ਗੋਦਾਮ ਵਿੱਚ ਲੱਗੀ ਅੱਗ ਨਾਲ ਮਾਂ ਅਤੇ ਦੋ ਬੱਚੀਆਂ ਜ਼ਿੰਦਾ ਸੜੀਆਂ


ਕਰਨਾਲ, 1 ਜੂਨ (ਪੋਸਟ ਬਿਊਰੋ)- ਏਥੇ ਇੱਕ ਫਰਨੀਚਰ ਦੇ ਗੋਦਾਮ ‘ਚ ਲੱਗੀ ਅੱਗ ਨਾਲ ਇਕ ਔਰਤ ਅਤੇ ਉਸ ਦੀਆਂ ਦੋ ਧੀਆਂ ਦੀ ਝੁਲਸਣ ਕਾਰਨ ਮੌਤ ਹੋ ਜਾਣ ਦੀ ਖਬਰ ਮਿਲੀ ਹੈ।
ਮਿਲੀ ਜਾਣਕਾਰੀ ਅਨੁਸਾਰ ਸਥਾਨਕ ਰਾਮ ਨਗਰ ਵਿਖੇ ਦਿੱਲੀ ਦੇ ਰਾਕੇਸ਼ ਕੁਮਾਰ ਨੇ ਫਰਨੀਚਰ ਦਾ ਗੁਦਾਮ ਬਣਾਇਆ ਹੋਇਆ ਹੈ, ਜਿਸ ਦੀ ਉਪਰਲੀ ਮੰਜ਼ਿਲ ਉਸ ਨੇ ਕਿਰਾਏ ਉਤੇ ਦਿੱਤੀ ਹੋਈ ਹੈ। ਇਸ ਵਿੱਚ ਰਾਜੂ ਅਤੇ ਉਸ ਦੀ ਪਤਨੀ ਪੂਜਾ ਆਪਣੀਆਂ ਦੋ ਧੀਆਂ ਕਿਟੂ (ਸੱਤ ਸਾਲ) ਅਤੇ ਪਰੀ (ਪੰਜ ਸਾਲ) ਨਾਲ ਰਹਿੰਦੇ ਹਨ, ਜੋ ਕਿ ਸਫਾਈ ਦਾ ਕੰਮ ਕਰਦਾ ਹੈ। ਕਰੀਬ 9 ਵਜੇ ਜਦ ਰਾਜੂ ਕੰਮ ‘ਤੇ ਗਿਆ ਸੀ ਤਾਂ ਉਸ ਸਮੇਂ ਫਰਨੀਚਰ ਦੇ ਗੋਦਾਮ ‘ਚ ਅਚਾਨਕ ਅੱਗ ਲੱਗ ਗਈ, ਜੋ ਉਪਰਲੀ ਮੰਜ਼ਿਲ ਤੱਕ ਫੈਲ ਗਈ ਅਤੇ ਪੂਜਾ ਅਤੇ ਉਸ ਦੀਆਂ ਦੋਵੇਂ ਧੀਆਂ ਬਾਹਰ ਨਹੀਂ ਆ ਸਕੀਆਂ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ‘ਕੇ ਪੁੱਜ ਗਈਆਂ। ਉਪਰਲੀ ਮੰਜ਼ਿਲ ‘ਤੇ ਪਰਵਾਰ ਦੇ ਤਿੰਨ ਮੈਂਬਰਾਂ ਦੇ ਫਸੇ ਹੋਣ ਕਾਰਨ ਇਮਾਰਤ ਦੀਆਂ ਬਾਹਰਲੀਆਂ ਦੀਵਾਰਾਂ ਤੋੜ ਕੇ ਤਿੰਨਾਂ ਨੂੰ ਬਾਹਰ ਕੱਢਿਆ ਗਿਆ ਅਤੇ ਗੰਭੀਰ ਹਾਲਤ ‘ਚ ਉਨ੍ਹਾਂ ਨੂੰ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ।