ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲਿਆਂ ਸਬੰਧੀ ਫੈਸਲਾ ਕਰਨ ਲਈ ਹੋਵੇਗੀ ਕੈਬਨਿਟ ਮੀਟਿੰਗ

Fullscreen capture 362017 63154 AMਓਟਵਾ, 5 ਮਾਰਚ (ਪੋਸਟ ਬਿਊਰੋ) : ਕੈਨੇਡਾ ਵਿੱਚ ਪਨਾਹ ਹਾਸਲ ਕਰਨ ਵਾਲਿਆਂ ਦੀ ਦਿਨੋਂ ਦਿਨ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਇਸ ਹਫਤੇ ਫੈਡਰਲ ਕੈਬਨਿਟ ਮੰਤਰੀ ਵਿਸਥਾਰਪੂਰਬਕ ਗੱਲਬਾਤ ਲਈ ਇੱਕਠੇ ਹੋਣਗੇ।
ਬਾਰਡਰ ਸਕਿਊਰਿਟੀ, ਆਰਸੀਐਮਪੀ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਇਸ ਮਕਸਦ ਲਈ ਕਮਰ ਕੱਸੀ ਜਾ ਰਹੀ ਹੈ ਕਿ ਗੈਰ ਕਾਨੂੰਨੀ ਇਮੀਗ੍ਰੇਸ਼ਨ ਦਾ ਜੇ ਸਿਆਲਾਂ ਵਿੱਚ ਇਹ ਹਾਲ ਹੈ ਤਾਂ ਗਰਮੀਆਂ ਵਿੱਚ ਤਾਂ ਅਜਿਹੇ ਇਮੀਗ੍ਰੈਂਟਸ ਦਾ ਹੜ੍ਹ ਹੀ ਆ ਜਾਵੇਗਾ। ਉਨ੍ਹਾਂ ਵੱਲੋਂ ਹੁਣ ਤੱਕ ਕੀਤੀਆਂ ਗਈਆਂ ਮਸ਼ਕਾਂ ਦੇ ਨਤੀਜਿਆਂ ਨੂੰ ਮੰਗਲਵਾਰ ਨੂੰ ਹੋਣ ਜਾ ਰਹੀ ਕੈਬਨਿਟ ਦੀ ਮੀਟਿੰਗ ਵਿੱਚ ਰੱਖਿਆ ਜਾਵੇਗਾ। ਅਧਿਕਾਰੀ ਸਰਹੱਦ ਪਾਰ ਕਰਨ ਵਾਲਿਆਂ ਦੇ ਵਿਸ਼ੇਸ਼ ਗਰੁੱਪਸ ਦਰਮਿਆਨ ਆਪਸੀ ਲਿੰਕਜ਼ ਦਾ ਵੀ ਅਧਿਐਨ ਕਰ ਰਹੇ ਹਨ। ਇਸ ਬਾਰੇ ਆਮ ਰਾਇ ਇਹ ਬਣ ਰਹੀ ਹੈ ਕਿ ਅਮਰੀਕਾ ਦੇ ਗੰਧਲਾ ਚੁੱਕੇ ਸਿਆਸੀ ਮਾਹੌਲ ਕਾਰਨ ਹੀ ਇਹ ਗਰੁੱਪ ਕੈਨੇਡਾ ਦਾਖਲ ਹੋਣ ਲਈ ਮਜਬੂਰ ਹਨ।
ਦੋ ਸਰਕਾਰੀ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕਿਊਬਿਕ ਆਉਣ ਵਾਲੇ ਬਹੁਤ ਸਾਰੇ ਲੋਕਾਂ ਕੋਲ ਉਹ ਅਮਰੀਕੀ ਵੀਜ਼ਾ ਸਨ ਜਿਹੜੇ ਰਿਆਧ, ਸਾਊਦੀ ਅਰਬ ਵਿੱਚ ਅਮਰੀਕੀ ਅੰਬੈਸੀ ਵੱਲੋਂ ਜਾਰੀ ਕੀਤੇ ਗਏ ਸਨ। ਇੰਟਰਵਿਊਜ਼ ਤੋਂ ਇਹ ਸਾਹਮਣੇ ਆਇਆ ਹੈ ਕਿ ਇਹ ਵੀਜ਼ਾ ਅਮਰੀਕਾ ਤੋਂ ਕੈਨੇਡਾ ਵਿੱਚ ਦਾਖਲ ਹੋਣ ਤੇ ਇੱਥੇ ਪਨਾਹ ਹਾਸਲ ਕਰਨ ਲਈ ਵਰਤੇ ਜਾ ਰਹੇ ਹਨ। ਨਵੰਬਰ ਵਿੱਚ ਅਮਰੀਕਾ ਵਿੱਚ ਚੋਣਾਂ ਹੋਣ ਤੋਂ ਪਹਿਲਾਂ ਹੀ ਲੋਕਾਂ ਨੇ ਅਮਰੀਕਾ ਛੱਡ ਕੇ ਕੈਨੇਡਾ ਆਉਣ ਦੀਆਂ ਤਿਆਰੀਆਂ ਕਰ ਲਈਆਂ ਸਨ।
ਪਰ ਕੈਨੇਡਾ-ਅਮਰੀਕਾ ਦੀ ਸਰਹੱਦ ਦੇ ਨਾਲ ਲੱਗਦੇ ਬਰਫ ਨਾਲ ਢਕੇ ਖੇਤਾਂ ਵਿੱਚੋਂ ਨਿੱਕੇ ਬੱਚਿਆਂ ਨੂੰ ਆਪ ਪਾਰ ਕਰਵਾਉਣ ਦੀਆਂ ਆਰਸੀਐਮਪੀ ਅਧਿਕਾਰੀਆਂ ਦੀਆਂ ਤਸਵੀਰਾਂ ਨੇ ਦੁਨੀਆ ਭਰ ਦੇ ਲੋਕਾਂ ਦਾ ਧਿਆਨ ਖਿੱਚਿਆ ਤੇ ਇਸੇ ਲਈ ਹਰ ਪਾਸਿਓਂ ਟਰੂਡੋ ਸਰਕਾਰ ਉੱਤੇ ਇਸ ਪਾਸੇ ਕੁੱਝ ਕਰਨ ਲਈ ਸਿਆਸੀ ਦਬਾਅ ਵੱਧ ਗਿਆ ਹੈ। ਵਿਰੋਧੀ ਧਿਰ ਕੰਜ਼ਰਵੇਟਿਵਾਂ ਦੀ ਮੰਗ ਹੈ ਕਿ ਐਨੀ ਅਸਾਨੀ ਨਾਲ ਸਰਹੱਦ ਪਾਰ ਕਰਨ ਦਾ ਜਿਹੜਾ ਸਿਲਸਿਲਾ ਚੱਲ ਰਿਹਾ ਹੈ ਉਹ ਬੰਦ ਹੋਣਾ ਚਾਹੀਦਾ ਹੈ ਤੇ ਗੈਰ ਕਾਨੂੰਨੀ ਢੰਗ ਨਾਲ ਕੈਨੇਡਾ ਦਾਖਲ ਹੋਣ ਵਾਲਿਆਂ ਨੂੰ ਚਾਰਜ ਕੀਤਾ ਜਾਣਾ ਚਾਹੀਦਾ ਹੈ ਤੇ ਉਨ੍ਹਾ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਦੂਜੇ ਪਾਸੇ ਨਿਊਕਮਰਜ਼ ਨੂੰ ਸੈਟਲ ਕਰਨ ਵਾਲੀਆਂ ਏਜੰਸੀਆਂ ਅਜਿਹੇ ਰਫਿਊਜੀਆਂ ਦੀ ਮਦਦ ਕਰਨ ਲਈ ਸਰਕਾਰ ਉੱਤੇ ਦਬਾਅ ਪਾ ਰਹੀਆਂ ਹਨ। ਬਿਟ੍ਰਿਸ਼ ਕੋਲੰਬੀਆ ਦੀ ਇਮੀਗ੍ਰੈਂਟ ਸਰਵਿਸਿਜ਼ ਸੁਸਾਇਟੀ ਲਈ ਸੈਟਲਮੈਂਟ ਸਰਵਿਸਿਜ਼ ਦੇ ਡਾਇਰੈਕਟਰ ਕ੍ਰਿਸ ਫਰੀਸਨ ਦਾ ਕਹਿਣਾ ਹੈ ਕਿ ਅਸੀਂ ਹੀ ਰਫਿਊਜੀਆਂ ਦਾ ਆਖਰੀ ਸਹਾਰਾ ਹਾਂ ਜੇ ਅਸੀਂ ਵੀ ਉਨ੍ਹਾਂ ਨੂੰ ਸਾਂਭਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਕਿੱਥੇ ਜਾਣਗੇ।
ਇਸੇ ਦੌਰਾਨ ਇਮੀਗ੍ਰੇਸ਼ਨ ਐਂਡ ਰਫਿਊਜੀ ਬੋਰਡ ਵੱਲੋਂ ਆਪਣੇ ਆਖਰੀ ਕੁਆਰਟਰਲੀ ਫਾਇਨਾਂਸ਼ੀਅਲ ਡਾਕਿਊਮੈਂਟ ਵਿੱਚ ਇਹ ਗੱਲ ਆਖੀ ਹੈ ਕਿ 2016-17 ਦੇ ਪਹਿਲੇ ਨੌਂ ਮਹੀਨਿਆਂ ਵਿੱਚ ਪਿਛਲੇ ਸਾਲ ਇਸੇ ਅਰਸੇ ਦੌਰਾਨ ਹੋਏ ਨਵੇਂ ਕਲੇਮਜ਼ ਵਿੱਚ 40 ਫੀ ਸਦੀ ਵਾਧਾ ਦਰਜ ਕੀਤਾ ਗਿਆ ਹੈ। ਅੰਕੜੇ ਦਰਸਾਉਂਦੇ ਹਨ ਕਿ ਡੌਨਲਡ ਟਰੰਪ ਦੇ ਅਮਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਹੀ ਕੈਨੇਡਾ ਵਿੱਚ ਰਫਿਊਜੀ ਦਰਜਾ ਹਾਸਲ ਕਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਸੀ। ਹਕੀਕਤ ਤਾਂ ਇਹ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸੱਤਾ ਦੀ ਵਾਗਡੋਰ ਸਾਂਭਣ ਨਾਲ ਹੀ ਇਸ ਸਿਲਸਿਲੇ ਵਿੱਚ ਤੇਜ਼ੀ ਆ ਗਈ ਸੀ।