‘ਗੈਸਲਾਈਟਰ’ ਕਿਉਂ ਬਣ ਰਹੀ ਹੈ ਕੈਥਲਿਨ ਵਿੱਨ

13 Kathleen Patrickਉਂਟੇਰੀਓ ਦੀ ਪ੍ਰੀਮੀਅਰ ਕੈਥਲਿਨ ਵਿੱਨ ਨੇ ਆਪਣੇ ਵਕੀਲ ਜੈਕ ਸੀਅਗਲ ਰਾਹੀਂ ਪ੍ਰੋਵਿੰਸ਼ੀਅਲ ਪੀ ਸੀ ਪਾਰਟੀ ਦੇ ਲੀਡਰ ਪੈਟਰਿਕ ਬਰਾਊਨ ਨੂੰ ਕਨੂੰਨੀ ਨੋਟਿਸ ਭੇਜ ਕੇ ਮੰਗ ਕੀਤੀ ਹੈ ਕਿ ਉਹ ਜਨਤਕ ਰੂਪ ਵਿੱਚ ਬੀਬੀ ਵਿੱਨ ਕੋਲੋਂ ਮੁਆਫੀ ਮੰਗੇ। ਪ੍ਰੀਮੀਅਰ ਵੱਲੋਂ ਭੇਜੇ ਗਏ ਨੋਟਿਸ ਦਾ ਕਾਰਣ ਹੈ ਕਿ ਕੁੱਝ ਦਿਨ ਪਹਿਲਾਂ ਕੁਈਨ ਪਾਰਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੈਟਰਿਕ ਬਰਾਊਨ ਨੇ ਸ਼ਬਦਾਂ ਦੇ ਥੋੜੇ ਹੇਠ ਫੇਰ ਨਾਲ ਇਹ ਆਖ ਦਿੱਤਾ ਸੀ ਕਿ ਸਡਬਰੀ ਚੋਣ ਧਾਂਦਲੀ ਕੇਸ ਵਿੱਚ ਪ੍ਰੀਮੀਅਰ ਵਿਰੁੱਧ ਕੇਸ ਚੱਲ ਰਿਹਾ ਹੈ। ਚੇਤੇ ਰਹੇ ਕਿ ਸਡਬਰੀ ਚੋਣ ਘੁਟਾਲੇ ਵਿੱਚ ਕੈਥਲਿਨ ਵਿੱਨ ਦੀ ਸਾਬਕਾ ਚੀਫ ਆਫ ਸਟਾਫ ਪੈਟ ਸੋਰਬਾਰਾ ਅਤੇ ਸਡਬਰੀ ਦੇ ਇੱਕ ਲੋਕਲ ਲਿਬਰਲ ਆਗੂ ਗੈਰੀ ਲੋਗਹੀਡ ਵਿਰੁੱਧ ਮੁੱਕਦਮਾ ਚੱਲ ਰਿਹਾ ਹੈ। ਇਹਨਾਂ ਉੱਤੇ ਸਡਬਰੀ ਰਾਈਡਿੰਗ ਤੋਂ 2014 ਦੀਆਂ ਚੋਣਾਂ ਵਿੱਚ ਹਾਰੇ ਹੋਏ ਲਿਬਰਲ ਉਮੀਦਵਾਰ ਐਂਡਰੀਊ ਓਲਵੀਅਰ ਨੂੰ ਲਾਂਭੇ ਕਰਕੇ ਐਨ ਡੀ ਪੀ ਦੇ ਸਾਬਕਾ ਮੈਂਬਰ ਪਾਰਲੀਮੈਂਟ ਗਲੈਨ ਥੀਬਾਲਟ ਨੂੰ ਲਿਬਰਲ ਉਮੀਦਵਾਰ ਬਣਾਉਣ ਲਈ ਰਾਜੀ ਕਰਨ (ਦਲਬਦਲੀ) ਦੀ ਪ੍ਰਕਿਰਿਆ ਦੌਰਾਨ ਉਂਟੇਰੀਓ ਚੋਣ ਐਕਟ ਦੀ ਉਲੰਘਣਾ ਕੀਤੇ ਜਾਣ ਦੇ ਦੋਸ਼ ਹਨ।

ਇਹਨਾਂ ਦੋਵਾਂ ਭੱਦਰਪੁਰਸ਼ਾਂ ਨੇ ਓਲੀਵੀਅਰ ਨੂੰ ਜੌਬ ਦੇਣ ਅਤੇ ਗਲੈਨ ਨੂੰ ਮੰਤਰੀ ਬਣਾਉਣ ਦੇ ਝਾਂਸੇ ਦਿੱਤੇ ਜੋ ਕਿ ਐਕਟ ਮੁਤਾਬਕ ਅਪਰਾਧ ਹੈ। ਪੈਟਰਿਕ ਬਰਾਊਨ ਨੂੰ ਚਾਹੀਦਾ ਸੀ ਕਿ ਇੱਕ ਸਿਆਸੀ ਜਮਾਤ ਦੇ ਆਗੂ ਹੋਣ ਨਾਤੇ ਉਹ ਆਪਣੀ ਗੱਲਬਾਤ ਨੂੰ ਤੱਥਾਂ ਦੇ ਆਧਾਰ ਉੱਤੇ ਕਰਦਾ।

ਜਿੱਥੇ ਤੱਕ ਸਡਬਰੀ ਚੋਣ ਘੁਟਾਲੇ ਦਾ ਸਬੰਧ ਹੈ, ਜੇਕਰ ਦਾਲ ਵਿੱਚ ਕੁੱਝ ਕਾਲਾ ਹੀ ਨਹੀਂ ਸੀ ਤਾਂ ਪ੍ਰੀਮੀਅਰ ਨੇ ਅਦਾਲਤ ਵਿੱਚ ਜਾ ਕੇ ਗਵਾਹੀ ਭਰਨ ਦਾ ਫੈਸਲਾ ਕਿਉਂ ਕੀਤਾ? ਇਸ ਕੇਸ ਵਿੱਚ ਕੋਈ ਦੋਸ਼ੀ ਹੈ ਵੀ ਜਾਂ ਨਹੀਂ , ਇਸ ਬਾਰੇ ਉਸ ਵੇਲੇ ਤੱਕ ਕੁੱਝ ਨਹੀਂ ਆਖਿਆ ਜਾ ਸਕਦਾ ਜਦੋਂ ਤੱਕ ਅਦਾਲਤ ਫੈਸਲਾ ਨਹੀਂ ਦੇ ਦੇਂਦੀ। ਪਰ ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਅਦਾਲਤ ਵਿੱਚ ਦੋਸ਼ੀ ਨਾ ਪਾਏ ਜਾਣ ਦਾ ਇਹ ਅਰਥ ਨਹੀਂ ਕਿ ਪ੍ਰਤੀਵਾਦੀ (Respondent) ਨਿਰਦੋਸ਼ ਹੋ। ਕਈ ਵਾਰ ਬੱਸ ਐਨਾ ਹੁੰਦਾ ਹੈ ਕਿ ਦਾਅਵੇਦਾਰ ਧਿਰ ਤੁਹਾਡੇ ਦੋਸ਼ ਨੂੰ ਇਸ ਪੱਧਰ ਉੱਤੇ ਸਾਬਤ ਨਹੀਂ ਕਰ ਸਕੀ ਕਿ ਅਦਾਲਤ ਆਖ ਸਕੇ ਕਿ ਤੁਸੀਂ ਦੋਸ਼ੀ ਹੋ। ਦੋਸ਼ੀ ਸਾਬਤ ਨਾ ਹੋਣ ਅਤੇ ਅਸਲੋਂ ਨਿਰਦੋਸ਼ ਹੋਣ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਸਡਬਰੀ ਸਮੇਤ ਕਈ ਅਦਾਲਤੀ ਕੇਸਾਂ ਦੇ ਪਰੀਪੇਖ ਵਿੱਚ ਇਹ ਤੱਥ ਦਿਲਚਸਪ ਬਣ ਜਾਂਦਾ ਹੈ।

ਕੋਈ ਸ਼ੱਕ ਨਹੀਂ ਕਿ ਇਸ ਕੇਸ ਵਿੱਚ ਪ੍ਰੀਮੀਅਰ ਕੈਥਲਿਨ ਵਿੱਨ ਵਿਰੁੱਧ ਅਦਾਲਤ ਵਿੱਚ ਸਿੱਧਾ ਕੇਸ ਨਹੀਂ ਹੈ। ਪਰ ਕੀ ਉਹ ਇਸ ਗੱਲ ਤੋਂ ਵੀ ਮੁਨਕਰ ਹੋ ਸਕਦੀ ਹੈ ਕਿ ਲਿਬਰਲ ਪਾਰਟੀ ਦੀ ਨੇਤਾ ਅਤੇ ਪ੍ਰੋਵਿੰਸ ਦੀ ਪ੍ਰੀਮੀਅਰ ਹੋਣ ਨਾਤੇ ਉਹ ਲਿਬਰਲ ਪਾਰਟੀ ਅਤੇ ਸਰਕਾਰ ਦੇ ਹਰ ਕੰਮ ਲਈ ਘੱਟੋ ਘੱਟ ਜਨਤਾ ਦੀ ਅਦਾਲਤ ਵਿੱਚ ਜਵਾਬਦੇਹ ਹੈ? ਪ੍ਰੋਵਿੰਸ ਦੀ ਮੁੱਖ ਕਾਰਜਕਾਰੀ ਅਫ਼ਸਰ (ਪ੍ਰੀਮੀਅਰ) ਹੋਣ ਨਾਤੇ ਉਸ ਨੂੰ ਲਿਬਰਲ ਪਾਰਟੀ ਅਤੇ ਸਰਕਾਰ ਦੇ ਕੰਮਾਂ ਲਈ ਜੁੰਮੇਵਾਰੀ ਚੁੱਕਣ ਦੀ ਦਿਆਨਤਦਾਰੀ ਵਰਤਣੀ ਚਾਹੀਦੀ ਹੈ।

ਮਹਿਜ਼ ਸਡਬਰੀ ਚੋਣ ਘੁਟਾਲੇ ਤੋਂ ਪਬਲਿਕ ਦਾ ਧਿਆਨ ਦੂਰ ਕਰਨ ਦੇ ਇਰਾਦੇ ਨਾਲ ਪ੍ਰੀਮੀਅਰ ਵੱਲੋਂ ਪੈਟਰਿਕ ਬਰਾਊਨ ਨੂੰ ਕਨੂੰਨੀ ਨੋਟਿਸ ਭੇਜਿਆ ਜਾਣਾ 1944 ਵਿੱਚ ਰੀਲੀਜ਼ ਹੋਈ ਅਮਰੀਕਾ ਵਿੱਚ ਬਣੀ ਫਿਲਮ ਗੈਸਾਲਾਈਟ (Gaslight ) ਦਾ ਚੇਤੇ ਕਰਵਾਉਂਦਾ ਹੈ। ਇਸ ਫਿਲਮ ਵਿੱਚ ਇੱਕ ਪਤੀ ਵੱਲੋਂ ਆਪਣੀ ਪਤਨੀ ਦੇ ਹਾਲਾਤਾਂ ਅਤੇ ਦਿਮਾਗ ਦੇ ਚੱਕਰਵਿਊ ਨੂੰ ਇਸ ਤਰੀਕੇ ਘੁਮਾਇਆ ਫਿਰਾਇਆ ਜਾਂਦਾ ਹੈ ਕਿ ਉਹ ਸੋਚਣ ਲਈ ਮਜ਼ਬੂਰ ਹੋਣ ਲੱਗ ਪੈਂਦੀ ਹੈ ਕਿ ਉਸਦਾ ਆਪਣੇ ਦਿਮਾਗ ਤੋਂ ਕੰਟਰੋਲ ਹੱਟ ਚੁੱਕਿਆ ਹੈ। ਇਸ ਫਿਲਮ ਤੋਂ ਬਾਅਦ ਆਧੁਨਿਕ ਮਨੋਵਿਗਿਆਨੀਆਂ ਵੱਲੋਂ ਉਹਨਾਂ ਵਿਅਕਤੀ ਨੂੰ ਗੈਸ-ਲਾਈਟਰ ਦਾ ਨਾਮ ਦਿੱਤਾ ਜਾਣ ਲੱਗ ਪਿਆ ਜਿਹੜੇ ਉਹਨਾਂ ਗਲਤੀਆਂ ਲਈ ਹੋਰਾਂ ਉੱਤੇ ਦੋਸ਼ ਮੜਦੇ ਹਨ ਜਿਹੜੀਆਂ ਉਹਨਾਂ ਨੇ ਖੁਦ ਕੀਤੀਆਂ ਹੁੰਦੀਆਂ ਹਨ। ਗੈਸਲਾਈਟਰਾਂ ਕੋਲ ਇਹੋ ਜਿਹੇ ‘ਸਬੂਤ’ ਪੈਦਾ ਕਰਨ/ਘੜਨ ਦੀ ਸਮਰੱਥਾ ਬਹੁਤ ਜਿ਼ਆਦਾ ਹੁੰਦੀ ਹੈ ਜਿਸ ਨਾਲ ਉਹ ਸਾਬਤ ਕਰ ਦੇਣ ਕਿ ਇਹ ਵਿਚਾਰੇ ਤਾਂ ਆਪਣੇ ਸਿ਼ਕਾਰ ਦੇ ਹੱਥੋਂ ਸਿ਼ਕਾਰ ਹੋਏ ਹਨ।

ਪੈਟਰਿਕ ਬਰਾਊਨ ਅਤੇ ਕੈਥਲਿਨ ਵਿੱਨ ਦਰਮਿਆਨ ਸਿਆਸੀ ਲੜਾਈ ਹੈ ਜਿਹੜੀ ਸਿਆਸੀ ਪਿੜ ਵਿੱਚ ਹੀ ਲੜੀ ਜਾਣੀ ਚਾਹੀਦੀ ਹੈ। ਇਸ ਵਾਸਤੇ ਪ੍ਰੀਮੀਅਰ ਵਿੱਨ ਲਈ ਜਰੂਰੀ ਬਣਦਾ ਹੈ ਕਿ ਉਹ ਆਪਣੀਆਂ ਸਿਆਸੀ ਲੜਾਈਆਂ ਨੂੰ ਸਿਆਸਤ ਦੇ ਪਿੜ ਵਿੱਚ ਲੜੇ। ਉਹ ਖਾਹਮਖਾਹ ਗੈਸਲਾਈਟਰ ਬਣ ਕੇ ਆਪਣੀਆਂ ਖਾਮੀਆਂ ਨੂੰ ਹੋਰਾਂ ਥਾਂ ਮੜ ਕੇ ਪਬਲਿਕ ਦਾ ਧਿਆਨ ਅਸਲ ਮੁੱਦਿਆਂ ਤੋਂ ਦੂਰ ਕਰਨ ਦੀ ਨਾਕਮ ਕੋਸਿ਼ਸ਼ ਨਾ ਕਰੇ।