ਗੈਂਗ, ਗੀਤ, ਟੌਹਰ ਅਤੇ ਪਹਿਚਾਣ ਦਾ ਖਤਰਨਾਕ ਮਿਸ਼ਰਣ

ਦੋ ਗੱਲਾਂ ਹਨ ਜੋ ਇੱਕ ਮਸਲੇ ਵੱਲ ਇਸ਼ਾਰਾ ਕਰਦੀਆਂ ਹਨ। ਨੌਜਵਾਨਾਂ ਵਿੱਚ ਮਸ਼ਹੂਰ ਹੋ ਚੁੱਕੇ ਗਾਇਕ ਸਿੱਧੂ ਮੂਸੇ-ਆਲਾ ਦਾ ਪਿਛਲੇ ਸ਼ੁੱਕਰਵਾਰ ਨੂੰ ਐਬਟਸਫੋਰਡ ਵਿੱਚ ਸ਼ੋਅ ਹੋਣਾ ਸੀ। ਉਸਤੋਂ ਇੱਕ ਦਿਨ ਪਹਿਲਾਂ ਗਲੋਬਲ ਨਿਊਜ਼ ਨੇ ‘ਸਾਊਥ ਏਸ਼ੀਅਨ ਰੈਪ ਵੀਡੀਓ ਵਿੱਚ ਉਹ ਗੰਨਾਂ ਰੱਖਦੇ ਹਨ ਪਰ ਅਸਲ ਜਿ਼ੰਦਗੀ ਵਿੱਚ ਕਈਆਂ ਨੇ (ਗੰਨ ਨੂੰ) ਛੂਹਿਆ ਤੱਕ ਨਹੀਂ ਹੁੰਦਾ’ ਸਿਰਲੇਖ ਤਹਿਤ ਖ਼ਬਰ਼ ਛਾਪੀ ਸੀ। ਇਸਨੂੰ ਇੱਕ ਸੁਆਲੀਆ ਚਿੰਨ ਵਜੋਂ ਲੈਣ ਦੀ ਥਾਂ, ਸਿੱਧੂ ਮੂਸੇ-ਵਾਲਾ ਇੱਕ ਵੀਡੀਓ ਵਿੱਚ ਬੱਕਰੇ ਬੁਲਾ ਕੇ ਐਲਾਨ ਕਰਦਾ ਹੈ ਕਿ ਜੱਟ ਦੀ ਧਮਾਲ ਗਲੋਬਲ ਨਿਊਜ਼ ਉੱਤੇ ਵੀ ਪੈ ਰਹੀ ਹੈ। ਉਹ ਆਖਦਾ ਹੈ ਕਿ ਜੱਟ ਇਹੋ ਜਿਹੇ ਮੀਡੀਆ ਤੋਂ ਡਰਦਾ ਨਹੀਂ ਹੈ।

ਜਿਹਨਾਂ ਨੇ ਸਿੱਧੂ ਮੂਸੇ-ਆਲਾ ਦੀਆਂ ਵੀਡੀਓ ਵੇਖੀਆਂ ਹਨ, ਉਹ ਜਾਣਦੇ ਹਨ ਕਿ ਉਸਦੇ ਗੀਤਾਂ ਵਿੱਚ ਅਕਸਰ ਉਂਟੇਰੀਓ ਨੰਬਰਾਂ ਵਾਲੀਆਂ ਕਾਰਾਂ, ਸ਼ੈਰੀਡਾਨ ਕਾਲਜ ਵਿਖਾਉਂਦੀਆਂ ਝਲਕੀਆਂ ਵਿੱਚ ਗੰਨ ਅਤੇ ਜੱਟ ਦੇ ਸ਼ੈਦਾਈ ਦੀ ਹੱਦ ਤੱਕ ਵੈਰੀ ਨੂੰ ਖੂੰਜੇ ਲਾਉਣ ਵਾਲੇ ਕਿਰਦਾਰ ਵਜੋਂ ਪੇਸ਼ ਕੀਤਾ ਗਿਆ ਹੁੰਦਾ ਹੈ। ਜੋ ਸਰੋਤਿਆਂ ਦੇ ਮਨ ਨੂੰ ਚੰਗਾ ਲੱਗਦੈ ਹੈ, ਸਿੱਧੂ ਜਾਂ ਉਸ ਵਰਗੀ ਵਿਧਾ ਵਿੱਚ ਗਾਉਣ ਵਾਲੇ ਹੋਰ ਗਾਇਕ ਪਰੋਸੀ ਜਾ ਰਹੇ ਹਨ। ਇਹ ਆਖਣਾ ਗਲਤ ਹੋਵੇਗਾ ਕਿ ਇਹਨਾਂ ਗਾਇਕਾਂ ਦਾ ਗੈਂਗਾਂ ਨਾਲ ਕੋਈ ਸਬੰਧ ਹੈ ਪਰ ਇਸਤੋਂ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਦੇ ਕਈ ਗੈਂਗ ਬਣੇ ਹੋਏ ਹਨ ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਵਿੱਚ।

ਦੂਜੀ ਗੱਲ- ਬੀ ਸੀ ਵਿੱਚ ਇੱਕ ਗੈਂਗ ਦਾ ਨਾਮ ਹੈ ‘ਬਰਦਰਜ਼ ਕੀਪਰਜ਼’ (ਭਰਾਵਾਂ ਦੇ ਰਖਵਾਲੇ) ਜਿਸਦਾ ਲੀਡਰ ਗਵਿੰਦਰ ਗਰੇਵਾਲ ਹੈ। ਉਸਨੇ ਆਪਣੇ ਗੈਂਗ ਦਾ ਨਾਮ 1991 ਵਿੱਚ ਬਣੀ ਫਿਲਮ ਨਿਊ ਜੈਕ ਸਿਟੀ (New Jack City) ਦੇ ਇੱਕ ਗੈਂਗਸਟਰ ਕਿਰਦਾਰ ਵੈਸਲੀ ਸਨਾਈਪਸ(Wesley Snipes’)  ਦੇ ਨਾਮ ਉੱਤੇ ਰੱਖਿਆ। ਇਸਦਾ ਭਾਵ ਸੰਗੀਤ ਅਤੇ ਫਿਲਮਾਂ ਅਸਲੀ ਜਿੰ਼ਦਗੀ ਦੇ ਗੈਂਗਾਂ ਸਣੇ ਕਈ ਵਰਤਾਰਿਆਂ ਨੂੰ ਪ੍ਰਭਾਵਿਤ ਕਰਦੀਆਂ ਹਨ।

ਕਈਆਂ ਦਾ ਇਹ ਵੀ ਆਖਣਾ ਹੈ ਕਿ ਸਿੱਧੂ ਮੂਸੇ-ਆਲਾ ਦੇ ਗੰਨ ਕਲਚਰ ਵਾਲੇ਼ ਸੰਗੀਤ ਨੂੰ ਨਿਸ਼ਾਨਾ ਬਣਾ ਕੇ ਗਲੋਬਲ ਨਿਊਜ਼ ਨੇ ਇੱਕਪਾਸੜ ਅਤੇ ਨਸਲੀ ਰੰਗਤ ਵਾਲੀ ਸੋਚ ਦਾ ਵਿਖਾਲਾ ਕੀਤਾ ਹੈ। ਇਸ ਧਾਰਨਾ ਵਾਲਿਆਂ ਦਾ ਮੰਨਣਾ ਹੈ ਕਿ ਜੇ ਕਾਲੇ ਭਾਈਚਾਰੇ ਦੇ ਪੌਪ ਅਤੇ ਰੈਪ ਗਾਇਕਾਂ ਦਾ ਸਿਲਸਿਲਾ ਵੇਖਿਆ ਜਾਵੇ ਤਾਂ ਉਸ ਸੰਗੀਤ ਦੀ ਪੂਰੀ ਦੀ ਪੂਰੀ ਵਿਧਾ ਗੰਨਾਂ, ਨਸਿ਼ਆਂ, ਕੁੜੀਆਂ ਨਾਲ ਧੱਕੇ ਨਾਲ ਬਣਾਏ ਗਲਤ ਯਾਰਾਨਿਆਂ ਅਤੇ ਗੈਂਗਾਂ ਦੀਆਂ ਅਸਲ ਜੀਵਨ ਦੀਆਂ ਮਿਸਾਲਾਂ ਉੱਤੇ ਟਿਕੀ ਹੋਈ ਹੈ। ਅਜਿਹਾ ਘੱਟ ਹੀ ਪੜਨ ਵਿੱਚ ਆਇਆ ਹੈ ਕਿ ਕਾਲੇ ਭਾਈਚਾਰੇ ਦੇ ਸੰਗੀਤ ਨੂੰ ਆਧਾਰ ਬਣਾ ਕੇ ਮੀਡੀਆ ਵੱਲੋਂ ਪੂਰੀ ਦੀ ਪੂਰੀ ਕਮਿਉਨਿਟੀ ਨੂੰ ਉਸ ਰੰਗਤ ਵਿੱਚ ਵੇਖਣ ਦੀ ਕੋਸਿ਼ਸ਼ ਕੀਤੀ ਗਈ ਹੋਵੇ। ਇਹ ਗੱਲ ਵੀ ਕਿਸੇ ਹੱਦ ਤੱਕ ਸੱਚ ਹੈ ਕਿ ਬੇਸ਼ੱਕ ਬੀ ਸੀ ਦੇ ਲੋਅਰ ਮੇਨਲੈਂਡ ਇਲਾਕਿਆਂ ਵਿੱਚ ਪੰਜਾਬੀ ਗੈਂਗਾਂ ਦੀ ਸੱਮਸਿਆ ਕਿਸੇ ਹੱਦ ਤੱਕ ਗੰਭੀਰ ਬਣ ਚੁੱਕੀ ਹੈ, ਮੋਟੇ ਰੂਪ ਵਿੱਚ ਕੈਨੇਡੀਅਨ ਪੰਜਾਬੀ ਯੂਥ ਹਾਲੇ ਤੱਕ ਗੈਂਗ ਕਲਚਰ ਤੋਂ ਕਿਤੇ ਦੂਰ ਹੈ।

ਪਰ ਮੁੱਖਧਾਰਾ ਦੇ ਮੀਡੀਆ ਉੱਤੇ ਸੁਆਲੀਆ ਚਿੰਨ ਖੜਾ ਕਰਕੇ ਅਸੀਂ ਪੰਜਾਬੀ ਭਾਈਚਾਰੇ ਵਿੱਚ ਗੈਂਗ, ਸੰਗੀਤ ਅਤੇ ਇਹਨਾਂ ਸਹਾਰੇ ਟੌਹਰ ਬਣਾਉਣ ਦੀ ਮਾਨਸਿਕਤਾ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ। ‘ਸਾਰਾ ਪਿੰਡ ਗੈਂਗ ਲੈਂਡ ਬਣਿਆ’ ਵਰਗੇ ਗੀਤ ਜਿਸ ਸਹਿਜਤਾ ਨਾਲ ਨਵੀਂ ਪੀੜੀ ਨੂੰ ਪ੍ਰਭਾਵਿਤ ਕਰ ਰਹੇ ਹਨ, ਉਹ ਚਿੰਤਾ ਦਾ ਵਿਸ਼ਾ ਵੀ ਹੈ ਅਤੇ ਇਸ ਵਰਤਾਰੇ ਨੂੰ ਸਮਝਣ ਲਈ ਇੱਕ ਅਵਸਰ ਵੀ। ਜੋ ਚੀਜ਼ ਅੱਜ ਪਾਪੂਲਰ ਕਲਚਰ ਦਾ ਹਿੱਸਾ ਹੈ, ਕੱਲ ਨੂੰ ਉਹ ਵਿਕਰਾਲ ਰੂਪ ਧਾਰਨ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਹਾਲਾਤ ਇੱਥੇ ਤੱਕ ਪੁੱਜ ਚੁੱਕੇ ਹਨ ਕਿ ਕਈ ਇਲਾਕਿਆਂ ਦਾ ਸਮਾਜਿਕ ਅਤੇ ਸਿਆਸੀ ਕਾਰੋਬਾਰ ਗੈਂਗ ਲੀਡਰਾਂ ਵੱਲੋਂ ਨਿਰਧਾਰਤ ਕਰਕੇ ਚਲਾਇਆ ਕੀਤਾ ਜਾਂਦਾ ਹੈ।

ਬ੍ਰਿਟਿਸ਼ ਕੋਲੰਬੀਆ ਵਿੱਚ ਹਰਜੀਤ ਸਿੰਘ ਮਾਂਗਟ ਅਤੇ ਡੈਰਿਲ ਪਲੇਕਸ (Darryl Plecas) ਨੇ ਆਪਣੀ ਕ੍ਰਿਮੀਨਾਲੋਜੀ ਦੀ ਪੜਾਈ ਦੇ ਹਿੱਸੇ ਵਜੋਂ ਇੱਕ 300 ਪੰਨਿਆਂ ਦੀ ਰਿਪੋਰਟ ਤਿਆਰ ਕੀਤੀ । ਇਸ ਰਿਪਰਿਟ ਵਿੱਚ ਦੱਸਿਆ ਗਿਆ ਹੈ ਕਿ ਸਾਊਥ ਏਸ਼ੀਅਨ ਗੈਂਗਾਂ ਵਿੱਚ ਕੈਨੇਡਾ ਵਿੱਚ ਨਵੇਂ ਆਏ ਪਰਿਵਾਰਾਂ (ਖਾਸ ਕਰਕੇ ਵੱਡੇ ਪਰਿਵਾਰਾਂ) ਦੇ ਬੱਚਿਆਂ ਅਤੇ ਗਰੀਬੀ ਨਾਲ ਜੂਝ ਰਹੇ ਪਰਿਵਾਰਾਂ ਦੇ ਬੱਚਿਆਂ ਦੇ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੇ ਚਾਂਸ ਹਨ। ਕੈਨੇਡਾ ਵਿੱਚ ਨਵੇਂ ਪੰਜਾਬੀ ਨੌਜਵਾਨ ਦਾ ਗੈਂਗ ਲੜਾਈ ਵਿੱਚ ਸ਼ਾਮਲਾ ਕਈ ਵਾਰ ਸੁਭਾਵਿਕ ਬਣ ਜਾਂਦਾ ਹੈ ਕਿਉਂਕਿ ਉਹ ‘ਕੈਨੇਡਾ ਵਿੱਚ ਆਰੰਭ ਕੀਤੀ ਨਵੀਂ ਜਿ਼ਦਗੀ ਵੱਲੋਂ ਬਖਸ਼ੀਆਂ ਹੱਦਾਂ ਨੂੰ ਨਾਪਣਾ ਚਾਹੁੰਦੇ ਹਨ। ਕਈਆਂ ਨੂੰ ਲੱਗਦੈ ਹੈ ਕਿ ਕਿਸੇ ਗੈਂਵ ਵਿੱਚ ਜਾਣ ਨਾਲ ਧਨ ਦੌਲਤ ਦੀਆਂ ਬਹਾਰਾਂ ਲੱਗ ਜਾਣਗੀਆਂ।

ਆਖਰ ਨੂੰ ਪੰਜਾਬੀ ਸੰਗੀਤ ਵਿੱਚ ਗੰਨ ਕਲਚਰ ਕਿਉਂ ਹਾਵੀ ਹੈ ਅਤੇ ਪੰਜਾਬੀ ਨੌਜਵਾਨਾਂ ਵਿੱਚ ਗੈਂਗ ਲਾਈਫ-ਸਟਾਈਲ ਲਈ ਖਿੱਚ ਕਿਉਂ ਪੈਦਾ ਹੁੰਦੀ ਹੈ? ਇਸਦਾ ਇੱਕ ਕਾਰਣ ਪੰਜਾਬੀ ‘ਸਾਈਕੀ’ ਵਿੱਚ ਹਿੰਸਾ ਰਾਹੀਂ ਮਸਲਿਆਂ ਦੇ ਹੱਲ ਕੱਢਣ ਅਤੇ ਹਿੰਸਾ ਨੂੰ ਜੀਵਨ ਸੁਧਾਰ ਦਾ ‘ਟੂਲ’ ਸਮਝਿਆ ਜਾਣਾ ਹੈ। ਸਿੱਖ ਧਰਮ ਵਿੱਚ ‘ਧਰਮ ਹਿੱਤ’ ਹਥਿਆਰ ਚੁੱਕਣ ਦੀ ਸੋਚ ਉੱਤੇ ਪਹਿਰਾ ਨਾ ਦੇ ਸੱਕਣ ਵਾਲੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਹੱਥ ਹਥਿਆਰ ਨੂੰ ‘ਹੱਕ ਸੱਚ’ ਦਾ ਪ੍ਰਤੀਕ ਸਮਝ ਲੈਣ ਦੀ ਖੁਨਾਮੀ ਕਰਦੇ ਹਨ। ਜੱਟ ਸੁਭਾਅ ਉੱਤੇ ਧਰਮ ਦਾ ਕੁੰਡਾ ਨਾ ਰੱਖਣਾ ਨਵੀਂ ਪੀੜੀ ਨੂੰ ਗੰਨ ਕਲਚਰ ਦੀ ਮਿੱਥਿਆ ਸ਼ਾਨ ਨੂੰ ਹਿੱਕ ਨਾਲ ਲਾਉਣ ਵਾਸਤੇ ਪ੍ਰੇਰਿਤ ਕਰਦਾ ਹੈ। ਪੰਜਾਬੀ ਕਮਿਉਨਿਟੀ ਦੇ ਆਗੂਆਂ ਦਾ ਆਪਸੀ ਲੜਾਈਆਂ ਤੋਂ ਥੋੜਾ ਵਿਸ਼ਰਾਮ ਲੈ ਕੇ ਨੌਜਵਾਨਾਂ ਨੂੰ ਦਰਪੇਸ਼ ਮਸਲਿਆਂ ਵੱਲ ਬਣਦਾ ਧਿਆਨ ਨਾ ਦੇਣਾ ਵੀ ਚਿੰਤਾ ਦਾ ਵਿਸ਼ਾ ਹੈ।