ਗੂਗਲ ਵੱਲੋਂ ਔਰਤਾਂ ਨਾਲ ਵਿਤਕਰਾ

7 Googleਗੂਗਲ ਨੂੰ ਕੌਣ ਨਹੀਂ ਜਾਣਦਾ। ਜਾਣਕਾਰੀ ਨੂੰ ਲੈ ਕੇ ਅਜੋਕੇ ਮਨੁੱਖਾਂ ਦੇ ਮਨਾਂ ਵਿੱਚ ਪੈਦਾ ਹੋਈ ਹਰ ਕਿਸਮ ਦੀ ਤੜਪ ਨੂੰ ਪੂਰਾ ਕਰਨ ਦੀ ਸਮਰੱਥਾ ਕਾਰਣ ਬਹੁਤ ਲੋਕ ਮਜਾਕ ਵਿੱਚ ਗੂਗਲ ਨੂੰ ਰੱਬ ਦਾ ਦਰਜਾ ਵੀ ਦੇਂਦੇ ਹਨ। ਪਰ ਕੱਲ ਤੋਂ ਗੂਗਲ ਕੰਪਨੀ ਖੁਦ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸਦੇ ਇੱਕ ਮਰਦ ਇੰਜਨੀਅਰ ਮੁਲਾਜ਼ਮ ਨੇ ਇੱਕ 10 ਪੰਨਿਆਂ ਦਾ ਮੀਮੋ ਲੀਕ ਕੀਤਾ ਜਿਸ ਵਿੱਚ ਗੂਗਲ ਦੇ 70,000 ਮੁਲਾਜ਼ਮਾਂ ਵਿੱਚ ਔਰਤਾਂ ਮੁਲਾਜ਼ਮਾਂ ਦੀ ਘਾਟ ਬਾਰੇ ਗੱਲ ਕੀਤੀ ਗਈ ਜਿਸਨੂੰ ਲੈ ਕੇ ਵਿਸ਼ਵ ਭਰ ਵਿੱਚ ਸ਼ੋਰ ਸ਼ਰਾਬਾ ਹੋ ਰਿਹਾ ਹੈ। ਮੀਮੋ ਦਾ ਸਾਰ ਇਸ ਗੱਲ ਉੱਤੇ ਮੁੱਕ ਜਾਂਦਾ ਹੈ ਕਿ ਗੂਗਲ ਵਿੱਚ ਔਰਤ ਮੁਲਾਜ਼ਮਾਂ ਦੀ ਗਿਣਤੀ ਘੱਟ ਹੋਣ ਦਾ ਕਾਰਣ ਔਰਤਾਂ ਦੀ ਸਰੀਰਕ ਬਣਤਰ ਦਾ ਮਰਦਾਂ ਨਾਲੋਂ ਵੱਖਰਾ ਹੋਣਾ ਹੈ।

ਲੀਕ ਹੋਏ ਮੀਮੋ ਵਿੱਚ ਗੂਗਲ ਕੰਪਨੀ ਦੇ ਉਹਨਾਂ ਯਤਨਾਂ ਦਾ ਵੀ ਵਿਰੋਧ ਕੀਤਾ ਗਿਆ ਹੈ ਜਿਸ ਬਦੌਲਤ ਵਿੱਚ ਕੰਪਨੀ ਨਸਲੀ ਵਿਭਿੰਨਤਾ ਲਿਆਉਣ ਦੇ ਯਤਨ ਕਰ ਰਹੀ ਹੈ। ਪਿਛਲੇ ਸਾਲ ਗੂਗਲ ਨੇ ਆਪਣੇ ਮੁਲਾਜ਼ਮਾਂ ਵਿੱਚ ਵਿਭਿੰਨਤਾ ਲਿਆਉਣ ਲਈ 150 ਮਿਲੀਅਨ ਡਾਲਰ ਰਾਖਵੇਂ ਰੱਖੇ ਸਨ। ਔਰਤਾਂ ਅਤੇ ਹੋਰ ਘੱਟ ਗਿਣਤੀ ਫਿਰਕਿਆਂ ਲਈ ਵੱਡੀਆਂ ਟੈਕ (ਤਕਨਾਲੋਜੀ) ਕੰਪਨੀਆਂ ਵਿੱਚ ਵਿਭਿੰਨਤਾ ਦੇ ਹੱਕ ਵਿੱਚ ਖੜਨ ਵਾਲੇ ਲੋਕ ਗੂਗਲ ਦੀ ਪਹੁੰਚ ਨੂੰ ਖ਼ਤਰਨਾਕ ਕਰਾਰ ਦੇ ਰਹੇ ਹਨ। ਚੇਤੇ ਰਹੇ ਕਿ ਯੂਨਾਈਟਡ ਸਟੇਟਸ ਦੇ ਲੇਬਰ ਵਿਭਾਗ ਦੀ ਜਾਂਚ ਨੇ ਅਪਰੈਲ 2017 ਵਿੱਚ ਪਾਇਆ ਸੀ ਕਿ ਗੂਗਲ ਵੱਲੋਂ ਮਰਦ ਮੁਲਾਜ਼ਮਾਂ ਦੇ ਮੁਕਾਬਲੇ ਔਰਤ ਮੁਲਾਜ਼ਮਾਂ ਨੂੰ ਘੱਟ ਤਨਖਾਹ ਦੇ ਕੇ ਅਮਰੀਕਾ ਦੇ ਫੈਡਰਲ ਲੇਬਲ ਕਨੂੰਨਾਂ ਦੀ ਉਲੰਘਣਾ ਕੀਤੀ ਸੀ ਬੇਸ਼ੱਕ ਔਰਤਾਂ ਮਰਦਾਂ ਜਿੰਨਾ ਹੀ ਕੰਮ ਕਰਦੀਆਂ ਹਨ।

ਸਮਾਜਿਕ ਵਿਗਿਆਨੀਆਂ ਦਾ ਮੰਨਣਾ ਹੈ ਕਿ ਅਜਿਹੀਆਂ ਮਿੱਥਾਂ ਰੱਖਣ ਵਾਲੇ ਲੋਕ ਔਰਤਾਂ ਪ੍ਰਤੀ ਅਜਿਹਾ ਨਸਲੀ ਵਿਤਕਰੇ ਭਰਿਆ ਮਾਹੌਲ ਸਿਰਜਦੇ ਹਨ ਜਿਸਨੂੰ ਤੋੜਨਾ ਔਖਾ ਹੁੰਦਾ ਹੈ। ਗੂਗਲ ਵਿੱਚ ਔਰਤ ਮੁਲਾਜ਼ਮਾਂ ਦੀ ਗਿਣਤੀ ਸਿਰਫ਼ 31% (ਤਕਨਾਲੋਜੀ ਵਿੱਚ ਸਿਰਫ਼ 19%) ਹੈ ਜਦੋਂ ਕਿ ਮੁਲਾਜ਼ਮ ਕਾਲੇ 2% ਅਤੇ ਸਪੈਨਿਸ਼ ਮੁਲਾਜ਼ਮਾਂ ਦੀ ਗਿਣਤੀ ਮਹਿਜ਼ 3% ਹੈ। ਗੂਗਲ ਦੇ ਕੁੱਲ ਮੁਲਾਜ਼ਮਾਂ ਵਿੱਚੋਂ 32% ਏਸ਼ੀਅਨ ਹਨ ਜਦੋਂ ਕਿ 60% ਦੇ ਕਰੀਬ ਗੋਰੇ ਮੁਲਾਜ਼ਮ ਹਨ। ਔਰਤਾਂ, ਬਲੈਕ ਕਮਿਉਨਿਟੀ, ਅਤੇ ਹੋਰ ਘੱਟ ਗਿਣਤੀਆਂ ਦੀ ਘੱਟ ਨਫ਼ਰੀ ਰੱਖਣ ਵਿੱਚ ਗੂਗਲ ਹੀ ਨਹੀਂ ਸਗੋਂ ਹੋਰ ਟੈਕ ਕੰਪਨੀਆਂ ਦਾ ਵੀ ਇਹੀ ਹਾਲ ਹੈ। ਮਿਸਾਲ ਵਜੋਂ 2016 ਵਿੱਚ ਫੇਸਬੁੱਕ ਨੇ ਖੁਦ ਆਪਣੀ ਵੈੱਬਸਾਈਟ ਉੱਤੇ ਕਬੂਲ ਕੀਤਾ ਸੀ ਕਿ ਇਸਦੇ 8500 ਮੁਲਾਜ਼ਮਾਂ ਵਿੱਚੋਂ ਸਿਰਫ਼ 145 ਲੋਕ ਬਲੈਕ ਕਮਿਉਨਿਟੀ ਨਾਲ ਸਬੰਧਿਤ ਹਨ ਜੋ ਕਿ ਮਹਿਜ਼ 1.7% ਬਣਦੇ ਹਨ। ਊਬਰ ਕੰਪਨੀ ਦੇ ਵਾਹਨਾਂ ਵਿੱਚ ਔਰਤਾਂ ਨਾਲ ਹੁੰਦੀ ਬਦਸਲੂਕੀ ਦੀਆਂ ਬੇਸ਼ੱਕ ਕਿੰਨੀਆਂ ਹੀ ਮਿਸਾਲਾਂ ਮਿਲਦੀਆਂ ਹੋਣ ਪਰ ਇਸਦੇ ਮੁਲਾਜ਼ਮ ਗਿਣਤੀ ਦਾ ਔਰਤਾਂ ਸਿਰਫ਼ 19% ਹਿੱਸਾ ਬਣਦੀਆਂ ਹਨ।

ਜਿੱਥੇ ਇਸ ਗੱਲ ਨਾਲ ਕਦੇ ਵੀ ਸਹਿਮਤ ਨਹੀਂ ਹੋਇਆ ਜਾ ਸਕਦਾ ਕਿ ਕਿਸੇ ਅਦਾਰੇ ਵਿੱਚ ਔਰਤਾਂ ਦੀ ਗਿਣਤੀ ਇਸ ਲਈ ਘੱਟ ਹੋਵੇ ਕਿਉਂਕਿ ਰੱਬ ਨੇ ਉਹਨਾਂ ਦਾ ਸਰੀਰ ਵੱਖਰੇ ਤਰੀਕੇ ਨਾਲ ਬਣਾਇਆ ਹੈ, ਉੱਥੇ ਔਰਤਾਂ ਦੇ ਟੈਕ ਜੌਬਾਂ ਵਿੱਚ ਘੱਟ ਆਉਣ ਦੇ ਕੁੱਝ ਹੋਰ ਕਾਰਣ ਜਰੂਰ ਸਾਹਮਣੇ ਆਉਂਦੇ ਹਨ। ਮਿਸਾਲ ਵਜੋਂ ਫੇਸਬੁੱਕ ਵੱਲੋਂ ਰੀਲੀਜ਼ ਜਾਣਕਾਰੀ ਮੁਤਾਬਕ ਅਮਰੀਕਾ ਦੇ 5 ਸਟੇਜ ਅਜਿਹੇ ਸਨ ਜਿੱਥੇ ਕੰਪਿਊਟਰ ਸਾਇੰਸ ਦੇ ਅਡਵਾਂਸਡ ਪਲੇਸਮੈਂਟ ਇਮਿਤਹਾਨ ਵਿੱਚ 10 ਤੋਂ ਵੀ ਘੱਟ ਲੜਕੀਆਂ ਬੈਠੀਆਂ ਅਤੇ ਤਿੰਨ ਸਟੇਟਾਂ ਵਿੱਚੋਂ ਇੱਕ ਵੀ ਲੜਕੀ ਨੇ ਇਹ ਇਮਿਤਹਾਨ ਨਹੀਂ ਦਿੱਤਾ। ਬਿੱਲ ਗੇਟਸ ਦੀ ਪਤਨੀ ਮੈਲਿੰਡਾ ਗੇਟਸ ਮੁਤਾਬਕ ਜਦੋਂ 1980 ਵਿੱਚ ਉਹ ਯੂਨੀਵਰਸਿਟੀ ਵਿੱਚ ਪੜਦੀ ਸੀ ਤਾਂ 37% ਲੜਕੀਆਂ ਕੰਪਿਊਟਰ ਸਾਇੰਸ ਅਤੇ ਕਨੂੰਨ ਦੀ ਪੜਾਈ ਵਿੱਚ ਭਾਗ ਲੈਂਦੀਆਂ ਸਨ । ਵਰਤਮਾਨ ਵਿੱਚ ਕਨੂੰਨ ਦੀ ਪੜਾਈ ਵਿੱਚ ਔਰਤਾਂ ਦੀ ਨਫ਼ਰੀ 47% ਉੱਤੇ ਜਾ ਪੁੱਜੀ ਹੈ ਜਦੋਂ ਕਿ ਕੰਪਿਊਟਰ ਸਾਇੰਸ ਵਿੱਚ ਔਰਤਾਂ 18% ਉੱਤੇ ਆ ਡਿੱਗੀਆਂ ਹਨ।

ਟੈਕ ਕੋਰਸ ਕਰਨ ਅਤੇ ਨੌਕਰੀਆਂ ਲੈਣ ਬਾਰੇ ਕੈਨੇਡਾ ਵਿੱਚ ਵੀ ਔਰਤਾਂ ਦੀ ਸਥਿਤੀ ਅਮਰੀਕਾ ਵਰਗੀ ਹੀ ਹੈ। ਯੂਨੀਵਰਸਿਟੀ ਆਫ ਵਾਟਰਲੂ ਮੁਤਾਬਕ ਇਸਦੇ ਟੈਕਨਾਲੋਜੀ ਆਧਾਰਿਤ ਕੋਰਸਾਂ ਵਿੱਚ 20% ਹੀ ਲੜਕੀਆਂ ਹੁੰਦੀਆਂ ਹਨ ਜਦੋਂ ਕਿ ਅੰਡਰਗਰੈਜੁਏਟ ਇੰਜਨੀਅਰਿੰਗ ਕੋਰਸ ਵਿੱਚ ਇਹ ਨਫ਼ਰੀ 22% ਹੀ ਹੈ।

ਜਿੱਥੇ ਇਹ ਸਾਰੇ ਅੰਕੜੇ ਔਰਤਾਂ ਪ੍ਰਤੀ ਪੈਦਾ ਹੋ ਚੁੱਕੇ ਅਣਸੁਖਾਵੇਂ ਮਾਹੌਲ ਵੱਲ ਇਸ਼ਾਰਾ ਕਰਦੇ ਹਨ, ਉਸਦੇ ਨਾਲ ਹੀ ਇਹ ਸਥਿਤੀ ਸਕੂਲਾਂ ਕਾਲਜਾਂ ਵਿੱਚ ਪੜਦੀਆਂ ਨੌਜਵਾਨ ਔਰਤਾਂ ਲਈ ਇੱਕ ਸੁਨਿਹਰੀ ਅਵਸਰ ਵੀ ਪੈਦਾ ਕਰਦੀ ਹੈ। ਅੱਜ ਕੱਲ ਕੰਪਨੀਆਂ ਲਈ ਇਹ ਲਾਜ਼ਮੀ ਬਣਦਾ ਜਾ ਰਿਹਾ ਹੈ ਕਿ ਉਹ ਔਰਤਾਂ ਨਾਲ ਸਪੱਸ਼ਟ ਅਤੇ ਅਸਪੱਸ਼ਟ ਵਿਤਕਰਾ ਬੰਦ ਕਰਨ ਨਹੀਂ ਤਾਂ ਵਿਸ਼ਵ ਭਰ ਵਿੱਚ ਉਹਨਾਂ ਦੀ ਬਦਨਾਮੀ ਹੁੰਦੀ ਹੈ। ਇਸਦਾ ਅਰਥ ਹੈ ਕਿ ਕੰਪਿਊਟਰ ਅਤੇ ਇੰਜਨੀਅਰਿੰਗ ਪੜਨ ਵਾਲੀਆਂ ਨੌਜਵਾਨ ਲੜਕੀਆਂ ਲਈ ਟੈਕ ਕੰਪਨੀਆਂ ਵਿੱਚ ਰੁਜ਼ਗਾਰ ਦੇ ਅਵਸਰ ਵੱਧ ਹੁੰਦੇ ਜਾਣਗੇ।