ਗੋਆ ਤੇ ਮਨੀਪੁਰ ਵਿੱਚ ਸਰਕਾਰ ਬਣਾਉਣ ਦਾ ਮੌਕਾ ਨਾ ਮਿਲਣ ਤੋਂ ਕਾਂਗਰਸ ਭੜਕੀ

goaਨਵੀਂ ਦਿੱਲੀ, 15 ਮਾਰਚ, (ਪੋਸਟ ਬਿਊਰੋ)- ਗੋਆ ਅਤੇ ਮਣੀਪੁਰ ਵਿਚ ਭਾਜਪਾ ਤੋਂ ਵੱਧ ਸੀਟਾਂ ਜਿੱਤਣ ਦੇ ਬਾਵਜੂਦ ਸਰਕਾਰ ਬਣਾਉਣ ਦਾ ਮੌਕਾ ਨਾ ਦਿੱਤੇ ਜਾਣ ਨੂੰ ਲੈ ਕੇ ਕਾਂਗਰਸ ਦੇ ਮੈਂਬਰਾਂ ਨੇ ਅੱਜ ਰਾਜ ਸਭਾ ਵਿਚ ਹੰਗਾਮਾ ਕੀਤਾ ਜਿਸ ਕਾਰਨ ਸਦਨ ਦੀ ਕਾਰਵਾਈ ਵਿਚ ਵਾਰ-ਵਾਰ ਰੁਕਾਵਟ ਪਈ ਤੇ ਚਾਰ ਵਾਰ ਮੁਲਤਵੀ ਕਰਨ ਤੋਂ ਪਿੱਛੋਂ ਅਖ਼ੀਰ ਬੈਠਕ ਪੂਰੇ ਦਿਨ ਲਈ ਕਾਰਵਾਈ ਮੁਲਤਵੀ ਕਰਨੀ ਪਈ। ਕਾਂਗਰਸ ਪਾਰਟੀ ਨੇ ਇਨ੍ਹਾਂ ਦੋ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਹਟਾ ਕੇ ਉਥੇ ਕਾਂਗਰਸ ਨੂੰ ਸਰਕਾਰਾਂ ਬਣਾਉਣ ਦਾ ਮੌਕਾ ਦੇਣ ਦੀ ਮੰਗ ਕੀਤੀ। ਸਰਕਾਰ ਨੇ ਕਿਹਾ ਕਿ ਦੋਵਾਂ ਥਾਂਈਂ ਭਾਜਪਾ ਦੀਆਂ ਸਰਕਾਰਾਂ ਲੋਕਰਾਜੀ ਪ੍ਰਕਿਰਿਆ ਨਾਲ ਬਣੀਆਂ ਹਨ ਤੇ ਉਨ੍ਹਾਂ ਕੋਲ ਬਹੁਮਤ ਹੈ।
ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਅਜ਼ਾਦ ਨੇ ਕਿਹਾ ਕਿ ਗੋਆ ਤੇ ਮਣੀਪੁਰ ਦੋਵੇਂ ਰਾਜਾਂ ਦੇ ਵਿਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਗੋਆ ਵਿਚ ਮੁੱਖ ਮੰਤਰੀ ਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ 7 ਵੱਡੇ ਮੈਂਬਰ ਹਾਰ ਗਏ। ਇਸ ਤੋਂ ਵੱਧ ਸਰਕਾਰ ਵਿਰੁਧ ਲੋਕ-ਫ਼ਤਵਾ ਹੋਰ ਕੀ ਹੁੰਦਾ ਹੈ? ਉਨ੍ਹਾਂ ਦੋਸ਼ ਲਾਇਆ ਕਿ ਮਣੀਪੁਰ ਵਿਚ ਪੂਰਾ ਇੱਕ ਸਾਲ ਕੇਂਦਰ ਸਰਕਾਰ ਨੇ ਰਾਜ ਦੀ ਕਾਂਗਰਸ ਸਰਕਾਰ ਨੂੰ ਅਸਥਿਰ ਕਰਨ ਵਿਚ ਕੋਈ ਕਸਰ ਨਹੀਂ ਛੱਡੀ, ਪਰ ਵਿਧਾਨ ਸਭਾ ਚੋਣਾਂ ਵਿਚ ਉਥੇ ਵੀ ਕਾਂਗਰਸ ਇਕੱਲੀ ਸੱਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਈ ਹੈ। ਉਨ੍ਹਾਂ ਮਣੀਪੁਰ ਅਤੇ ਗੋਆ ਵਿਚ ਲੋਕਰਾਜ ਦੀ ਹਤਿਆ ਕੀਤੇ ਜਾਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਪੁਰੀਮ ਕੋਰਟ ਦੀਆਂ ਦੋ ਵਿਧਾਨਕ ਡਵੀਜ਼ਨਾਂ ਦੇ ਹੁਕਮਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਗੋਆ ਤੇ ਮਣੀਪੁਰ ਦੇ ਮੁੱਖ ਮੰਤਰੀਆਂ ਨੂੰ ਬਰਖ਼ਾਸਤ ਕਰ ਕੇ ਉਥੇ ਸੱਭ ਤੋਂ ਵੱਡੀ ਪਾਰਟੀ ਹੋਣ ਕਾਰਨ ਪਹਿਲਾਂ ਕਾਂਗਰਸ ਨੂੰ ਸਰਕਾਰ ਬਣਾਉਣ ਲਈ ਸੱਦਾ ਦਿਤਾ ਜਾਵੇ।
ਦੂਸਰੇ ਪਾਸੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਉਨ੍ਹਾਂ ਦੇ ਵਿਰੋਧ ਵਿੱਚ ਕਿਹਾ ਕਿ ਦੋਵਾਂ ਰਾਜਾਂ ਵਿਚ ਲਟਕਵੀਂ ਵਿਧਾਨ ਸਭਾ ਬਣੀ ਹੈ, ਜਿਸ ਵਿਚ ਕਿਸੇ ਵੀ ਦਲ ਕੋਲ ਬਹੁਮਤ ਨਹੀਂ। ਇਸ ਸਥਿਤੀ ਦੌਰਾਨ ਰਾਸ਼ਟਰਪਤੀ ਅਤੇ ਗਵਰਨਰ ਕੋਲ ਦੋ ਬਦਲ ਹੁੰਦੇ ਹਨ, ਜਾਂ ਉਹ ਸਰਕਾਰ ਬਣਾਉਣ ਲਈ ਇਕੱਲੀ ਸੱਭ ਤੋਂ ਵੱਡੀ ਪਾਰਟੀ ਨੂੰ ਸੱਦੇ ਜਾਂ ਬਦਲਵੇਂ ਗਠਜੋੜ ਨੂੰ ਸੱਦਾ ਦੇਵੇ, ਜਿਸ ਕੋਲ ਬਹੁਮਤ ਹੋਵੇ। ਪਹਿਲਾਂ ਵੀ ਬਦਲਵੇਂ ਗਠਜੋੜ ਨੂੰ ਸਰਕਾਰ ਬਣਾਉਣ ਦਾ ਸੱਦਾ ਦੇਣ ਦੀ ਪ੍ਰੰਪਰਾ ਰਹੀ ਹੈ। ਜੇਤਲੀ ਨੇ ਝਾਰਖੰਡ ਦੀ ਮਿਸਾਲ ਦਿਤੀ, ਜਿਥੇ ਇਕ ਵਾਰ ਭਾਜਪਾ ਨੂੰ ਸੱਭ ਤੋਂ ਵੱਧ ਸੀਟਾਂ ਮਿਲਣ ਦੇ ਬਾਵਜੂਦ ਅਜਿਹੇ ਇਕ ਬਦਲਵੇਂ ਗਠਜੋੜ ਨੂੰ ਸਰਕਾਰ ਬਣਾਉਣ ਦਾ ਮੌਕਾ ਦਿਤਾ ਗਿਆ ਸੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੇ ਜੋ ਦਲੀਲ ਦਿਤੀ ਹੈ, ਉਹ ਦਲੀਲ ਸੁਪਰੀਮ ਕੋਰਟ ਵਿਚ ਦਿਤੀ ਗਈ ਅਤੇ ਸੱਭ ਤੋਂ ਵੱਡੀ ਗੱਲ ਇਹ ਹੈ ਕਿ ਕਾਂਗਰਸ ਨੇ ਸਰਕਾਰ ਬਣਾਉਣ ਲਈ ਦਾਅਵਾ ਵੀ ਪੇਸ਼ ਨਹੀਂ ਕੀਤਾ।
ਇਸ ਬਹਿਸ ਤੋਂ ਪਹਿਲਾਂ ਗੁਲਾਮ ਨਬੀ ਅਜ਼ਾਦ ਨੇ ਕਿਹਾ ਕਿ ਉਤਰ ਪ੍ਰਦੇਸ਼ ਅਤੇ ਉਤਰਾਖੰਡ ਵਿਚ ਭਾਜਪਾ ਨੂੰ ਸਾਫ ਬਹੁਮਤ ਮਿਲਿਆ, ਪਰ ਉਥੇ ਅੱਜ ਤਕ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਨਹੀਂ ਕੀਤਾ ਗਿਆ ਤੇ ਹਾਲੇ ਤਕ ਮੁੱਖ ਮੰਤਰੀ ਲਈ ਕੋਈ ਚਿਹਰਾ ਸਾਹਮਣੇ ਨਹੀਂ ਆਇਆ, ਪਰ ਜਿਥੇ ਭਾਜਪਾ ਨੂੰ ਬਹੁਮਤ ਨਹੀਂ, ਉਥੇ ਸਰਕਾਰ ਬਣਾਉਣ ਲਈ ਜੋੜ-ਤੋੜ ਸ਼ੁਰੂ ਕਰ ਦਿਤਾ ਹੈ। ਅਜ਼ਾਦ ਨੇ ਕਿਹਾ ਕਿ ਇਹ ਲੋਕਤੰਤਰ ਦਾ ਗੰਭੀਰ ਮੁੱਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਬਿਨਾਂ ਬਹੁਮਤ ਦੇ ਇਨ੍ਹਾਂ ਦੋ ਰਾਜਾਂ ਵਿਚ ਸਰਕਾਰ ਬਣਾ ਰਹੀ ਹੈ।