ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ ਐਨ ਆਰ ਆਈ ਨੂੰ ਪੁਲਸ ਲੱਭ ਹੀ ਨਹੀਂ ਸਕੀ


ਮੋਗਾ, 14 ਨਵੰਬਰ (ਪੋਸਟ ਬਿਊਰੋ)- ਨਾਭਾ ਜੇਲ੍ਹ ਬ੍ਰੇਕ ਕੇਸ ਦੇ ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਸੇਖੋਂ ਤੇ ਉਸ ਦੇ ਸਾਥੀਆਂ ਨੂੰ ਪਨਾਹ ਦੇਣ ਵਾਲੇ ਕੁਲਤਾਰ ਸਿੰਘ ਗੋਲਡੀ ਨੂੰ ਫੜਨ ਪੱਖੋਂ ਪੁਲਸ ਨੌਂ ਮਹੀਨੇ ਪਿੱਛੋਂ ਖਾਲੀ ਹੱਥ ਹੈ। ਸੂਤਰਾਂ ਮੁਤਾਬਕ ਪੁਲਸ ਹੁਣ ਗੋਲਡੀ ਨੂੰ ਲੱਭਣ ਵਿੱਚ ਨਾਕਾਮ ਰਹਿਣ ਪਿੱਛੋਂ ਇਹ ਸੋਚਣ ਲੱਗੀ ਹੈ ਕਿ ਉਸ ਨੂੰ ਖੁਦ ਪੁਲਸ ਕੋਲ ਸਰੰਡਰ ਕਰਨਾ ਪਵੇਗਾ, ਕਿਉਂਕਿ ਉਸ ਦੇ ਪਾਸਪੋਰਟ ਬਾਰੇ ਐੱਲ ਓ ਸੀ ਜਾਰੀ ਹੋ ਚੁੱਕਾ ਹੈ।
ਵਰਨਣ ਯੋਗ ਹੈ ਕਿ ਨਾਭਾ ਦੀ ਸਖਤ ਸੁਰੱਖਿਆ ਜੇਲ੍ਹ ਵਿੱਚੋਂ ਭੱਜੇ ਗੈਂਗਸਟਰ ਸੇਖੋਂ ਅਤੇ ਉਸ ਦੇ ਤਿੰਨ ਸਾਥੀ ਕੁਝ ਦਿਨ ਐੱਨ ਆਰ ਆਈ ਗੋਲਡੀ ਦੀ ਕੋਠੀ ਵਿੱਚ ਪਿੰਡ ਢੁੱਡੀਕੇ ਵਿੱਚ ਠਹਿਰੇ ਸਨ। ਗੋਲਡੀ ਉੱਤੇ ਦੋਸ਼ ਹੈ ਕਿ ਗੈਂਗਸਟਰਾਂ ਦੀ ਉਸ ਨੇ ਪੈਸਿਆਂ ਸਮੇਤ ਮਦਦ ਕੀਤੀ ਹੈ। ਐੱਸ ਪੀ ਡੀ ਵਜ਼ੀਰ ਸਿੰਘ ਖਹਿਰਾ ਦੇ ਮੁਤਾਬਕ ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ ਸੇਖੋਂ ਦੇ ਸਾਲੇ ਨੂੰ ਮੋਗਾ ਪੁਲਸ ਗ੍ਰਿਫਤਾਰ ਕਰ ਕੇ ਪਹਿਲਾਂ ਹੀ ਜੇਲ੍ਹ ਭੇਜ ਚੁੱਕੀ ਹੈ, ਪਰ ਗੋਲਡੀ ਦਾ ਕੋਈ ਪਤਾ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਸੈਸ਼ਨ ਕੋਰਟ ਤੋਂ ਬਾਅਦ ਹਾਈ ਕੋਰਟ ਵਿੱਚੋਂ ਵੀ ਉਸ ਦੀ ਜ਼ਮਾਨਤ ਰੱਦ ਹੋ ਚੁੱਕੀ ਹੈ ਤੇ ਉਸ ਨੂੰ ਕਾਬੂ ਕਰਨ ਲਈ ਮੋਗਾ ਪੁਲਸ ਵੱਲੋਂ ਪੂਰੀ ਮੁਸ਼ਤੈਦੀ ਨਾਲ ਕਾਰਵਾਈ ਕਰ ਰਹੀ ਹੈ। ਇਸ ਸੰਬੰਧ ਵਿੱਚ ਐੱਲ ਓ ਸੀ (ਲੁਕ-ਆਊਟ ਕਾਰਨਰ) ਵੀ ਜਾਰੀ ਕਰਵਾਇਆ ਜਾ ਚੁੱਕਾ ਹੈ, ਤਾਂ ਕਿ ਕਿਸੇ ਤਰ੍ਹਾਂ ਬਾਹਰ ਨਾ ਜਾ ਸਕੇ।