ਗੈਂਗਸਟਰਾਂ ਦੇ ਡਾਨ ਦੀ ਬਰਥ ਡੇਅ ਪਾਰਟੀ ਉੱਤੇ ਛਾਪਾ, 76 ਮੋਸਟ ਵਾਂਟਿਡ ਇਕੱਠੇ ਫੜੇ ਗਏ


ਚੇਨਈ, 8 ਫਰਵਰੀ, (ਪੋਸਟ ਬਿਊਰੋ)- ਤਾਮਿਲ ਨਾਡੂ ਵਿੱਚ ਇਕ ਗੈਂਗਸਟਰ ਨੂੰ ਆਪਣੀ ਜਨਮ ਦਿਨ ਪਾਰਟੀ ਕਰਨੀ ਉਸ ਸਮੇਂ ਮਹਿੰਗੀ ਪੈ ਗਈ, ਜਦੋਂ ਉਥੇ ਬਿਨਾ ਬੁਲਾਏ ਮਹਿਮਾਨਾਂ ਦੇ ਰੂਪ ਵਿੱਚ ਪੁਲਸ ਵੀ ਪਹੁੰਚ ਗਈ। ਚੇਨਈ ਪੁਲਸ ਨੇ ਗੈਂਗਸਟਰਾਂ ਦੇ ਡਾਨ ਦੀ ਬਰਥ ਡੇਅ ਪਾਰਟੀ ਮਨਾ ਰਹੇ 67 ਵਾਂਟੇਡ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਸਾਰੇ ਗੈਂਗਸਟਰ ਚੇਨਈ ਦੇ ਬਾਹਰੀ ਇਲਾਕੇ ਮਲਾਈਮਬਕੱਮ ਪਿੰਡ ਵਿੱਚੋਂ ਉਸ ਸਮੇਂ ਫੜੇ ਗਏ, ਜਦੋਂ ਉਹ ਡਾਨ ਚੁਲਈਮੇਡੂ ਬਿਨੂੰ ਦੇ ਫਾਰਮ ਹਾਊਸ ਉੱਤੇ ਬਰਥ ਡੇਅ ਦਾ ਜਸ਼ਨ ਕਰ ਰਹੇ ਸਨ। ਪੁਲਸ ਟੋਲ ਨਾਕੇ ਉੱਤੇ ਜਦੋਂ ਕਾਰਾਂ ਦੀ ਤਲਾਸ਼ੀ ਲੈ ਰਹੀ ਸੀ ਤਾਂ ਇਕ ਕਾਰ ਵਿੱਚ ਕਈ ਗੈਂਗਸਟਰਾਂ ਨੂੰ ਜਾਂਦੇ ਦੇਖ ਕੇ ਕੀਤੀ ਗਈ ਪੁੱਛਗਿੱਛ ਦੌਰਾਨ ਉਸ ਨੂੰ ਪਤਾ ਲੱਗਾ ਕਿ ਇਹ ਸਾਰੇ ਜਣੇ ਡਾਨ ਚੁਲਈਮੇਡੂ ਬਿਨੂੰ ਦੀ ਬਰਥ ਡੇਅ ਪਾਰਟੀ ਉੱਤੇ ਜਾ ਰਹੇ ਸਨ। ਇਸ ਤੋਂ ਬਾਅਦ ਪੁਲਸ ਨੇ ਮਲਾਈਮਬਕੱਮ ਪਿੰਡ ਨੇੜੇ ਸਾਰੀਆਂ ਚੌਕੀਆਂ ਅਤੇ ਥਾਣਿਆਂ ਨੂੰ ਅਲਰਟ ਭੇਜਿਆ ਅਤੇ ਫਿਰ ਜਦੋਂ ਫਾਰਮ ਹਾਊਸ ਉੱਤੇ ਛਾਪਾ ਮਾਰਿਆ ਤਾ ਡਾਨ ਆਪਣੇ ਜਨਮ ਦਿਨ ਦਾ ਕੇਕ ਕੱਟ ਰਿਹਾ ਸੀ। ਪੁਲਸ ਦੇ ਆਉਣ ਦੀ ਖਬਰ ਮਿਲਦੇ ਸਾਰ ਹਫੜਾ-ਦਫੜੀ ਮਚ ਗਈ ਅਤੇ 67 ਗੈਂਗਸਟਰਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ, ਪਰ ਡਾਨ ਚੁਲਈਮੇਡੂ ਅਤੇ ਉਸ ਦੇ ਕੁਝ ਸਾਥੀ ਉਥੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਫਰਾਰ ਹੋ ਗਏ। ਇਸ ਤੋਂ ਪਹਿਲਾਂ ਬਿਨੂੰ ਨੇ ਬਰਥ ਡੇਅ ਪਾਰਟੀ ਦੌਰਾਨ ਹੱਥ ਵਿੱਚ ਤੇਜ਼ਧਾਰ ਹਥਿਆਰ ਫੜ੍ਹ ਕੇ ਕੇਕ ਕੱਟਣ ਦੀ ਫੋਟੋ ਖਿਚਵਾ ਲਈ। ਡਾਨ ਦੇ ਫਾਰਮ ਹਾਊਸ ਉੱਤੇ ਛਾਪੇ ਦੌਰਾਨ 60 ਮੋਟਰ ਸਾਈਕਲ, 6 ਲਗਜ਼ਰੀ ਕਾਰਾਂ ਅਤੇ ਭਾਰੀ ਗਿਣਤੀ ਵਿੱਚ ਹਥਿਆਰ ਬਰਾਮਦ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ 6 ਫਰਵਰੀ ਨੂੰ ਡਾਨ ਬਿਨੂੰ ਦਾ 47ਵਾਂ ਜਨਮ ਦਿਨ ਸੀ ਅਤੇ ਉਸ ਨੇ ਉਸ ਦਿਨ ਇਕ ਵੱਡੀ ਪਾਰਟੀ ਰੱਖੀ ਸੀ, ਜਿਸ ਵਿੱਚ ਉਸ ਨੇ ਕਈ ਵੱਡੇ ਬਦਮਾਸ਼ਾਂ ਨੂੰ ਸੱਦਾ ਭੇਜਿਆ ਹੋਇਆ ਸੀ।