ਗੈਂਗਸਟਰ ਨੇ ਰੰਜ਼ਿਸ਼ ਕੱਢਣ ਲਈ ਸੁੱਤੇ ਨੂੰ ਉਠਾ ਕੇ ਗੋਲੀਆਂ ਮਾਰ ਦਿੱਤੀਆਂ

sutta golian
ਰੂਪਨਗਰ, 8 ਅਪ੍ਰੈਲ (ਪੋਸਟ ਬਿਊਰੋ)- ਕੱਲ੍ਹ ਤੜਕੇ ਏਥੋਂ ਨੇੜਲੇ ਪਿੰਡ ਬ੍ਰਾਹਮਣ ਮਾਜਰਾ ਵਿੱਚ ਹਥਿਆਰਬੰਦ ਨੌਜਵਾਨਾਂ ਨੇ ਇਕ ਘਰ ਵਿੱਚ ਵੜ ਕੇ ਘਰ ਦੇ ਮੈਂਬਰਾਂ ਗੰਨ ਪੁਆਇੰਟ ‘ਤੇ ਲਿਆ ਅਤੇ ਪਰਵਾਰ ਦੇ ਮੁਖੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਵਾਰਦਾਤ ‘ਚ ਮਾਰੇ ਗਏ 48 ਸਾਲਾ ਦੇਸ ਰਾਜ ਉਰਫ ਮੱਲ ਪੁੱਤਰ ਕਰਮ ਚੰਦ ਦੇ ਬੇਟੇ ਫੌਜੀ ਜਸਵਿੰਦਰ ਸਿੰਘ ਨੇ ਕਾਤਲਾਂ ਦੀ ਪਛਾਣ ਗੈਂਗਸਟਰ ਬਾਬਾ ਦਿਲਪ੍ਰੀਤ ਸਿੰਘ ਢਾਹਾਂ, ਜੱਸੀ ਕਲਮਾਂ, ਰਿੰਦਾ ਅਤੇ ਹਰਜਿੰਦਰ ਸਿੰਘ ਉਰਫ ਅਕਾਸ਼ ਵਜੋਂ ਕੀਤੀ ਹੈ।
ਜ਼ਿਲੇ ਦੇ ਪੁਲਸ ਅਧਿਕਾਰੀ ਸੂਚਨਾ ਮਿਲਦੇ ਸਾਰ ਭਾਰੀ ਪੁਲਸ ਫੋਰਸ ਨਾਲ ਮੌਕੇ ‘ਤੇ ਪਹੁੰਚੇ ਅਤੇ ਜ਼ਿਲੇ ‘ਚ ਨਾਕਾਬੰਦੀ ਕਰਕੇ ਕਾਤਲਾਂ ਨੂੰ ਫੜਨ ਦੀ ਕੋਸ਼ਿਸ ਕੀਤੀ, ਪ੍ਰੰਤੂ ਉਸ ਇਸ ਤੋਂ ਪਹਿਲਾਂ ਹੀ ਘਟਨਾ ਤੋਂ ਅੰਜਾਮ ਦੇ ਕੇ ਰਫੂ ਚੱਕਰ ਹੋ ਗਏ। ਮ੍ਰਿਤਕ ਦੇਸ ਰਾਜ ਉਰਫ ਮੱਲ ਦੇ ਪੁੱਤਰ ਫੌਜੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਾਤਲ ਕੱਲ੍ਹ ਸਵੇਰੇ ਤਿੰਨ ਵਜੇ ਗੇਟ ਖੋਲ ਕੇ ਦਾਖਲ ਹੋਏ ਤੇ ਘਰ ਦੇ ਬਾਹਰ ਬਰਾਂਡੇ ‘ਚ ਸੌਂ ਰਹੀ ਮੇਰੀ ਮਾਤਾ ਦੇ ਮੱਥੇ ਉਤੇ ਪਿਸਟਲ ਰੱਖ ਕੇ ਮੇਰੇ ਪਿਤਾ ਦੇਸ ਰਾਜ ਬਾਰੇ ਪੁੱਛਿਆ। ਇਸ ਦੌਰਾਨ ਹਰਜਿੰਦਰ ਸਿੰਘ ਉਰਫ ਅਕਾਸ਼ ਨੇ ਮੇਰੇ ਸਿਰ ਉਤੇ ਪਿਸਟਲ ਲਾ ਦਿੱਤੀ ਅਤੇ ਘਰ ਦੇ ਸਾਰੇ ਮੈਂਬਰ ਉਠ ਗਏ। ਦੂਜੇ ਦਰਵਾਜ਼ੇ ਤੋਂ ਦਾਖਲ ਹੋਏ ਦਿਲਪ੍ਰੀਤ ਸਿੰਘ ਨੇ ਮੇਰੇ ਪਿਤਾ ਦੀ ਛਾਤੀ ਵਿੱਚ ਦੋ ਗੋਲੀਆਂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਹਰਜਿੰਦਰ ਸਿੰਘ ਉਰਫ ਅਕਾਸ਼ ਅਤੇ ਰਿੰਦਾ ਨੇ ਆਪਣੀ ਪਿਸਟਲ ਤੋਂ ਦੋ-ਦੋ ਫਾਇਰ ਕੀਤੇ। ਫਿਰ ਸਾਰੇ ਧਮਕੀਆਂ ਦਿੰਦੇ ਤੇ ਲਲਕਾਰੇ ਮਾਰਦੇ ਹੋਏ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਹਮਲਾਵਰਾਂ ਦੇ ਨਾਲ ਦਾ ਜੱਸੀ ਕਲਮਾਂ ਪਹਿਲਾਂ ਘਰ ਦੇ ਬਾਹਰ ਆਈ ਟਵੰਟੀ ਗੱਡੀ ਲੈ ਕੇ ਖੜਾ ਸੀ, ਜਿਸ ਵਿੱਚ ਸਵਾਰ ਹੋ ਕੇ ਕਾਤਲ ਨਿਕਲ ਗਏ।
ਮ੍ਰਿਤਕ ਦੇ ਪੁੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਇਕ ਸਾਲ ਪਹਿਲਾਂ ਮੇਰੇ ਪਿਤਾ ਦੇਸ ਰਾਜ ਸਿੰਘ ਆਨੰਦਪੁਰ ਸਾਹਿਬ ਅਦਾਲਤ ‘ਚ ਕਿਸੇ ਤਾਰੀਖ ਲਈ ਗਏ ਸਨ ਅਤੇ ਓਥੇ ਗੈਂਗਸਟਰ ਬਾਬਾ ਦਿਲਪ੍ਰੀਤ ਸਿੰਘ ਤੇ ਜੱਸੀ ਕਲਮਾਂ ਵੀ ਮੌਜੂਦ ਸਨ। ਅਦਾਲਤ ਦੇ ਬਾਹਰ ਮੇਰੇ ਪਿਤਾ ਅਤੇ ਇਨ੍ਹਾਂ ਦੋਵਾਂ ‘ਚ ਕਿਸੇ ਗੱਲੋਂ ਬਹਿਸ ਹੋਈ ਸੀ। ਉਸੇ ਸਮੇਂ ਦਿਲਪ੍ਰੀਤ ਨੇ ਮੇਰੇ ਪਿਤਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਸੂਤਰਾਂ ਮੁਤਾਬਕ ਦੇਸ ਰਾਜ ਨੇ ਦਿਲਪ੍ਰੀਤ ਦੇ ਥੱਪੜ ਮਾਰਿਆ ਸੀ, ਜਿਸ ਦੀ ਦਿਲਪ੍ਰੀਤ ਨੇ ਰੰਜ਼ਿਸ਼ ਰੱਖੀ ਸੀ। ਹਮਲਾਵਰ ਹਰਜਿੰਦਰ ਸਿੰਘ ਉਰਫ ਅਕਾਸ਼ ਤੇ ਰਿੰਦਾ ਦੀ ਪਛਾਣ ਪੁਲਸ ਵੱਲੋਂ ਵਿਖਾਈਆਂ ਤਸਵੀਰਾਂ ਤੋਂ ਕੀਤੀ ਗਈ ਹੈ।