ਗੋਸਾਈ ਕਤਲ ਕੇਸ ਵਿੱਚ ਐਨ ਆਈ ਏ ਵੱਲੋਂ ਜੱਗੀ ਜੌਹਲ ਸਮੇਤ 12 ਦੇ ਖਿਲਾਫ ਚਾਰਜਸ਼ੀਟ ਦਾਖਲ


ਐਸ ਏ ਐਸ ਨਗਰ (ਮੁਹਾਲੀ), 5 ਮਈ (ਪੋਸਟ ਬਿਊਰੋ)- ਹਿੰਦੂ ਨੇਤਾ ਰਵਿੰਦਰ ਗੋਸਾਈ ਦੇ ਕਤਲ ਕੇਸ ਵਿੱਚ ਮੁਹਾਲੀ ਦੀ ਐਨ ਆਈ ਏ ਅਦਾਲਤ ਨੇ ਬ੍ਰਿਟੇਨ ਦੇ ਨਾਗਰਿਕ ਜਗਤਾਰ ਸਿੰਘ ਉਰਫ ਜੱਗੀ ਜੌਹਲ ਸਮੇਤ 12 ਮੁਲਜ਼ਮਾਂ ਦੇ ਵਿਰੁੱਧ ਚਾਰਜਸ਼ੀਟ ਦਾਖਲ ਕੀਤੀ ਹੈ। ਇਨ੍ਹਾਂ ਵਿੱਚ ਹਰਦੀਪ ਸਿੰਘ ਉਰਫ ਸ਼ੇਰਾ ਅਤੇ ਰਮਨਦੀਪ ਸਿੰਘ ਕੈਨੇਡੀਅਨ ਉਰਫ ਬੱਗਾ, ਧਰਮਿੰਦਰ ਸਿੰਘ ਗੁਗਨੀ, ਅਨਿਲ ਕਾਲਾ, ਪ੍ਰਵੇਜ਼, ਪਹਾੜ ਸਿੰਘ, ਮਲੂਕ, ਅਮਨਿੰਦਰ ਸਿੰਘ, ਮਨਪ੍ਰੀਤ ਸਿੰਘ ਤੇ ਰਵੀਪਾਲ ਸ਼ਾਮਲ ਹਨ। ਇਨ੍ਹਾਂ ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਵਿੱਚ ਜੇਲ੍ਹ ਵਿੱਚ ਮਰ ਚੁੱਕੇ ਕੈਦੀ ਹਰਮਿੰਦਰ ਸਿੰਘ ਮਿੰਟੂ ਦਾ ਨਾਂ ਵੀ ਹੈ। ਜੱਗੀ ਜੌਹਲ ਦੇ ਖਿਲਾਫ ਕਤਲ ਦੀਆਂ ਵਾਰਦਾਤਾਂ ਲਈ ਦੋਸ਼ੀਆਂ ਨੂੰ ਫੰਡਿੰਗ ਕਰਨ ਦਾ ਦੋਸ਼ ਹੈ।
ਇਸ ਦੌਰਾਨ ਐਨ ਆਈ ਏ (ਕੌਮੀ ਜਾਂਚ ਏਜੰਸੀ) ਦੀ ਅਪੀਲ ਉੱਤੇ ਅਦਾਲਤ ਨੇ ਚਾਰ ਮੁਲਜ਼ਮਾਂ ਹਰਮੀਤ ਸਿੰਘ, ਗੁਰਸ਼ਰਨਵੀਰ ਸਿੰਘ, ਗੁਰਜੰਟ ਸਿੰਘ ਅਤੇ ਗੁਰਜਿੰਦਰ ਸ਼ਾਸਤਰੀ ਨੂੰ ਭਗੌੜੇ ਐਲਾਨ ਕਰ ਦਿੱਤਾ ਹੈ। ਐਨ ਆਈ ਏ ਦੇ ਵਕੀਲ ਸੁਰਿੰਦਰ ਸਿੰਘ ਪਰਮਾਰ ਨੇ ਇਕ ਦੋਸ਼ੀ ਤਲਜੀਤ ਸਿੰਘ ਉਰਫ ਜਿੰਮੀ ਨੂੰ ਇਸ ਕੇਸ ਵਿੱਚੋਂ ਡਿਸਚਾਰਜ ਕਰਨ ਦੀ ਅਰਜ਼ੀ ਦਾਇਰ ਕੀਤੀ ਹੈ। ਇਸ ਤੋਂ ਪਹਿਲਾਂ ਐਨ ਆਈ ਏ ਵੱਲੋਂ ਜਿੰਮੀ ਨੂੰ ਲੁਧਿਆਣਾ ਵਿੱਚ ਆਰ ਐਸ ਐਸ ਦੀ ਸ਼ਾਖਾ ਉਤੇ ਗੋਲੀਆਂ ਚਲਾਉਣ ਦੇ ਕੇਸ ਵਿੱਚ ਨਾਮਜ਼ਦ ਕਰ ਕੇ ਫਰੀਦਕੋਟ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ ‘ਤੇ ਗ੍ਰਿਫਤਾਰ ਕੀਤਾ ਗਿਆ ਸੀ। ਜਿੰਮੀ ਉੱਤੇ ਐਨ ਆਈ ਏ ਨੇ ਬਾਕੀ ਦੋਸ਼ੀਆਂ ਦੀ ਵਿੱਤੀ ਮਦਦ ਲਈ ਵਿਦੇਸ਼ ‘ਚੋਂ ਪੈਸੇ ਭਿਜਵਾਉਣ ਦਾ ਦੋਸ਼ ਲਾਇਆ ਸੀ। ਅਦਾਲਤ ਨੇ ਇਸ ਕੇਸ ਦੀ ਅਗਲੀ ਸੁਣਵਾਈ ਲਈ 22 ਮਈ ਦੀ ਤਾਰੀਖ ਮਿਥੀ ਹੈ।
ਕੱਲ੍ਹ ਕੇਸ ਦੀ ਸੁਣਵਾਈ ਲਈ ਐਨ ਆਈ ਏ ਜੱਜ ਆਂਸਲ ਬੇਰੀ ਦੀ ਕੋਰਟ ਵਿੱਚ ਮੁਲਜ਼ਮਾਂ ਨੂੰ ਸਖਤ ਸੁਰੱਖਿਆ ਹੇਠ ਪੇਸ਼ ਕੀਤਾ ਗਿਆ। ਇਸ ਦੌਰਾਨ ਮੀਡੀਆ ਕਰਮੀਆਂ ਨੂੰ ਪੁਲਸ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਣਾ ਪਿਆ, ਜਿਸ ਬਾਰੇ ਉਨ੍ਹਾਂ ਨੇ ਮਾਮਲਾ ਐਸ ਐਸ ਪੀ ਦੇ ਧਿਆਨ ਵਿੱਚ ਲਿਆਂਦਾ, ਪਰ ਕੋਈ ਗੱਲ ਨਹੀਂ ਬਣੀ। ਇਸ ਉੱਤੇ ਮੀਡੀਆ ਨੇ ਡੀ ਜੀ ਪੀ ਤੱਕ ਪਹੁੰਚ ਕੀਤੀ ਤਾਂ ਉਨ੍ਹਾ ਦੇ ਦਖਲ ਤੋਂ ਬਾਅਦ ਪੁਲਸ ਨਰਮ ਪਈ।