੱਚ ਫਿਰਕਾ ਪ੍ਰਸਤੀ ਵਿਰੁੱਧ ਖੂਬ ਆਵਾਜ਼ ਉਠਾਈ, ਜਿਸ ਕਾਰਨ ਭਾਜਪਾ ਤੇ ਸੰਘ ਨੇਤਾਵਾਂ ਨਾਲ ਇਸ ਅਖਬਾਰ ਦੇ ਮਾਲਕਾਂ, ਸੰਪਾਦਕਾਂ ਦਾ ਖੁੱਲ੍ਹਾ ਟਕਰਾਅ ਚੱਲਦਾ ਰਿਹਾ ਸੀ। ਭਾਜਪਾ ਦੇ ਸਥਾਨਕ ਆਗੂਆਂ ਨੇ ਗੌਰੀ ਵਿਰੁੱਧ ਮਾਣਹਾਨੀ ਦਾ ਕੇਸ ਵੀ ਕੀਤਾ ਸੀ ਤੇ ਅਦਾਲਤ ‘ਚ ਕੇਸ ਜਿੱਤ ਵੀ ਲਿਆ ਸੀ, ਪਰ ਇਸ ਦੀ ਅਪੀਲ ਹਾਈ ਕੋਰਟ ‘ਚ ਪੈਂਡਿੰਗ ਸੀ।
ਇਨ੍ਹੀਂ ਦਿਨੀਂ ਗੌਰੀ ਲੰਕੇਸ਼ ਸਾਰੇ ਕਰਨਾਟਕ ਵਿੱਚ ਫਿਰਕਾਪ੍ਰਸਤੀ ਵਿਰੁੱਧ ਮੁਹਿੰਮ ਚਲਾ ਰਹੀ ਸੀ ਤੇ ਉਨ੍ਹਾਂ ਨੂੰ ਖੁਦ ਹਿੰਦੂਵਾਦੀ ਕਹਿਣ ਵਾਲੇ ਸੰਗਠਨਾਂ ਤੋਂ ਧਮਕੀਆਂ ਮਿਲਦੀਆਂ ਰਹਿੰਦੀਆਂ ਸਨ। ਆਪਣੀ ਆਖਰੀ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਸੀ ਕਿ ਹੁਣ ਹੱਤਿਆ ਦੀਆਂ ਧਮਕੀਆਂ ਮਿਲਣਾ ਆਮ ਗੱਲ ਹੋ ਗਈ ਹੈ। ਜ਼ਾਹਰ ਹੈ ਕਿ ਹੁਣ ਇਹ ਸੋਚਣਾ ਸੁਭਾਵਿਕ ਹੈ ਕਿ ਇਸ ਹੱਤਿਆ ਪਿੱਛੇ ਕਿਤੇ ਨਾ ਕਿਤੇ ਹਿੰਦੂਧਰਮ ਦੇ ਨਾਂਅ ‘ਤੇ ਧੱਕੇਸ਼ਾਹੀ ਕਰਨ ਵਾਲੇ ਵਿਚਾਰ ਅਤੇ ਵਿਵਸਥਾ ਦੀ ਭੂਮਿਕਾ ਹੈ। ਇਹ ਘਟਨਾ ਕੋਈ ਇਕੱਲੀ ਨਹੀਂ, ਇਸ ਤੋਂ ਪਹਿਲਾਂ ਮਹਾਰਾਸ਼ਟਰ ‘ਚ ਪ੍ਰੋਫੈਸਰ ਦਾਭੋਲਕਰ ਅਤੇ ਪੰਸਾਰੇ ਤਾਂ ਕਰਨਾਟਕ ਕੁਲਬਰਗੀ ਦੇ ਕਤਲ ਹੋਏ ਸਨ। ਇਹ ਸਾਰੇ ਲੋਕ ਸਿਆਸੀ ਵਰਕਰ ਜਾਂ ਪੱਤਰਕਾਰ ਨਹੀਂ ਸਨ, ਇਹ ਸਿਰਫ ਵਿਗਿਆਨ ਤੇ ਤਰਕਸ਼ੀਲਤਾ ਦੇ ਸਮਰਥਨ ‘ਚ ਮੁਹਿੰਮ ਚਲਾ ਰਹੇ ਸਨ। ਉਨ੍ਹਾਂ ਨੂੰ ਵੀ ਹਿੰਦੂਤਵ ਦੇ ਠੇਕੇਦਾਰਾਂ ਤੋਂ ਚੁਣੌਤੀ ਮਿਲੀ, ਪਰ ਉਨ੍ਹਾਂ ਦੇ ਕਾਤਲਾਂ ਨੂੰ ਅੱਜ ਤੱਕ ਸਜ਼ਾ ਨਹੀਂ ਮਿਲ ਸਕੀ।
ਪਹਿਲੀ ਨਜ਼ਰੇ ਗੌਰੀ ਲੰਕੇਸ਼ ਦੀ ਹੱਤਿਆ ਵੀ ਇਸੇ ਕੜੀ ਦਾ ਅੰਗ ਲੱਗਦੀ ਹੈ। ਕਰਨਾਟਕ ਦੀ ਕਾਂਗਰਸ ਸਰਕਾਰ ਦਾ ਫਰਜ਼ ਹੈ ਕਿ ਉਹ ਇਸ ਕੇਸ ਦੀ ਪੂਰੀ ਜਾਂਚ ਕਰਵਾਏ। ਗੌਰੀ ਲੰਕੇਸ਼ ਸਿਰਫ ਇੱਕ ਪੱਤਰਕਾਰ ਨਹੀਂ, ਕਰਨਾਟਕ ਦੀ ਇੱਕ ਅਨੋਖੀ ਵਿਚਾਰਕ ਪਰੰਪਰਾ ਦੀ ਵਾਰਿਸ ਵੀ ਸੀ। ਕਰਨਾਟਕ ਤੋਂ ਬਾਹਰਲੇ ਲੋਕ ਇਸ ਪਰੰਪਰਾ ਤੋਂ ਜਾਣੂ ਨਹੀਂ ਹਨ। ਅਸਲ ‘ਚ ਕਰਨਾਟਕ ਦੇ ਸਾਹਿਤਕਾਰਾਂ ‘ਤੇ ਰਾਮ ਮਨੋਹਰ ਲੋਹੀਆ ਦੇ ਵਿਚਾਰਾਂ ਦਾ ਡੂੰਘਾ ਪ੍ਰਭਾਵ ਸੀ। ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਸ਼ਿਮੋਗਾ ਸ਼ਹਿਰ ਦੇ ਤਿੰਨ ਲੇਖਕਾਂ ਅਨੰਤਮੂਰਤੀ, ਪੂਰਨਚੰਦਰ ਤੇਜਸਵੀ ਅਤੇ ਪੀ. ਲੰਕੇਸ਼ ਨੇ ਕੰਨੜ ਸਾਹਿਤ ‘ਚ ਇੱਕ ਨਵੀਂ ਧਾਰਾ ਸ਼ੁਰੂ ਕੀਤੀ। ਇਨ੍ਹਾਂ ਦੀ ਲੇਖਣੀ ‘ਚ ਜਾਤ ਵਿਵਸਥਾ ਦਾ ਵਿਰੋਧ, ਔਰਤਾਂ ਨਾਲ ਨਾ ਬਰਾਬਰੀ ਵਾਲਾ ਸਲੂਕ ਤੇ ਕਿਸਾਨ ਅੰਦੋਲਨ ਦੇ ਵਿਸ਼ੇ ਪ੍ਰਮੁੱਖ ਹੁੰਦੇ ਸਨ।
ਇਹ ਪਿਛੋਕੜ ਗੌਰੀ ਲੰਕੇਸ਼ ਦੇ ਕਤਲ ਨੂੰ ਸਮਝਣ ਲਈ ਢੁੱਕਵਾਂ ਹੈ। ਜੇ ‘ਲੰਕੇਸ਼ ਪੱਤਿ੍ਰਕਾ’ ਅਖਬਾਰ ਅੰਗਰੇਜ਼ੀ ਵਿੱਚ ਨਿਕਲਦਾ ਤਾਂ ਸ਼ਾਇਦ ਉਨ੍ਹਾਂ ਦੇ ਵਿਰੋਧੀਆਂ ਨੂੰ ਫਰਕ ਨਾ ਪੈਂਦਾ, ਪਰ ਇਹ ਅਖਬਾਰ ਆਮ ਭਾਸ਼ਾ ਵਿੱਚ ਨਿਕਲਦਾ ਸੀ, ਜਿਸ ਵਿੱਚ ਹਿੰਦੂ ਸਭਿਅਤਾ ਦੇ ਪ੍ਰਤੀਕਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਜਾਂਦੀ ਸੀ। ਕਰਨਾਟਕ ਵਿੱਚ 12ਵੀਂ ਸਦੀ ਦੇ ਮਹਾਨ ਸਮਾਜ ਸੁਧਾਰਕ ਬਸਵਣਾ ਦੇ ਸਮੇਂ ਤੋਂ ਹਿੰਦੂ ਸਮਾਜ ਵਿਚਲੀਆਂ ਬੁਰਾਈਆਂ ਵਿਰੁੱਧ ਸੰਘਰਸ਼ ਦੀ ਲੰਬੀ ਪਰੰਪਰਾ ਰਹੀ ਹੈ, ਜੋ ਹਿੰਦੂਵਾਦ ਦੇ ਠੇਕੇਦਾਰਾਂ ਨੂੰ ਬਹੁਤ ਬੇਚੈਨ ਕਰਦੀ ਹੈ। ਉਨ੍ਹਾਂ ਲਈ ਅੰਗਰੇਜ਼ੀਦਾਨ ਸੈਕੁਲਰ ਬੁੱਧੀਜੀਵੀਆਂ ਦਾ ਮਜ਼ਾਕ ਉਡਾਉਣਾ ਸੌਖਾ ਹੈ, ਪਰ ਸਾਡੀਆਂ ਆਪਣੀਆਂ ਸਭਿਆਚਾਰਕ ਰਵਾਇਤਾਂ ਵਿੱਚ ਰਚੀ ਵਸੀ ਅਜਿਹੀ ਪਰੰਪਰਾ ਦੇ ਤਿੱਖੇ ਸਵਾਲਾਂ ਦਾ ਜਵਾਬ ਦੇਣਾ ਕਿਤੇ ਜ਼ਿਆਦਾ ਮੁਸ਼ਕਲ ਹੈ।
ਕਿਤੇ ਨਾ ਕਿਤੇ ਗੌਰੀ ਲੰਕੇਸ਼ ਦੀ ਹੱਤਿਆ ਦੇ ਸੁਰਾਗ ਇਥੇ ਹੀ ਲੁਕੇ ਹਨ। ਗੌਰੀ ਦੀ ਹੱਤਿਆ ਉਨ੍ਹਾਂ ਤਾਕਤਾਂ ਲਈ ਜ਼ਰੂਰੀ ਹੋ ਗਈ ਸੀ, ਜੋ ਹਿੰਦੂ ਧਰਮ ਦੀ ਸਭਿਆਚਾਰਕ ਵਿਰਾਸਤ ‘ਤੇ ਸਿਆਸੀ ਕਬਜ਼ਾ ਕਰਨਾ ਚਾਹੁੰਦੇ ਹਨ, ਪਰ ਹਿੰਦੂ ਧਰਮ ਤੇ ਸਭਿਅਤਾ ਦੀ ਸੱਚੀ ਵਿਰਾਸਤ ਦਾ ਸਾਹਮਣਾ ਕਰਨ ਤੋਂ ਡਰਦੇ ਹਨ। ਸਰਦੀਆਂ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਗੌਰੀ ਲੰਕੇਸ਼ ਦੀ ਹੱਤਿਆ ‘ਚ ਇੱਕ ਹੋਰ ਸੰਕੇਤ ਵੀ ਲੁਕਿਆ ਹੈ। ਗੌਰੀ ‘ਮਾਂ ਦੁਰਗਾ’ ਦਾ ਹੀ ਇੱਕ ਹੋਰ ਨਾਂਅ ਹੈ। ਉਹੀ ਦੁਰਗਾ, ਜੋ ‘ਕਾਲੀ’ ਦੇ ਨਾਂਅ ਨਾਲ ਜਾਣੀ ਜਾਂਦੀ ਹੈ। ਨਰਾਤਿਆਂ ਅਤੇ ਦੁਰਗਾ ਪੂਜਾ ਤੋਂ ਪਹਿਲਾਂ ਗੌਰੀ ਦੀ ਹੱਤਿਆ ਕਿਤੇ ਇੱਕ ਘਬਰਾਹਟ ਨੂੰ ਦਰਸਾਉਂਦੀ ਹੈ।
ਦੂਜੇ ਪਾਸੇ ਲੰਕੇਸ਼ ਭਾਵ ਰਾਵਣ ਨੂੰ ਭਗਵਾਨ ਸ਼ਿਵ ਦੇ ਪੱਕੇ ਭਗਤ ਵਜੋਂ ਪੂਜਿਆ ਜਾਂਦਾ ਹੈ। ਦੇਸ਼ ਵਿੱਚ ਇੱਕ ਤਰ੍ਹਾਂ ਦਾ ਹਿੰਦੂ ਧਰਮ ਚਲਾਉਣ ਵਾਲਿਆਂ ਤੋਂ ਇਹ ਗੱਲ ਹਜ਼ਮ ਨਹੀਂ ਹੁੰਦੀ ਕਿ ਇਸੇ ਦੇਸ਼ ਵਿੱਚ ਸ਼ਿਵ ਭਗਤ ਰਾਵਣ ਦੀ ਪੂਜਾ ਵੀ ਕਰਦੇ ਹਨ। ਭਾਵ ਦੁਰਗਾ ਆਪਣੇ ਦੂਜੇ ਰੂਪ ਵਿੱਚ ਪਾਰਵਤੀ ਹੈ। ਕਿਤੇ ਅਜਿਹਾ ਤਾਂ ਨਹੀਂ ਕਿ ਸ਼ਿਵ ਤੇ ਪਾਰਵਤੀ ਦੇ ਇਸ ਸੰਗਮ ਅਤੇ ਨਾਰੀ ਸ਼ਕਤੀ ਤੋਂ ਘਬਰਾਈ ਵਿਵਸਥਾ ਦਾ ਗੌਰੀ ਲੰਕੇਸ਼ ਦੀ ਹੱਤਿਆ ਵਿੱਚ ਕੋਈ ਹੱਥ ਹੋਵੇ।