ਗੈਰਕਾਨੂੰਨੀ ਤੰਬਾਕੂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਲਈ ਠੋਸ ਹੱਲ ਕੱਢਣ ਦੀ ਲੋੜ : ਓਸੀਐਸਏ

cigarettes.jpg.size.custom.crop.1086x733ਓਸੀਐਸਏ ਨੇ ਬਜਟ ਉੱਤੇ ਪ੍ਰਗਟਾਈ ਨਿਰਾਸ਼ਾ
ਟੋਰਾਂਟੋ, 30 ਅਪਰੈਲ (ਪੋਸਟ ਬਿਊਰੋ) : ਓਨਟਾਰੀਓ ਕਨਵੀਨੀਐਂਸ ਸਟੋਰਜ਼ ਐਸੋਸਿਏਸ਼ਨ (ਓਸੀਐਸਏ) ਨੇ ਪਿੱਛੇ ਜਿਹੇ ਪੇਸ਼ ਕੀਤੇ ਗਏ ਓਨਟਾਰੀਓ ਦੇ ਬਜਟ ਉੱਤੇ ਨਿਰਾਸ਼ਾ ਪ੍ਰਗਟ ਕਰਦਿਆਂ ਹੋਇਆਂ ਆਖਿਆ ਕਿ ਗੈਰਕਾਨੂੰਨੀ ਤੰਬਾਕੂ ਦੇ ਖਤਰੇ ਦਾ ਵਿਆਪਕ ਤੇ ਸੰਪੂਰਨ ਹੱਲ ਕੱਢਣ ਦੀ ਬਜਟ ਵਿੱਚ ਕੋਈ ਗੱਲ ਨਹੀਂ ਕੀਤੀ ਗਈ। ਇਹ ਵੀ ਆਖਿਆ ਗਿਆ ਕਿ ਭਾਵੇਂ ਸਰਕਾਰ ਨੇ ਤੰਬਾਕੂ ਟੈਕਸ ਵਿੱਚ ਵਾਧਾ ਕਰਨ ਦਾ ਐਲਾਨ ਵੀ ਕੀਤਾ ਹੈ ਪਰ ਇਹ ਵਾਧਾ ਤਾਂ ਅੱਖਾਂ ਪੂੰਝਣ ਵਾਲੀ ਗੱਲ ਹੈ। ਇਹ ਟੈਕਸ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਨ ਵਾਲੀ ਤੰਬਾਕੂ ਮਾਰਕਿਟ ਅਦਾ ਕਰੇਗੀ ਪਰ ਪਿਛਲੇ ਕੁੱਝ ਸਾਲਾਂ ਵਿੱਚ ਪਾਬੰਦੀਸ਼ੁਦਾ ਨਸਿ਼ਆਂ ਦੇ ਮਾਰਕਿਟ ਵਿੱਚ ਜਿਸ ਹਿਸਾਬ ਨਾਲ ਵਾਧਾ ਹੋਇਆ ਹੈ ਉਸ ਨਜ਼ਰੀਏ ਤੋਂ ਇਹ ਟੈਕਸ ਵਾਧਾ ਬੇਹੱਦ ਮਾਮੂਲੀ ਹੈ।
ਓਸੀਐਸਏ ਦੇ ਸੀਈਓ ਡੇਵ ਬ੍ਰਾਇਨਜ਼ ਨੇ ਆਖਿਆ ਕਿ ਓਨਟਾਰੀਓ ਵਿੱਚ ਗੈਰਕਾਨੂੰਨੀ ਤੰਬਾਕੂ ਦਾ ਕਾਰੋਬਾਰ ਬੇਹਿਸਾਬੇ ਢੰਗ ਨਾਲ ਪੱਲਰ ਰਿਹਾ ਹੈ ਤੇ ਸਾਨੂੰ ਡਰ ਹੈ ਕਿ ਜੇ ਸਮਾਂ ਰਹਿੰਦਿਆਂ ਯੋਗ ਕਾਰਵਾਈ ਨਾ ਕੀਤੀ ਗਈ ਤਾਂ ਹਾਲਾਤ ਹੋਰ ਖਰਾਬ ਹੋ ਜਾਣਗੇ। ਉਨ੍ਹਾਂ ਆਖਿਆ ਕਿ ਇਸ ਟੈਕਸ ਨਾਲ ਓਨਟਾਰੀਓ ਦੇ ਕਨਵੀਨੀਐਂਸ ਸਟੋਰਜ਼ ਨੂੰ ਵੀ ਨੁਕਸਾਨ ਪਹੁੰਚੇਗਾ ਤੇ ਹੋਰ ਓਨਟਾਰੀਓ ਵਾਸੀ ਅੰਡਰਗ੍ਰਾਊਂਡ ਤੰਬਾਕੂ ਮਾਰਕਿਟ ਵੱਲ ਖਿੱਚੇ ਚੱਲੇ ਆਉਣਗੇ। ਸਾਨੂੰ ਇਸ ਚੁਣੌਤੀ ਨਾਲ ਨਜਿੱਠਣ ਲਈ ਅਜੇ ਹੋਰ ਬਹੁਤ ਕੁੱਝ ਕਰਨ ਦੀ ਲੋੜ ਹੈ।
ਓਸੀਐਸਏ ਨੂੰ ਨੇੜ ਭਵਿੱਖ ਵਿੱਚ ਓਨਟਾਰੀਓ ਸਰਕਾਰ ਨਾਲ ਰਲ ਕੇ ਕੰਮ ਕਰਨ ਦੀ ਆਸ ਹੈ ਤਾਂ ਕਿ ਇਸ ਮੁੱਦੇ ਨੂੰ ਸਿੱਧੇ ਢੰਗ ਨਾਲ ਸੁਲਝਾਉਣ ਲਈ ਠੋਸ ਕਦਮ ਚੁੱਕੇ ਜਾ ਸਕਣ। ਬਜਟ ਦੇ ਸੰਦਰਭ ਵਿੱਚ ਉਨ੍ਹਾਂ ਆਖਿਆ ਕਿ ਗੈਰਕਾਨੂੰਨੀ ਤੰਬਾਕੂ ਕਾਰਨ ਪੈਦਾ ਹੋਣ ਵਾਲੇ ਕਈ ਹੋਰਨਾਂ ਅੜਿੱਕਿਆਂ ਨਾਲ ਸਿੱਝਣ ਲਈ ਵੀ ਅਜੇ ਕਾਫੀ ਕੁੱਝ ਕੀਤਾ ਜਾਣਾ ਬਾਕੀ ਹੈ। ਓਸੀਐਸਏ ਓਨਟਾਰੀਓ ਵਿੱਚ 7,500 ਕਨਵੀਨੀਐਂਸ ਸਟੋਰ ਰਿਟੇਲਰਜ਼ ਦੀ ਨੁਮਾਇੰਦਗੀ ਕਰਦੀ ਹੈ। ਇਹ ਗੈਰ ਮੁਨਾਫੇ ਵਾਲੀ ਸੰਸਥਾਂ ਐਡਵੋਕੇਸੀ, ਸਿੱਖਿਆ ਤੇ ਆਪਣੇ ਮੈਂਬਰਾਂ ਦੀ ਸਿਖਲਾਈ ਲਈ ਪੂਰੀ ਤਰ੍ਹਾਂ ਸਰਗਰਮ ਹੈ। ਇਹ ਕਨਵੀਨੀਐਂਸ ਸਟੋਰ ਰਿਟੇਲਰਜ਼ ਨੂੰ ਪ੍ਰਭਾਵਿਤ ਕਰਨ ਵਾਲੇ ਕਈ ਮੁੱਦਿਆਂ ਨੂੰ ਹੱਲ ਕਰਨ ਲਈ ਵੱਡੀ ਭੂਮਿਕਾ ਅਦਾ ਕਰ ਰਹੀ ਹੈ।