ਗੋਲੀ ਮਾਰ ਕੇ ਠੇਕੇ ਦਾ ਕਰਿੰਦਾ ਮਾਰ ਦਿੱਤਾ ਗਿਆ


ਕਰਤਾਰਪੁਰ, 9 ਜੂਨ (ਪੋਸਟ ਬਿਊਰੋ)- ਕੱਲ੍ਹ ਸ਼ਾਮ ਕਰਤਾਰਪੁਰ-ਮੱਲ੍ਹੀਆਂ ਰੋਡ ਉੱਤੇ ਪਿੰਡ ਮੱਲ੍ਹੀਆਂ ਤੋਂ ਬਾਹਰ ਠੇਕੇ ‘ਤੇ ਕਰਿੰਦੇ ਨੂੰ ਅਣਪਛਾਤਿਆਂ ਵੱਲੋਂ ਗੋਲੀ ਮਾਰ ਦਿੱਤੀ ਗਈ, ਜਿਸ ਦੀ ਮੌਕੇ ‘ਤੇ ਮੌਤ ਹੋ ਗਈ।
ਡੀ ਐਸ ਪੀ ਸਰਬਜੀਤ ਰਾਏ ਨੇ ਦੱਸਿਆ ਕਿ ਦੇਰ ਸ਼ਾਮ ਸ਼ਰਾਬ ਦੇ ਠੇਕੇਦਾਰ ਸ਼ਮਸ਼ੇਰ ਸਿੰਘ ਨੇ ਪੁਲਸ ਨੂੰ ਇਸ ਬਾਰੇ ਦੱਸਿਆ ਤਾਂ ਮੌਕੇ ‘ਤੇ ਜਾ ਕੇ ਪੁਲਸ ਨੇ ਵੇਖਿਆ ਕਿ ਕਰੀਬ ਸਾਢੇ ਅੱਠ ਹਜ਼ਾਰ ਦੀ ਨਕਦੀ ਠੇਕੇ ਦੇ ਗੱਲੇ ਵਿੱਚ ਪਈ ਹੈ ਤੇ ਠੇਕੇ ਅੰਦਰ ਕਰਿੰਦੇ ਕਰਨੈਲ ਸਿੰਘ (55) ਪੁੱਤਰ ਕਰਮਚੰਦ ਵਾਸੀ ਤਲਵਾੜਾ ਜ਼ਿਲਾ ਹੁਸ਼ਿਆਰਪੁਰ ਦੀ ਲਾਸ਼ ਪਈ ਸੀ, ਜਿਸ ਦੀ ਕਨਪਟੀ ‘ਤੇ ਗੋਲੀ ਮਾਰੀ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਲੁੱਟ ਖੋਹ ਦਾ ਮਾਮਲਾ ਨਹੀਂ ਜਾਪਦਾ, ਕੋਈ ਪੁਰਾਣੀ ਰੰਜਿਸ਼ ਦਾ ਸ਼ੱਕ ਜਾਪਦਾ ਹੈ। ਘਟਨਾ ਸੰਬੰਧੀ ਕਿਸੇ ਸ਼ਰਾਬ ਲੈਣ ਆਏ ਵਿਅਕਤੀ ਨੇ ਉਸ ਦੁਕਾਨ, ਜਿਥੇ ਠੇਕਾ ਹੈ, ਦੇ ਮਾਲਕ ਨੂੰ ਦੱਸਿਆ ਤੇ ਮਾਲਕ ਨੇ ਠੇਕੇਦਾਰ ਨੂੰ ਸੂਚਨਾ ਦਿੱਤੀ। ਇਹ ਠੇਕਾ ਜਗਦੇਵਪੁਰੀਆਂ ਅਤੇ ਅਦਰਜ਼ ਦਾ ਦੱਸਿਆ ਜਾਂਦਾ ਹੈ, ਜਿਨ੍ਹਾਂ ਦਾ ਇਹ ਕਰਿੰਦਾ ਕਰਨੈਲ ਸਿੰਘ ਠੇਕੇ ਵਿੱਚ ਹੀ ਰਹਿੰਦਾ ਸੀ। ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਠੇਕੇਦਾਰ ਸ਼ਮਸ਼ੇਰ ਸਿੰਘ ਦੇ ਬਿਆਨਾਂ ‘ਤੇ ਕੇਸ ਦਰਜ ਕਰ ਲਿਆ ਹੈ ਅਤੇ ਅਗਾਂਹ ਤਫਤੀਸ਼ ਜਾਰੀ ਹੈ। ਜੋ ਗੋਲੀ ਕਰਿੰਦੇ ਦੇ ਲੱਗੀ ਹੈ ਉਹ ਪੁਲਸ ਨੇ ਬਰਾਮਦ ਕਰ ਲਈ ਹੈ ਅਤੇ ਤਫਤੀਸ਼ ਜਾਰੀ ਹੈ।