ਗੋਆ ਵਿੱਚ ਭਾਜਪਾ ਸਰਕਾਰ ਨੇ ਬਹੁ-ਮੱਤ ਸਾਬਤ ਕਰ ਵਿਖਾਇਆ

parikarਪਣਜੀ, 16 ਮਾਰਚ, (ਪੋਸਟ ਬਿਊਰੋ)- ਗੋਆ ਵਿੱਚ ਅੱਜ ਮੁੱਖ ਮੰਤਰੀ ਮਨੋਹਰ ਪਾਰੀਕਰ ਸਰਕਾਰ ਨੇ 40 ਮੈਂਬਰਾਂ ਵਾਲੀ ਵਿਧਾਨ ਸਭਾ ਵਿਚ 22 ਵਿਧਾਇਕਾਂ ਦੀ ਹਮਾਇਤ ਨਾਲ ਬਹੁਮਤ ਸਾਬਤ ਕਰ ਦਿਤਾ। ਵਿਰੋਧੀ ਧਿਰ ਕਾਂਗਰਸ ਵਲੋਂ ਪਾਰੀਕਰ ਸਰਕਾਰ ਵਿਰੁੱਧ ਸਿਰਫ਼ 16 ਵੋਟਾਂ ਭੁਗਤੀਆਂ ਅਤੇ ਪਾਰਟੀ ਦਾ ਇਕ ਵਿਧਾਇਕ ਇਸ ਅਹਿਮ ਮੌਕੇ ਗ਼ੈਰ ਹਾਜ਼ਰ ਰਿਹਾ, ਜਿਸ ਨੇ ਬਾਅਦ ਵਿਚ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਦਿਤਾ।
ਵਰਨਣ ਯੋਗ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਉੱਤੇ ਗੋਆ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਕੀਤਾ ਗਿਆ ਸੀ। ਮੁੱਖ ਮੰਤਰੀ ਪਾਰੀਕਰ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਭਾਰਤ ਦੇ ਰੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ 14 ਮਾਰਚ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਵਿਧਾਨ ਸਭਾ ਵਿਚ ਬਹੁ-ਮੱਤ ਸਾਬਤ ਕਰਨ ਮੌਕੇ ਭਾਜਪਾ ਦੇ 12 ਵਿਧਾਇਕਾਂ ਤੋਂ ਇਲਾਵਾ ਗੋਆ ਫ਼ਾਰਵਰਡ ਪਾਰਟੀ ਦੇ ਤਿੰਨ, ਮਹਾਰਾਸ਼ਟਰ ਗੋਮਾਂਤਕ ਪਾਰਟੀ ਦੇ ਤਿੰਨ ਅਤੇ ਤਿੰਨ ਆਜ਼ਾਦ ਵਿਧਾਇਕਾਂ ਨਾਲ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਇਕ ਵਿਧਾਇਕ ਨੇ ਵੀ ਪਾਰੀਕਰ ਦੇ ਹੱਕ ਵਿਚ ਵੋਟ ਪਾਈ। ਵਿਰੋਧੀ ਧਿਰ ਕਾਂਗਰਸ ਦੇ 16 ਵਿਧਾਇਕ ਮੌਜੂਦ ਸਨ, ਪਰ ਨਵੇਂ ਚੁਣੇ ਗਏ ਵਿਧਾਇਕ ਵਿਸ਼ਵਜੀਤ ਰਾਣੇ ਗ਼ੈਰ ਹਾਜ਼ਰ ਰਹੇ। ਆਰਜ਼ੀ ਸਪੀਕਰ ਤੇ ਭਾਜਪਾ ਦੇ ਵਿਧਾਇਕ ਸਿਧਾਰਥ ਕੁਨਕੋਲਿਨਕਰ ਨੇ ਭਰੋਸੇ ਦਾ ਵੋਟ ਹਾਸਲ ਕਰਨ ਦੀ ਪ੍ਰਕਿਰਿਆ ਪੂਰੀ ਕਰਵਾਈ।
ਇਸ ਤੋਂ ਪਹਿਲਾਂ ਮਨੋਹਰ ਪਾਰੀਕਰ ਦਾ ਸਹੁੰ ਚੁੱਕ ਸਮਾਗਮ ਰੋਕਣ ਲਈ ਕਾਂਗਰਸ ਪਾਰਟੀ ਨੇ 13 ਮਾਰਚ ਨੂੰ ਸੁਪਰੀਮ ਕੋਰਟ ਵਿਚ ਅਰਜ਼ੀ ਦੇ ਕੇ ਦਾਅਵਾ ਕੀਤਾ ਸੀ ਕਿ ਕਾਂਗਰਸ ਸੱਭ ਤੋਂ ਵੱਡੀ ਪਾਰਟੀ ਹੋਣ ਕਾਰਨ ਸਰਕਾਰ ਬਣਾਉਣ ਲਈ ਉਸ ਨੂੰ ਸੱਦਾ ਮਿਲਣਾ ਚਾਹੀਦਾ ਹੈ, ਪਰ ਅਦਾਲਤ ਨੇ ਸਹੁੰ ਚੁੱਕ ਸਮਾਗਮ ਉੱਤੇ ਰੋਕ ਲਾਉਣ ਤੋਂ ਨਾਂਹ ਕਰ ਕੇ 16 ਮਾਰਚ ਨੂੰ ਸ਼ਕਤੀ ਪ੍ਰੀਖਣ ਕਰਵਾਉਣ ਦੇ ਹੁਕਮ ਦੇ ਦਿਤੇ ਸਨ।