ਗੈਂਗਸਟਰਾਂ ਨੂੰ ਉਭਾਰਨ ਲਈ ਅਕਾਲੀਆਂ ਨੇ ਹੈਨਰੀ ਬਾਪ-ਬੇਟੇ ਉੱਤੇ ਕੇਸ ਦਰਜ ਕਰਨ ਦੀ ਮੰਗ ਚੁੱਕੀ

ਅਵਤਾਰ ਹੈਨਰੀ

ਅਵਤਾਰ ਸਿੰਘ ਜੂਨੀਅਰ

ਚੰਡੀਗੜ੍ਹ, 31 ਜਨਵਰੀ (ਪੋਸਟ ਬਿਊਰੋ)- ਮੀਡੀਆ ਰਿਪੋਰਟਾਂ ਅਨੁਸਾਰ ਕਾਂਗਰਸ ਦੇ ਸਾਬਕਾ ਮੰਤਰੀ ਅਵਤਾਰ ਹੈਨਰੀ ਤੇ ਉਸ ਦੇ ਪੁੱਤਰ ਵਿਧਾਇਕ ਅਵਤਾਰ ਸਿੰਘ ਜੂਨੀਅਰ ਵੱਲੋਂ ਰਾਜ ਵਿੱਚ ਗੈਂਗਸਟਰਾਂ ਨੂੰ ਉਭਾਰਨ ਦੇ ਨਾਲ ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਅਤੇ ਪੰਜਾਬੀ ਨੌਜਵਾਨਾਂ ਨੂੰ ਬੰਦੂਕ ਸਭਿਆਚਾਰ ਵੱਲ ਉਕਸਾਉਣ ਲਈ ਅਕਾਲੀ ਦਲ ਨੇ ਦੋਵਾਂ ਪਿਤਾ-ਪੁੱਤਰ ਦੇ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਕੱਲ੍ਹ ਇਥੇ ਜਾਰੀ ਕੀਤੇ ਬਿਆਨ ਵਿੱਚ ਸੀਨੀਅਰ ਅਕਾਲੀ ਆਗੂ ਤੇ ਮੈਂਬਰ ਪਾਰਲੀਮੈਂਟ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਦੋ ਗੈਂਗਸਟਰਾਂ ਸੁੱਖਾ ਕਾਹਲਵਾਂ ਤੇ ਵਿੱਕੀ ਗੌਂਡਰ ਦੇ ਪਰਵਾਰਾਂ ਵੱਲੋਂ ਹੈਰਾਨੀਜਨਕ ਖੁਲਾਸੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੁੱਖਾ ਕਾਹਲਵਾਂ ਦੇ ਨਾਨਾ ਗੁਰਮੇਲ ਸਿੰਘ ਤੇ ਮਾਮੀ ਰਾਜਿੰਦਰ ਕੌਰ ਅਤੇ ਵਿੱਕੀ ਗੌਂਡਰ ਦੇ ਮਾਮਾ ਗੁਰਭੇਜ ਸਿੰਘ ਸੰਧੂ ਵੱਲੋਂ ਕੀਤੇ ਦਾਅਵੇ ਮੁਤਾਬਕ ਕਾਂਗਰਸੀ ਆਗੂ ਪਿਤਾ ਪੁੱਤਰ ਨੇ ਹੀ ਉਨ੍ਹਾਂ ਨੂੰ ਬੰਦੂਕ ਸਭਿਆਚਾਰ ਦੇ ਲਈ ਉਕਸਾਇਆ ਸੀ ਤੇ ਉਹ ਗੈਂਗਸਟਰ ਬਣ ਕੇ ਕਾਂਗਰਸੀ ਆਗੂਆਂ ਦੇ ਕਹਿਣ ਅਨੁਸਾਰ ਕੰਮ ਕਰਨ ਲੱਗ ਪਏ ਸਨ। ਭੂੰਦੜ ਨੇ ਕਿਹਾ ਕਿ ਅਵਤਾਰ ਹੈਨਰੀ ਤੇ ਵਿਧਾਇਕ ਅਵਤਾਰ ਸਿੰਘ ਜੂਨੀਅਰ ਖਿਲਾਫ ਕੇਸ ਦਰਜ ਕਰ ਕੇ ਇਨ੍ਹਾਂ ਦੀ ਹਿਰਾਸਤੀ ਪੁੱਛਗਿੱਛ ਹੋਣੀ ਚਾਹੀਦੀ ਹੈ, ਜਿਸ ਨਾਲ ਰਾਜ ਵਿੱਚ ਗੈਂਗਸਟਰਾਂ ਦੀਆਂ ਗਤੀਵਿਧੀਆਂ ਬਾਰੇ ਹੋਰ ਖੁਲਾਸੇ ਹੋ ਸਕਦੇ ਹਨ।
ਇਸ ਦੌਰਾਨ ਪੰਜਾਬ ਦੇ ਸਾਬਕਾ ਮੰਤਰੀ ਤੇ ਸੂਬਾ ਕਾਂਗਰਸ ਦੇ ਮੀਤ ਪ੍ਰਧਾਨ ਅਵਤਾਰ ਹੈਨਰੀ ਨੇ ਵਿੱਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਅਤੇ ਮਾਮਾ ਗੁਰਭੇਜ ਸਿੰਘ ਸੰਧੂ ਵੱਲੋਂ ਲਾਏ ਦੋਸ਼ਾਂ ਨੂੰ ਗਲਤ ਦੱਸਿਆ ਤੇ ਕਿਹਾ ਕਿ ਵਿੱਕੀ ਗੌਂਡਰ ਨੂੰ ਸਿਆਸੀ ਸਰਪ੍ਰਸਤੀ ਦੇਣ ਦੇ ਉਨ੍ਹਾਂ ‘ਤੇ ਲੱਗੇ ਦੋਸ਼ ਝੂਠੇ ਤੇ ਤੱਥਹੀਣ ਹਨ। ਹੈਨਰੀ ਨੇ ਕਿਹਾ ਕਿ ਗੌਂਡਰ ਦੇ ਪਿਤਾ ਤੇ ਮਾਮੇ ਦੀ ਅੱਜ ਤੱਕ ਉਨ੍ਹਾਂ ਨੇ ਸ਼ਕਲ ਤੱਕ ਨਹੀਂ ਵੇਖੀ। ਉਨ੍ਹਾਂ ਦੀ ਕੋਈ ਫਾਈਨਾਂਸ ਕੰਪਨੀ ਨਹੀਂ ਹੈ ਤੇ ਨਾ ਹੀ ਉਨ੍ਹਾਂ ਦਾ ਗੌਂਡਰ ਨਾਲ ਕੋਈ ਸੰਬੰਧ ਰਿਹਾ ਹੈ। ਹੈਨਰੀ ਨੇ ਕਿਹਾ ਕਿ ਉਹ ਨਾ ਕਦੇ ਨਾਭਾ ਜੇਲ੍ਹ ਗਏ ਤੇ ਨਾ ਗੌਂਡਰ ਦੇ ਸਮਰਥਨ ਵਿੱਚ ਸੈਸ਼ਨ ਕੋਰਟ ਗਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ‘ਤੇ ਲਾਏ ਦੋਸ਼ਾਂ ਦੀ ਨਿਰਪੱਖ ਜਾਂਚ ਕੀਤੀ ਜਾਵੇ ਤੇ ਜੇ ਉਹ ਦੋਸ਼ੀ ਪਾਏ ਜਾਂਦੇ ਹਨ ਤਾਂ ਉਹ ਹਰ ਤਰ੍ਹਾਂ ਦੀ ਸਜ਼ਾ ਭੁਗਤਣ ਨੂੰ ਤਿਆਰ ਹਨ ਤੇ ਜੇ ਦੋਸ਼ ਝੂਠੇ ਸਾਬਤ ਹੋਣ ਤਾਂ ਗੌਂਡਰ ਦੇ ਪਿਤਾ ਮਹਿਲ ਸਿੰਘ, ਮਾਮਾ ਗੁਰਭੇਜ ਸਿੰਘ ਸੰਧੂ ਅਤੇ ਅਕਾਲੀ ਆਗੂ ਚਰਨਜੀਤ ਸਿੰਘ ਬਰਾੜ ਤੇ ਬਲਵਿੰਦਰ ਸਿੰਘ ਭੂੰਦੜ ਉੱਤੇ ਅਪਰਾਧਕ ਕੇਸ ਦਰਜ ਕੀਤਾ ਜਾਵੇ। ਹੈਨਰੀ ਨੇ ਕਿਹਾ ਕਿ ਪੰਜਾਬ ਵਿੱਚ ਗੈਂਗਸਟਰ ਅਕਾਲੀ-ਭਾਜਪਾ ਦੀ ਦੇਣ ਹਨ ਤੇ ਹੁਣ ਪੰਜਾਬ ਵਿੱਚ ਆਪਣੇ ਗੁਰਗਿਆਂ ਦਾ ਹਸ਼ਰ ਹੁੰਦਾ ਵੇਖ ਕੇ ਗਠਜੋੜ ਦੇ ਆਗੂ ਬੌਖਲਾ ਗਏ ਹਨ।