ਗੌਰੀ ਲੰਕੇਸ਼ ਦੀ ਹੱਤਿਆ ਅਤੇ ਲਿੰਗਾਇਤ ਭਾਈਚਾਰਾ

gauri lankesh
-ਵਿਦਿਆਭੂਸ਼ਣ ਰਾਵਤ
ਛੇ ਸਤੰਬਰ ਨੂੰ ਪ੍ਰੈਸ ਕਾਨਫਰੰਸ ਆਫ ਇੰਡੀਆ ਵਿੱਚ ਖੜ੍ਹੇ ਹੋਣ ਦੀ ਵੀ ਜਗ੍ਹਾ ਨਹੀਂ ਸੀ। ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਵਿਰੁੱਧ ਸੋਸ਼ਲ ਮੀਡੀਆ ਦੇ ਨਾਲ ਗਲੀਆਂ ਤੇ ਸੜਕਾਂ ‘ਤੇ ਵੀ ਦੁੱਖ ਤੇ ਗੁੱਸੇ ਦੀ ਲਹਿਰ ਦੇਖਣ ਨੂੰ ਮਿਲ ਰਹੀ ਸੀ। ਕਈ ਧਿਰਾਂ ਨੇ ਹੱਥ ਮਿਲਾਇਆ ਤੇ ਮੌਜੂਦਾ ਸੱਤਾ ਤੰਤਰ ਅਤੇ ਇਸ ਦੀ ਹਿੰਦੂ ਰਾਸ਼ਟਰਵਾਦ ਵਾਲੀ ਸਿਆਸਤ ਨਾਲ ਮਤਭੇਦ ਰੱਖਣ ਵਾਲਿਆਂ ਵਿਰੁੱਧ ਹਿੰਸਾ ਦੀ ਸਿਆਸਤ ਦੇ ਖਿਲਾਫ ਬੋਲਣ ਲਈ ਉਠ ਖੜੇ ਹੋਏ। ਇਨ੍ਹਾਂ ਵਿੱਚ ਖੱਬੇ ਪੱਖੀ ਸਿਆਸਤਦਾਨ ਤਾਂ ਸ਼ਾਮਲ ਸਨ ਹੀ, ਰਾਹੁਲ ਗਾਂਧੀ ਤੇ ਹੋਰ ਪਾਰਟੀਆਂ ਦੇ ਨੇਤਾਵਾਂ ਨੇ ਵੀ ਇਸ ਕਤਲ ਦੀ ਨਿੰਦਾ ਕੀਤੀ ਤੇ ਪ੍ਰਗਟਾਵੇ ਦੀ ਆਜ਼ਾਦੀ ‘ਤੇ ਹੋਣ ਵਾਲੇ ਹਿੰਸਕ ਹਮਲਿਆਂ ਦੇ ਵਿਰੁੱਧ ਡਟ ਕੇ ਬੋਲੇ। ਇਹ ਸਾਰੇ ਚਾਹੁੰਦੇ ਸਨ ਕਿ ਅਸੀਂ ਇਕਜੁੱਟ ਹੋਈਏ ਤੇ ਇਸ ਵਿਰੁੱਧ ਲੜੀਏ। ਕੋਲਕਾਤਾ ‘ਚ ਮਮਤਾ ਬੈਨਰਜੀ ਵੀ ਵਿਖਾਵਾਕਾਰੀਆਂ ਨਾਲ ਸ਼ਾਮਲ ਹੋਈ।
ਮੰਚ ਉੱਤੇ ਬੋਲਣ ਤੋਂ ਫੌਰਨ ਬਾਅਦ ਬਰਖਾ ਦੱਤ ਤੇ ਰਾਜਦੀਪ ਸਰਦੇਸਾਈ ਨੇ ਕਿਹਾ ਕਿ ਪੱਤਰਕਾਰਾਂ ਨੂੰ ਅਜਿਹੀ ਸਥਿਤੀ ਪੈਦਾ ਨਹੀਂ ਹੋਣ ਦੇਣੀ ਚਾਹੀਦੀ ਕਿ ਸਿਆਸਤਦਾਨ ਮੰਚ ‘ਤੇ ਛਾ ਜਾਣ ਅਤੇ ਅਸੀਂ ਉਨ੍ਹਾਂ ਤੋਂ ਸਿਆਸੀ ਸਮਰਥਨ ਲੈਣ ਨੂੰ ਮਜਬੂਰ ਹੋ ਜਾਈਏ। ਬਰਖਾ ਦੱਤ ਤੋਂ ਫੌਰਨ ਬਾਅਦ ਇੱਕ ਹੋਰ ਐਕਟੀਵਿਸਟ ਪੱਤਰਕਾਰ ਨੇ ਉਨ੍ਹਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਇੱਕ ਜੰਗ ਹੈ, ਜਿਸ ਵਿੱਚ ਅਸੀਂ ਜਾਣਦੇ ਹਾਂ ਕਿ ਦੋਸ਼ੀ ਕੌਣ ਲੋਕ ਹਨ ਤੇ ਸਾਨੂੰ ਉਨ੍ਹਾਂ ਦਾ ਨਾਂਅ ਲੈਣ ਦੀ ਲੋੜ ਹੈ। ਇਹ ਅਸੀਂ ਜਾਣਦੇ ਹਾਂ ਕਿ ਸਿਆਸੀ ਪਾਰਟੀਆਂ ਨੂੰ ਪੱਤਰਕਾਰਤਾ ਤੇ ਵਿਚਾਰਾਂ ਨਾਲ ਕੋਈ ਖਾਸ ਲਗਾਅ ਨਹੀਂ ਰਹਿ ਗਿਆ ਤਾਂ ਵੀ ਇਹ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਜੇ ਮੰਚ ‘ਤੇ ਭਾਜਪਾ ਅਤੇ ਸੰਘ ਦੇ ਨੇਤਾ ਹੁੰਦੇ ਤਾਂ ਕੀ ਬਰਖਾ ਦੱਤ ਅਤੇ ਐਕਟੀਵਿਸਟ ਪੱਤਰਕਾਰ ਨੇ ਅਜਿਹੀਆਂ ਗੱਲਾਂ ਕਹਿਣ ਦੀ ਹਿੰਮਤ ਕੀਤੀ ਹੁੰਦੀ?
ਜਦੋਂ ਅਸੀਂ ਜਾਣਦੇ ਹਾਂ ਕਿ ਗੌਰੀ ਲੰੇਕੇਸ਼ ਦਾ ਕਾਤਲ ਕੌਣ ਹੋ ਸਕਦਾ ਹੈ ਤਾਂ ‘ਗੈਰ ਸਿਆਸੀ’ ਦਿੱਸਣ ਦੀ ਕੋਸਿ਼ਸ਼ ਕਿਉਂ ਹੋ ਰਹੀ ਹੈ? ਇਹ ਨੋਟਿਸ ਲੈਣਾ ਵੀ ਬੜਾ ਸਟੀਕ ਹੋਵੇਗਾ ਕਿ ਗੌਰੀ ਲੰਕੇਸ਼ ਨੂੰ ਪੱਤਰਕਾਰ ਹੋਣ ਕਰ ਕੇ ਮਾਰਿਆ ਗਿਆ ਜਾਂ ਇੱਕ ਅਜਿਹੀ ਵਿਚਾਰਕ ਹੋਣ ਕਰਕੇ, ਜਿਹੜੀ ਹਿੰਦੂਵਾਦ ਦੇ ਵਿਰੁੱਧ ਬੋਲਦੀ ਸੀ। ਗੌਰੀ ਲੰਕੇਸ਼ ਇਕ ਸਥਾਪਤ ਪਰਵਾਰ ਨਾਲ ਸੰਬੰਧਤ ਸੀ। ਉਨ੍ਹਾਂ ਦੇ ਪਿਤਾ ਪੀ ਲੰਕੇਸ਼ ‘ਲੰਕੇਸ਼ ਪੱਤਿ੍ਰਕੇ’ ਦੇ ਸੰਪਾਦਕ ਸਨ ਤੇ ਭਰਾ ਇੰਦਰਜੀਤ ਫਿਲਮ ਨਿਰਮਾਣ ਦੇ ਪੇਸ਼ੇ ਵਿੱਚ ਹਨ। ਇੰਦਰਜੀਤ ਆਪਣੇ ਪਿਤਾ ਦੀ ਮੌਤ ਤੋਂ ਬਾਅਦ ‘ਲੰਕੇਸ਼ ਪੱਤਿ੍ਰਕੇ’ ਦਾ ਮਾਲਕ ਬਣ ਗਿਆ। ਇਸ ਤੋਂ ਬਾਅਦ ਗੌਰੀ ਅਤੇ ਇੰਦਰਜੀਤ ਵਿਚਾਲੇ ਤਿੱਖੇ ਵਿਚਾਰਕ ਮਤਭੇਦ ਪੈਦਾ ਹੋ ਗਏ, ਜਿਸ ਕਾਰਨ ਉਸ ਨੂੰ ਆਪਣਾ ਕੰਨੜ ਰਸਾਲਾ ‘ਗੌਰੀ ਲੰਕੇਸ਼ ਪੱਤਿ੍ਰਕੇ’ ਸ਼ੁਰੂ ਕਰਨਾ ਪਿਆ। ਉਨ੍ਹਾਂ ਦੇ ਪਿਤਾ ਗਾਂਧੀਵਾਦੀ ਆਦਰਸ਼ਵਾਦ ਤੋਂ ਪ੍ਰਭਾਵਤ ਸਨ, ਪਰ ਗੌਰੀ ਉੱਤੇ ਤਰਕਸ਼ੀਲ ਅੰਦੋਲਨ ਦਾ ਵੱਧ ਪ੍ਰਭਾਵ ਸੀ। ਉਨ੍ਹਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਸਾਬਕਾ ਪਤੀ ਅਤੇ ਟਾਈਮਜ਼ ਆਫ ਇੰਡੀਆ ਦੇ ਵਿਦੇਸ਼ ਮਾਮਲਿਆਂ ਬਾਰੇ ਸੰਪਾਦਕ ਚਿਦਾਨੰਦ ਰਾਜਘੱਟਾ ਨੇ ਦੱਸਿਆ ਕਿ ਤਰਕਸ਼ੀਲ ਚਿੰਤਕ ਇਬਰਾਹੀਮ ਕਾਵੂਰ ਨੂੰ ਪੜ੍ਹਨ ਤੋਂ ਬਾਅਦ ਉਹ ਦੋਵੇਂ ਮੁੜ ਦੋਸਤ ਬਣ ਗਏ ਸਨ।
ਇਸ ਤੋਂ ਸਪੱਸ਼ਟ ਹੈ ਕਿ ਗੌਰੀ ਤਰਕਸ਼ੀਲ ਤਾਂ ਸੀ ਹੀ, ਨਾਲ ਉਹ ਸੰਵਿਧਾਨਵਾਦੀ ਵੀ ਸੀ। ਉਹ ਘੱਟਗਿਣਤੀਆਂ, ਦਲਿਤਾਂ ਅਤੇ ਆਦੀਵਾਸੀਆਂ ਦੇ ਹੱਕਾਂ ਦੀ ਗੱਲ ਕਰਦੀ ਸੀ। ਉਹ ‘ਐਮਨੈਸਟੀ’ ਇੰਟਰਨੈਸ਼ਨਲ ਸਮੇਤ ਵੱਖ-ਵੱਖ ਮਨੁੱਖੀ ਅਧਿਕਾਰ ਧੜਿਆਂ ਦੇ ਮੰਚਾਂ ‘ਤੇ ਬੋਲਦੀ ਰਹੀ ਸੀ ਤੇ ਬ੍ਰਾਹਮਣਵਾਦੀ ਹਿੰਦੂਵਾਦ ਦੀ ਆਲੋਚਕ ਸੀ।
ਸਾਨੂੰ ਉਨ੍ਹਾਂ ਘਟਨਾਵਾਂ ਨੂੰ ਅਣਡਿੱਠ ਨਹੀਂ ਕਰਨਾ ਚਾਹੀਦਾ, ਜੋ ਹਿੰਦੂਵਾਦ ਨੂੰ ਲੈ ਕੇ ਕਰਨਾਟਕ ‘ਚ ਤਣਾਅ ਵਧਾਉਣ ਦਾ ਰਾਹ ਪੱਧਰਾ ਕਰਦੀਆਂ ਰਹੀਆਂ ਸਨ। 27 ਅਗਸਤ 2017 ਨੂੰ ਕਰਨਾਟਕ ਦੇ ਬੇਲਗਾਵੀ ਸ਼ਹਿਰ ਵਿੱਚ ਲਿੰਗਾਇਤ ਸਮਾਜ ਦੇ ਸਿਆਸੀ ਆਗੂਆਂ ਅਤੇ ਸੰਤ-ਮਹਾਤਮਾਵਾਂ ਨੇ ਇੱਕ ਵੱਡੀ ਰੈਲੀ ਵਿੱਚ ਸ਼ਿਰਕਤ ਕੀਤੀ ਤੇ ਬਿਨਾਂ ਝਿਜਕ ਦੇ ਇਹ ਮੰਗ ਕੀਤੀ ਕਿ ਉਨ੍ਹਾਂ ਦਾ ਭਾਈਚਾਰਾ ਬ੍ਰਾਹਮਣਵਾਦੀ ਹਿੰਦੂ ਧਰਮ ਅੰਗ ਨਹੀਂ ਤੇ ਇਸ ਲਈ ਲਿੰਗਾਇਤ ਭਾਈਚਾਰੇ ਨੂੰ ਵੱਖਰੇ ਧਰਮ ਵਜੋਂ ਮਾਨਤਾ ਦਿੱਤੀ ਜਾਵੇ। ਇਹ ਕੋਈ ਪੁਰਾਣੀ ਮੰਗ ਨਹੀਂ, ਕਿਉਂਕਿ ਐਮ ਐਮ ਕਲਬੁਰਗੀ ਵਰਗੇ ਸਿਆਸੀ ਦਾਰਸ਼ਨਿਕਾਂ ਦੇ ਨਾਲ ਪ੍ਰੋਫੈਸਰ ਭਗਵਾਨ ਵੀ ਇਸ ਸੰਬੰਧ ‘ਚ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟਾ ਚੁੱਕੇ ਹਨ। ਪ੍ਰੋਫੈਸਰ ਕਲਬੁਰਗੀ ਨੂੰ ਉਨ੍ਹਾਂ ਦੇ ਘਰ ਵਿੱਚ ਬਹੁਤ ਬੇਰਹਿਮੀ ਨਾਲ ਮਾਰ ਦਿੱਤਾ ਗਿਆ ਸੀ, ਜਦ ਕਿ ਪ੍ਰੋਫੈਸਰ ਭਗਵਾਨ ਬ੍ਰਾਹਮਣਵਾਦੀ ਦੇਵਤਿਆਂ ਵਿਰੁੱਧ ਕਥਿਤ ‘ਈਸ਼ਵਰ ਨਿੰਦਾ’ ਕਾਰਨ ਪੁਲਸ ਸੁਰੱਖਿਆ ਹੇਠ ਰਹਿ ਰਹੇ ਹਨ।
ਪ੍ਰਸਿੱਧ ਅਖਬਾਰ ‘ਦਿ ਹਿੰਦੂ’ ਨੇ ਇਸ ਰੈਲੀ ਦੇ ਸੰਬੰਧ ਵਿੱਚ ਵਿਸਥਾਰ ਨਾਲ ਰਿਪੋਰਟ ਛਾਪੀ ਤੇ ਕਿਹਾ ਕਿ ਸਾਰੇ ਸੰਤਾਂ ਅਤੇ ਸਿਆਸੀ ਆਗੂਆਂ ਨੇ ਆਰ ਐੱਸ ਐੱਸ ਦੇ ਮੁਖੀ ਮੋਹਨ ਭਾਗਵਤ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਉਨ੍ਹਾਂ ਦੇ ਭਾਈਚਾਰੇ ਦੇ ਮਾਮਲਿਆਂ ਵਿੱਚ ਦਖਲ ਨਾ ਦੇਣ। ਇਨ੍ਹਾਂ ਸੰਤਾਂ ਵਿੱਚੋਂ ਇੱਕ ਜਯਬਾਸਵ ਮਿਤੁੰਜਯ ਸਵਾਮੀ ਨੇ ਕਿਹਾ, ‘ਮੈਂ ਮੋਹਣ ਭਾਗਵਤ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਅੰਬੇਡਕਰ ਦੇ ਸੰਵਿਧਾਨ ‘ਚ ਯਕੀਨ ਰੱਖਦੇ ਹਾਂ, ਮਨੂੰਵਾਦੀਆਂ ਦੇ ਸੰਵਿਧਾਨ ‘ਚ ਨਹੀਂ। ਅਸੀਂ ਲੋਕਤੰਤਰ ਦੇ ਆਧੁਨਿਕ ਸਿਧਾਂਤਾਂ ਮੁਤਾਬਕ ਜੀਵਨ ਗੁਜਾਰਦੇ ਹਾਂ, ਵੈਦਿਕ ਵਿਚਾਰਧਾਰਾਵਾਂ ਅਨੁਸਾਰ ਨਹੀਂ। ਜੋ ਨੇਤਾ ਸਾਨੂੰ ਵੰਡਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਾਡਾ ਕਹਿਣਾ ਹੈ ਕਿ ਇਨ੍ਹਾਂ ਕੋਸ਼ਿਸ਼ਾਂ ਤੋਂ ਬਾਜ਼ ਆਉਣ।”
ਇਸ ਗੱਲ ਵਿੱਚ ਜ਼ਰਾ ਵੀ ਸ਼ੱਕ ਨਹੀਂ ਕਿ ਗੌਰੀ ਲੰਕੇਸ਼ ਦੇ ਵਿਚਾਰ ਇਸ ਦਾਅਵੇ ਦਾ ਸਮਰਥਨ ਕਰਦੇ ਸਨ ਕਿ ਲਿੰਗਾਇਤ ਧਰਮ ਹਿੰਦੂ ਧਰਮ ਤੋਂ ਵੱਖਰਾ ਹੈ। ਕਰਨਾਟਕ ਕਿਉਂਕਿ ਭਾਜਪਾ ਲਈ ਦੱਖਣ ਭਾਰਤ ‘ਚ ਦਾਖਲ ਹੋਣ ਦਾ ਰਾਹ ਹੈ, ਇਸ ਲਈ ਇਹ ਭਾਜਪਾ ਵਾਸਤੇ ਖਾਸ ਅਹਿਮੀਅਤ ਰੱਖਦਾ ਹੈ। ਕਰਨਾਟਕ ਕੁਲ ਆਬਾਦੀ ‘ਚ ਲਿੰਗਾਇਤ ਭਾਈਚਾਰੇ ਦੀ ਹਿੱਸੇਦਾਰੀ 17 ਫੀਸਦੀ ਹੈ ਤੇ ਇਸ ਸੂਬੇ ਤੋਂ ਭਾਜਪਾ ਦੇ ਪ੍ਰਮੁੱਖ ਨੇਤਾ ਯੇਦੀਯੁਰੱਪਾ ਤੇ ਹੋਰ ਚੋਟੀ ਦੇ ਨੇਤਾ ਮੁੜ ਸੱਤਾ ‘ਚ ਆਉਣ ਪ੍ਰਤੀ ਆਸਵੰਦ ਸਨ, ਪਰ ਘਟਨਾ ਨੇ ਕੁਝ ਅਜਿਹੀ ਕਰਵਟ ਬਦਲੀ ਕਿ ਉਨ੍ਹਾਂ ਲਈ ਹਾਲਾਤ ਕਾਫੀ ਮੁਸ਼ਕਲ ਬਣ ਗਏ। ਯੇਦੀਯੁਰੱਪਾ ਅਜੇ ਵੀ ਕਰਨਾਟਕ ‘ਚ ਹਿੰਦੂਵਾਦ ਦੇ ਪ੍ਰਤੀਕ ਮੰਨੇ ਜਾਂਦੇ ਹਨ, ਪਰ ਲਿੰਗਾਇਤ ਭਾਈਚਾਰੇ ਦੀ ਧਾਰਮਿਕ ਲੀਡਰਸ਼ਿਪ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ ਤੇ ਉਸ ਨੇ ਸਪੱਸ਼ਟ ਸ਼ਬਦਾਂ ਵਿੱਚ ਬ੍ਰਾਹਮਣਵਾਦੀ ਹਿੰਦੂਆਂ ਤੋਂ ਆਪਣਾ ਰਾਹ ਵੱਖਰਾ ਕਰਨ ਦਾ ਸੰਦੇਸ਼ ਦਿੱਤਾ ਹੈ, ਜੋ ਕਿ ਯਕੀਨੀ ਤੌਰ ‘ਤੇ ਚੋਣਾਂ ਤੋਂ ਐਨ ਪਹਿਲਾਂ ਲਿੰਗਾਇਤ ਭਾਈਚਾਰੇ ਲਈ ਕੋਈ ਹਾਂ-ਪੱਖੀ ਸੰਕੇਤ ਨਹੀਂ ਹੈ।
ਏਦਾਂ ਲੱਗਦਾ ਹੈ ਕਿ ਭਾਜਪਾ ਨੂੰ ਵੀ ਇਹ ਮਹਿਸੂਸ ਹੋ ਗਿਆ ਹੈ ਕਿ ਗੌਰੀ ਲੰਕੇਸ਼ ਦੀ ਮੌਤ ਤੋਂ ਬਾਅਦ ਲਿੰਗਾਇਤ ਭਾਈਚਾਰੇ ‘ਚ ਇਸ ਪ੍ਰਤੀ ਸਦਭਾਵਨਾ ਕਾਫੀ ਘੱਟ ਗਈ ਹੈ। ਲਿੰਗਾਇਤ ਭਾਈਚਾਰੇ ਦੇ ਜੋ ਉਦਾਰ ਭਾਜਪਾ ਦਾ ਸਮਰਥਨ ਕਰਦੇ ਸਨ, ਉਹ ਗੌਰੀ ਦੇ ਕਤਲ ਪਿੱਛੋਂ ਇਸ ਦੇ ਪ੍ਰਚੰਡ ਵਿਰੋਧੀ ਹੋ ਗਏ ਹਨ, ਖਾਸ ਤੌਰ ‘ਤੇ ਉਦੋਂ, ਜਦੋਂ ਹਿੰਦੂਵਾਦੀਆਂ ਨੇ ਗੌਰੀ ਲੰਕੇਸ਼ ਦੀ ਹੱਤਿਆ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ। ਹਮੇਸ਼ਾ ਵਾਂਗ ਵਿਕੇ ਹੋਏ ਮੀਡੀਆ ਨੂੰ ਕਈ ਢੰਗਾਂ, ਪਰ ਬੜੀ ਸਾਵਧਾਨੀ ਨਾਲ ਬਦਨਾਮੀ ਦੀ ਮੁਹਿੰਮ ਚਲਾਉਣ ਲਈ ਅੱਗੇ ਕੀਤਾ ਗਿਆ। ਸੂਚਨਾ ਤੇ ਪ੍ਰਸਾਰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਗੌਰੀ ਲੰਕੇਸ਼ ਦੀ ਹੱਤਿਆ ‘ਤੇ ਖੁਸ਼ ਹੋਣ ਵਾਲੇ ਲੋਕਾਂ ਦੀ ਨਿੰਦਾ ਕੀਤੀ, ਪਰ ਟਵਿੱਟਰ ਤੇ ਵਟਸਐਪ ਵਰਗੇ ਸੋਸ਼ਲ ਮੀਡੀਆ ਦੇ ਮੰਚਾਂ ‘ਤੇ ਨਿੰਦਕਾਂ ਦੀ ਘੁਸਰ ਮੁਸਰ ਵਾਲੀ ਮੁਹਿੰਮ ਰੁਕਣ ਦਾ ਨਾਂਅ ਨਹੀਂ ਲੈ ਰਹੀ।
ਦੂਜੇ ਪਾਸੇ ਮੀਡੀਆ ਸਾਮਰਾਜਾਂ ਦੇ ਮਾਲਕ ਇਸ ਮੁੱਦੇ ‘ਤੇ ਵੱਖ-ਵੱਖ ਨਜ਼ਰੀਏ ਦੀ ਪੇਸ਼ਕਾਰੀ ਦੇ ਬਹਾਨੇ ਹਫੜਾ-ਦਫੜੀ ਨੂੰ ਹੋਰ ਵਧਾ ਰਹੇ ਹਨ। ਹੋਰ ਤਾਂ ਹੋਰ, ਹੁਣ ਉਨ੍ਹਾਂ ਨੇ ਗੌਰੀ ਦੇ ਭਰਾ ਨੂੰ ਵੀ ਅੱਗੇ ਕੀਤਾ ਹੋਇਆ ਹੈ ਕਿਉਂਕਿ ਉਹ ਆਪਣੇ ਪਰਵਾਰ ਦੀ ਵਿਰਾਸਤ ਵਿਰੁੱਧ ਜਾ ਕੇ ਭਾਜਪਾ ‘ਚ ਸ਼ਾਮਲ ਹੋਣਾ ਚਾਹੰੁਦਾ ਹੈ। ਇੰਦਰਜੀਤ ਲੰਕੇਸ਼ ਨੇ 10 ਜੁਲਾਈ ਨੂੰ ਇੱਕ ਨਿਊਜ਼ ਰਿਪੋਰਟ ਦੇ ਅਨੁਸਾਰ ਇਹ ਕਿਹਾ ਸੀ, ‘‘25 ਸਾਲਾਂ ਤੱਕ ਪੱਤਰਕਾਰੀ ਤੇ ਫਿਲਮ ਉਦਯੋਗ ਵਿੱਚ ਰਹਿਣ ਦੇ ਸਿੱਟੇ ਵਜੋਂ ਮੈਨੂੰ ਲੋਕਾਂ ਤੋਂ ਢੇਰ ਸਾਰਾ ਪਿਆਰ ਮਿਲਿਆ ਹੈ। ਸਿਆਸਤ ਬਿਲਕੁਲ ਵੱਖਰੀ ਕਿਸਮ ਦੀ ਜਗ੍ਹਾ ਹੈ, ਪਰ ਮੈਂ ਜਾਨਣਾ ਚਾਹੁੰਦਾ ਹਾਂ ਕਿ ਕੀ ਮੈਂ ਇਸ ‘ਚ ਫਿੱਟ ਹੋ ਸਕਦਾ ਹਾਂ। ਫਿਲਹਾਲ ਮੇਰੇ ਬਾਰੇ ਤੁਸੀਂ ਕਹਿ ਸਕਦੇ ਹੋ ਕਿ ਮੈਂ ਭਾਜਪਾ ਦੀ ਵਿਚਾਰਧਾਰਾ ਨਾਲ ਕਤਾਰਬੱਧ ਹਾਂ। ਉਂਝ ਯੇਦੀਯੁਰੱਪਾ ਤੇ ਮੋਦੀ ਦੀ ਲੀਡਰਸ਼ਿਪ ਨੇ ਮੈਨੂੰ ਸਿਆਸਤ ‘ਚ ਆਉਣ ਲਈ ਉਤਸ਼ਾਹਤ ਕੀਤਾ ਹੈ। ਫਿਲਹਾਲ ਇਹ ਸਿਰਫ ਕਲਪਨਾ ਹੈ ਤੇ ਅਜੇ ਤੱਕ ਇਹ ਨਹੀਂ ਕਿਹਾ ਜਾ ਸਕਦਾ ਕਿ ਮੈਂ ਪੱਕੇ ਤੌਰ ‘ਤੇ ਸਿਆਸਤ ਵਿੱਚ ਆਵਾਂਗਾ ਜਾਂ ਨਹੀਂ, ਪਰ ਇੱਕ ਗੱਲ ਤੈਅ ਹੈ ਕਿ ਫਿਲਮ ਨਿਰਮਾਣ ਦਾ ਕੰਮ ਮੈਂ ਪਹਿਲਾਂ ਵਾਂਗ ਹੀ ਕਰਦਾ ਰਹਾਂਗਾ ਅਤੇ ਛੇਤੀ ਹੀ ਆਪਣੀ ਅਗਲੀ ਫਿਲਮ ਦੇ ਵੇਰਵਿਆਂ ਦਾ ਐਲਾਨ ਕਰਾਂਗਾ।”