ਗੌਂਡਰ ਤੇ ਲਾਹੌਰੀਆ ਦੇ ਵਾਰਸਾਂ ਨੇ ਘਟਨਾ ਸਥਾਨ ਦੀ ਵੀਡੀਓਗ੍ਰਾਫੀ ਕੀਤੀ


ਮਲੋਟ, 12 ਫਰਵਰੀ (ਪੋਸਟ ਬਿਊਰੋ)- ਪਿਛਲੇ ਮਹੀਨੇ ਪੁਲਸ ਮੁਕਾਬਲੇੇ ਵਿੱਚ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੇ ਪਰਵਾਰਾਂ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਵੀਡੀਓਗ੍ਰਾਫੀ ਕਰਵਾਈ ਹੈ। ਇਸ ਮੁਕਾਬਲੇ ਵਿੱਚ ਮਾਰੇ ਗਏ ਅੰਮ੍ਰਿਤਸਰ ਦੇ ਸ਼ਮਿੰਦਰ ਸਿੰਘ ਦਾ ਪਰਵਾਰ ਇਸ ਕਾਰਵਾਈ ਵਿੱਚ ਸ਼ਾਮਲ ਨਹੀਂ ਹੋਇਆ।
ਇਸ ਦੌਰਾਨ ਵਿੱਕੀ ਗੌਂਡਰ ਦੇ ਮਾਮੇ ਗੁਰਭੇਜ ਸਿੰਘ ਨੇ ਦੱਸਿਆ ਕਿ ਥਾਣਾ ਹਿੰਦੂਮਲ ਕੋਟ ਦੇ ਇੰਚਾਰਜ ਭੁਪਿੰਦਰ ਸੋਨੀ ਤੋਂ ਇਲਾਵਾ ਉਨ੍ਹਾਂ ਦੇ ਪੰਜ ਪਰਵਾਰਕ ਮੈਂਬਰਾਂ, ਪ੍ਰੇਮਾ ਲਾਹੌਰੀਆ ਦੇ ਤਿੰਨ ਪਰਵਾਰਕ ਮੈਂਬਰਾਂ ਅਤੇ ਇਕ ਫੋਟੋਗ੍ਰਾਫਰ ਸਮੇਤ ਕੁੱਲ ਨੌਂ ਵਿਅਕਤੀਆਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕੇਸ ਦੀ ਜਾਂਚ ਕਰ ਰਹੇ ਗੰਗਾਨਗਰ ਦੇ ਐਡੀਸ਼ਨਲ ਐਸ ਪੀ ਸੁਰਿੰਦਰ ਰਾਠੌੜ ਤੋਂ ਘਟਨਾ ਸਥਾਨ ਦੀ ਵੀਡੀਓਗ੍ਰਾਫੀ ਦੀ ਇਜਾਜ਼ਤ ਮੰਗੀ ਸੀ, ਪਰ ਉਨ੍ਹਾਂ ਨੇ ਪਹਿਲਾਂ ਬਿਆਨ ਦਰਜ ਕਰਾਉਣ ਲਈ ਕਿਹਾ ਸੀ। ਪਰਵਾਰ ਨੇ ਪਹਿਲਾਂ ਘਟਨਾ ਵਾਲੀ ਥਾਂ ਦਾ ਦੌਰਾ ਕਰਕੇ ਫੇਰ ਬਿਆਨ ਲਿਖਵਾਉਣ ਦੀ ਬੇਨਤੀ ਕੀਤੀ ਸੀ। ਇਸ ਦੇ ਬਾਅਦ ਐਸ ਪੀ ਸੁਰਿੰਦਰ ਰਾਠੌੜ ਨੇ ਉਨ੍ਹਾਂ ਨਾਲ ਸਹਿਮਤ ਹੁੰਦਿਆਂ ਥਾਣਾ ਹਿੰਦੂਮਲ ਕੋਟ ਦੇ ਇੰਚਾਰਜ ਭੁਪਿੰਦਰ ਸਿੰਘ ਸੋਨੀ ਨੂੰ ਆਖਿਆ ਕਿ ਉਹ ਦੋਵਾਂ ਪਰਵਾਰਾਂ ਨਾਲ ਜਾ ਕੇ ਘਟਨਾ ਵਾਲੀ ਥਾਂ ਦਾ ਦੌਰਾ ਕਰਾਉਣ। ਉਨ੍ਹਾਂ ਦੱਸਿਆ ਕਿ ਉਨ੍ਹਾਂ ਘਟਨਾ ਸਥਾਨ ਤੋਂ ਲੋੜੀਂਦੇ ਸਬੂਤ ਕੈਮਰੇ ‘ਚ ਬੰਦ ਕੀਤੇ ਹਨ ਤੇ ਆਉਂਦੇ ਦਿਨਾਂ ਵਿੱਚ ਜੋਧਪੁਰ ਹਾਈ ਕੋਰਟ ਵਿੱਚ ਕੇਸ ਪਾਇਆ ਜਾਵੇਗਾ।