ਗੈਸ ਦੀਆਂ ਕੀਮਤਾਂ ਵਿੱਚ ਲੀਟਰ ਪਿੱਛੇ 10 ਸੈਂਟ ਦੀ ਕਟੌਤੀ ਦਾ ਫੋਰਡ ਨੇ ਕੀਤਾ ਵਾਅਦਾ


ਓਨਟਾਰੀਓ, 16 ਮਈ (ਪੋਸਟ ਬਿਊਰੋ) : 7 ਜੂਨ ਨੂੰ ਹੋਣ ਜਾ ਰਹੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਜਿੱਤਣ ਉੱਤੇ ਪੀਸੀ ਪਾਰਟੀ ਉਮੀਦਵਾਰ ਡੱਗ ਫੋਰਡ ਵੱਲੋਂ ਗੈਸੋਲੀਨ ਦੀਆਂ ਕੀਮਤਾਂ ਵਿੱਚ 10 ਸੈਂਟ ਪ੍ਰਤੀ ਲੀਟਰ ਦੀ ਕਟੌਤੀ ਕਰਨ ਦਾ ਵਾਅਦਾ ਕੀਤਾ ਗਿਆ ਹੈ।
ਪੀਸੀ ਆਗੂ ਨੇ ਬੁੱਧਵਾਰ ਨੂੰ ਆਖਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਕੈਥਲੀਨ ਵਿੰਨ ਸਰਕਾਰ ਦੇ ਲੀਟਰ ਪਿੱਛੇ 4.3 ਸੈਂਟ ਵਸੂਲੇ ਜਾਣ ਵਾਲੇ ਕਾਰਬਨ ਟੈਕਸ ਨੂੰ ਖਤਮ ਕਰਨ ਦੀ ਗੱਲ ਆਖੀ ਗਈ ਸੀ। ਉਹ ਵਾਤਾਵਰਣ ਨੂੰ ਬਚਾਉਣ ਲਈ ਵਿੰਨ ਸਰਕਾਰ ਵੱਲੋਂ ਤਿਆਰ ਕੈਪ ਐਂਡ ਟਰੇਡ ਪ੍ਰੋਗਰਾਮ ਨੂੰ ਖਤਮ ਕਰਨਾ ਚਾਹੁੰਦੇ ਹਨ ਤੇ ਇਸੇ ਲੜੀ ਤਹਿਤ ਉਹ ਪ੍ਰੋਵਿੰਸ਼ੀਅਲ ਫਿਊਲ ਟੈਕਸ ਵਿੱਚ 5.7 ਸੈਂਟ ਦੀ ਕਮੀ ਲਿਆਉਣਗੇ।
ਓਕਵਿੱਲੇ ਵਿੱਚ ਹਸਕੀ ਗੈਸ ਸਟੇਸ਼ਨ ਉੱਤੇ ਫੋਰਡ ਨੇ ਆਖਿਆ ਕਿ ਇਹ ਹੋਵੇਗੀ ਅਸਲ ਬਚਤ ਜਿਸਦੇ ਨਾਲ ਤੁਹਾਡੀ ਜੇਬ੍ਹ ਵਿੱਚ ਵੀ ਪੈਸਾ ਬਚੇਗਾ। ਜਿ਼ਕਰਯੋਗ ਹੈ ਕਿ ਪਿਛਲੇ ਕੁੱਝ ਸਮੇਂ ਵਿੱਚ ਜੀਟੀਏ ਵਿੱਚ ਗੈਸ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਫੋਰਡ ਵੱਲੋਂ ਕੀਤੇ ਗਏ ਇਸ ਐਲਾਨ ਨੂੰ ਜੇ ਅਮਲ ਵਿੱਚ ਲਿਆਂਦਾ ਜਾਂਦਾ ਹੈ ਤਾਂ ਇਸ ਨਾਲ ਪ੍ਰੋਵਿੰਸ ਦੇ ਖਜ਼ਾਨੇ ਨੂੰ 1.2 ਬਿਲੀਅਨ ਡਾਲਰ ਦੀ ਕਮਾਈ ਤੋਂ ਹੱਥ ਧੁਆਉਣਾ ਹੋਵੇਗਾ। ਇੱਥੇ ਦੱਸਣਾ ਬਣਦਾ ਹੈ ਕਿ ਫੋਰਡ, ਸਰਕਾਰ ਵੱਲੋਂ ਕੀਤੇ ਜਾ ਰਹੇ ਖਰਚਿਆਂ ਵਿੱਚ 6 ਬਿਲੀਅਨ ਡਾਲਰ ਦੀ ਕਟੌਤੀ ਤੇ ਇਨਕਮ ਟੈਕਸ ਵਿੱਚ 2.3 ਬਿਲੀਅਨ ਦੀ ਕਟੌਤੀ ਦਾ ਤਹੱਈਆ ਪ੍ਰਗਟਾ ਚੁੱਕੇ ਹਨ।