ਗੁੱਸਾ ਬੁੱਧੀ ਦਾ ਦੀਵਾ ਬੁਝਾ ਦਿੰਦਾ ਹੈ

-ਰਾਬਰਟ ਕਲੀਮੈਂਟਸ
ਰਾਬਰਟ ਇੰਗਰਸੋਲ ਲਿਖਦੇ ਹਨ ਕਿ ‘ਗੁੱਸਾ ਬੁੱਧੀ ਦਾ ਦੀਵਾ ਬੁਝਾ ਦਿੰਦਾ ਹੈ।’
ਬੀਤੀ ਰਾਤ ਮੈਂ ਆਪਣੇ ਇੱਕ ਪਿਆਰੇ ਦੋਸਤ ਨਾਲ ਬਿਤਾਈ, ਜੋ ਮੈਨੂੰ ਕਈ ਵਰ੍ਹਿਆਂ ਬਾਅਦ ਮਿਲਿਆ ਸੀ। ਅਸੀਂ ਦੋਵੇਂ ਉਸ ਦੀ ਕਲੱਬ ਵਿੱਚ ਗਏ ਅਤੇ ਬੈਠੇ ਬੈਠੇ ਮੈਨੂੰ ਖਿਆਲ ਆਇਆ ਕਿ ਬਹੁਤ ਕੁਝ ਬਦਲ ਚੁੱਕਾ ਹੈ। ਉਹ ਹੁਣ ਗੁੱਸੇ ਨਾਲ ਭਰਿਆ ਹੋਇਆ ਜਵਾਨ ਵਿਅਕਤੀ ਬਣ ਚੁੱਕਾ ਸੀ। ਗੱਲ-ਗੱਲ ਉੱਤੇ ਦੋਸਤਾਂ, ਰਿਸ਼ਤੇਦਾਰਾਂ ਤੇ ਇਥੋਂ ਤੱਕ ਕਿ ਹਰ ਐਰੇ-ਗੈਰੇ ਨਾਲ ਝਗੜਾ ਕਰਦਾ ਸੀ।
ਮੈਂ ਚੁੱਪਚਾਪ ਬੈਠਾ ਉਸ ਦੀਆਂ ਗੱਲਾਂ ਸੁਣਦਾ ਰਿਹਾ ਅਤੇ ਫਿਰ ਪੁੱਛਿਆ, ”ਹੁਣ ਤੇਰੇ ਬਲੱਡ ਪ੍ਰੈਸ਼ਰ ਦਾ ਕੀ ਹਾਲ ਹੈ?”
ਉਸ ਨੇ ਜਵਾਬ ਦਿੱਤਾ, ”ਪਤਾ ਨਹੀਂ ਕਿੱਥੇ ਭੱਜ ਗਿਆ।”
”ਅਜਿਹਾ ਤਾਂ ਹੋਣਾ ਹੀ ਸੀ”, ਮੈਂ ਠੰਢਾ ਹਾਉਕਾ ਭਰਿਆ ਅਤੇ ਉਸ ਨੂੰ ਇੱਕ ਕਹਾਣੀ ਸੁਣਾਈ :
ਇੱਕ ਵਿਅਕਤੀ ਨੇ ਅਖਬਾਰ ਵਿੱਚ ਸਪੋਰਟਸ ਕਾਰ ਦੇ ਸੰਬੰਧ ਵਿੱਚ ਇਸ਼ਤਿਹਾਰ ਪੜ੍ਹਿਆ। ਇਹ ਕਾਰ ਸਿਰਫ ਤਿੰਨ ਹਜ਼ਾਰ ਮੀਲ ਹੀ ਚੱਲੀ ਸੀ। ਇਸ਼ਤਿਹਾਰ ਵਿੱਚ ਸ਼ੇਖ਼ੀ ਮਾਰੀ ਗਈ ਸੀ, ”ਬਿਲਕੁਲ ਨਵੀਂ ਵਰਗੀ, ਜਿਵੇਂ ਹੁਣੇ-ਹੁਣੇ ਤਿਆਰ ਹੋ ਕੇ ਆਈ ਹੋਵੇ। ਕੀਮਤ 75 ਡਾਲਰ।”
ਉਹ ਵਿਅਕਤੀ ਆਪਣੇ-ਆਪ ਉਤੇ ਹੱਸਿਆ ਤੇ ਬੋਲਿਆ, ”ਦੇਖੋ ਅਖਬਾਰਾਂ ਦਾ ਹਾਲ, ਅੱਜ ਫਿਰ ਕਿੰਨੀ ਵੱਡੀ ਗਲਤੀ ਹੈ।”
ਉਸ ਦੇ ਦਿਮਾਗ ਵਿੱਚ ਸੀ ਕਿ ਪਰੂਫ ਰੀਡਿੰਗ ਦੀ ਗਲਤੀ ਕਾਰਨ ਰਕਮ ਦਾ ਆਖਰੀ ਸਿਫਰ ਗਾਇਬ ਹੋ ਗਿਆ ਹੈ, ਫਿਰ ਵੀ ਉਸ ਨੇ ਇਸ਼ਤਿਹਾਰ ਵਿੱਚ ਦਿੱਤੇ ਹੋਏ ਨੰਬਰ Ḕਤੇ ਫੋਨ ਘੁਮਾਇਆ ਤੇ ਫੋਨ ਚੁੱਕਣ ਵਾਲੀ ਔਰਤ ਤੋਂ ਕਾਰ ਬਾਰੇ ਪੁੱਛਿਆ, ”ਕੀ ਸੱਚਮੁੱਚ ਇਹ ਕਾਰ ‘ਬ੍ਰੈਂਡ ਨਿਊ’ ਹੈ?”
ਉਹ ਔਰਤ ਬੋਲੀ, ”ਹਾਂ।”
”ਕੀ ਇਹ ਸਿਰਫ ਤਿੰਨ ਹਜ਼ਾਰ ਮੀਲ ਹੀ ਚੱਲੀ ਹੈ?”
”ਹਾਂ।”
”ਕੀਮਤ?”
ਔਰਤ ਨੇ ਜਵਾਬ ਦਿੱਤਾ, ”75 ਡਾਲਰ।”
ਉਸ ਵਿਅਕਤੀ ਤੋਂ ਰਿਹਾ ਨਹੀਂ ਗਿਆ ਤੇ ਉਹ ਪੁੱਛ ਬੈਠਾ, ”ਮੈਡਮ, ਕੀ ਕਾਰ ਵਿੱਚ ਕੋਈ ਗੜਬੜ ਹੈ?”
ਔਰਤ ਨੇ ਜਵਾਬ ਦਿੱਤਾ, ”ਕਾਰ ਵਿੱਚ ਕੋਈ ਗੜਬੜ ਨਹੀਂ, ਤੁਸੀਂ ਫੋਨ ਕਰਨ ਵਾਲੇ ਪਹਿਲੇ ਵਿਅਕਤੀ ਹੋ। ਮੈਨੂੰ ਲੱਗਦਾ ਹੈ ਕਿ ਸਾਡੇ ਇਸ਼ਤਿਹਾਰ ‘ਤੇ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ।”
ਉਸ ਵਿਅਕਤੀ ਨੇ ਖੁਦ ਜਾ ਕੇ ਕਾਰ ਦਾ ਨਿਰੀਖਣ ਕਰਨ ਦਾ ਫੈਸਲਾ ਕੀਤਾ ਤੇ ਔਰਤ ਨੇ ਉਸ ਨੂੰ ਟੈਸਟ ਡਰਾਈਵ ਕਰਨ ਦੀ ਇਜਾਜ਼ਤ ਦੇ ਦਿੱਤੀ। ਕਾਰ ਇਕਦਮ ਠੀਕ-ਠਾਕ ਸੀ। ਉਸ ਵਿਅਕਤੀ ਨੂੰ ਆਪਣੀ ਖੁਸ਼ਨਸੀਬੀ ‘ਤੇ ਯਕੀਨ ਨਹੀਂ ਆ ਰਿਹਾ ਸੀ।
ਉਸ ਔਰਤ ਨੇ ਕਿਹਾ, ”ਸਿਰਫ 75 ਡਾਲਰ ਵਿੱਚ ਇਹ ਕਾਰ ਤੁਹਾਡੀ ਹੋ ਸਕਦੀ ਹੈ, ਸ਼ਰਤ ਸਿਰਫ ਇੱਕ ਹੀ ਹੈ ਕਿ ਮੈਨੂੰ ਰਕਮ ਹੁਣੇ ਚਾਹੀਦੀ ਹੈ ਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਇਸ ਵਿੱਚ ਬੈਠ ਕੇ ਹੁਣੇ ਚਲੇ ਜਾਓ ਤਾਂ ਕਿ ਮੈਂ ਦੁਬਾਰਾ ਤੁਹਾਡੇ ਦਰਸ਼ਨ ਨਾ ਕਰ ਸਕਾਂ।”
ਉਸ ਵਿਅਕਤੀ ਨੇ ਪੈਸੇ ਦਿੱਤੇ ਤੇ ਕਾਰ ਦੀਆਂ ਚਾਬੀਆਂ ਲੈ ਲਈਆਂ, ਪਰ ਇਹ ਪੁੱਛਣ ਤੋਂ ਖੁਦ ਨੂੰ ਨਹੀਂ ਰੋਕ ਸਕਿਆ ਕਿ ”ਮੈਡਮ, ਕ੍ਰਿਪਾ ਕਰ ਕੇ ਮੈਨੂੰ ਇਹ ਦੱਸੋ ਕਿ ਤੁਸੀਂ ਇਸ ਕਾਰ ਨੂੰ ਬੜੀ ਆਸਾਨੀ ਨਾਲ 30 ਹਜ਼ਾਰ ਡਾਲਰ ਵਿੱਚ ਵੇਚ ਸਕਦੇ ਸੀ। ਮੈਂ ਜਾਨਣਾ ਚਾਹੁੰਦੀ ਹਾਂ ਕਿ ਰਾਜ਼ ਕੀ ਹੈ?”
ਔਰਤ ਨੇ ਉਸ ਨੂੰ ਆਪਣੀ ਕਹਾਣੀ ਇੰਝ ਦੱਸੀ, ”ਮੈਂ ਆਪਣੇ ਵਿਆਹ ਦੀ 40ਵੀਂ ਵਰ੍ਹੇਗੰਢ ‘ਤੇ ਇਹ ਕਾਰ ਆਪਣੇ ਪਤੀ ਲਈ ਖਰੀਦੀ ਸੀ। ਦੋ ਹਫਤੇ ਪਹਿਲਾਂ ਉਹ ਮੈਨੂੰ ਇਕੱਲੀ ਛੱਡ ਕੇ ਆਪਣੇ ਦੋਸਤਾਂ ਨਾਲ ਮੱਛੀਆਂ ਫੜਨ ਚਲਾ ਗਿਆ। ਪਿਛਲੇ ਹਫਤੇ ਮੈਨੂੰ ਉਸ ਦਾ ਫੋਨ ਆਇਆ ਕਿ ਉਸ ਨੂੰ ਪੈਸੇ ਦੀ ਲੋੜ ਹੈ, ਕਾਰ ਵੇਚ ਦਿਓ ਤੇ ਕੁਝ ਪੈਸੇ ਭੇਜੋ। ਮੈਂ ਅਜਿਹਾ ਹੀ ਕੀਤਾ ਹੈ।”
ਅਸੀਂ ਦੋਵੇਂ ਇਸ ਕਹਾਣੀ ‘ਤੇ ਖੂਬ ਖਿੜਖਿੜਾ ਕੇ ਹੱਸੇ। ਫਿਰ ਮੇਰੇ ਮਿੱਤਰ ਨੇ ਪੁੱਛਆ, ”ਬੌਬ, ਇਸ ਕਹਾਣੀ ਦੇ ਜ਼ਰੀਏ ਤੂੰ ਮੈਨੂੰ ਕੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈਂ?”
”ਮੈਂ ਇਹ ਦੱਸ ਰਿਹਾ ਹਾਂ ਕਿ ਤੂੰ ਵੀ ਉਸ ਔਰਤ ਵਰਗਾ ਹੈਂ। ਉਹ ਆਪਣੇ ਪਤੀ ‘ਤੇ ਖਿੱਝੀ ਹੋਈ ਸੀ, ਜਿਸ ਕਾਰਨ ਉਸ ਨੇ ਉਹ ਚੀਜ਼ ਮਿੱਟੀ ਦੇ ਭਾਅ ਵਿੱਚ ਵੇਚ ਦਿੱਤੀ, ਜੋ ਉਨ੍ਹਾਂ ਦੋਵਾਂ ਨੂੰ ਪਸੰਦ ਸੀ।”
”ਤੂੰ ਵੀ ਆਪਣੇ ਗੁੱਸੇ ਨਾਲ ਆਪਣੀ ਸਿਹਤ ਖਰਾਬ ਕਰ ਰਿਹਾ ਹੈਂ?”
”ਫਿਰ ਤੂੰ ਹੀ ਦੱਸ, ਮੈਂ ਕੀ ਕਰਾਂ?”
ਮੈਂ ਉਸ ਨੂੰ ਮੈਕਸ ਲੁਸਾਦੋ ਦਾ ਕਥਨ ਸੁਣਾਇਆ, ”ਗੁੱਸੇ ਵਿੱਚ ਨਾ ਆਇਆ ਕਰ ਕਿਉਂਕਿ ਗੁੱਸਾ ਆਤਮਾ ਦਾ ਵਿਰਲਾਪ ਹੈ। ਦਿਲ ਨੂੰ ਤੰਗ ਕਰਨ ਵਾਲਾ ਦ੍ਰਿਸ਼ ਅੱਤਿਆਚਾਰੀ ਹੈ। ਸਾਡੀ ਸ਼ਾਂਤੀ ਵਿੱਚ ਵਿਘਨ ਪਾਉਣ ਵਾਲਾ ਢੀਠ ਹਮਲਾਵਰ ਹੈ।”
”ਤਾਂ ਫਿਰ?”
”ਖੁਦ ਨੂੰ ਸ਼ਾਂਤ ਕਰੋ। ਜੋ ਕੱਲ੍ਹ ਹੋ ਚੁੱਕਾ ਹੈ, ਉਸ ਨੂੰ ਤੁਸੀਂ ਬਦਲ ਨਹੀਂ ਸਕਦੇ, ਪਰ ਆਉਣ ਵਾਲੇ ਕੱਲ੍ਹ ਪ੍ਰਤੀ ਆਪਣੀ ਪ੍ਰਤੀਕਿਰਿਆ ਤੈਅ ਕਰ ਸਕਦੇ ਹੋ। ਤੂੰ ਜਾਂ ਤਾਂ ਉਸ ਔਰਤ ਵਾਂਗ ਗੁੱਸੇ ਵਿੱਚ ਕਾਰ ਵੇਚ ਸਕਦਾ ਹੈਂ ਤੇ ਕਿਸੇ ਅਨਮੋਲ ਚੀਜ਼ ਦਾ ਸੱਤਿਆਨਾਸ ਕਰ ਸਕਦਾ ਹੈਂ ਜਾਂ ਫਿਰ ਦੂਜਿਆਂ ਨੂੰ ਮੁਆਫ ਕਰਦੇ ਹੋਏ ਖੁਦ ਸ਼ਾਂਤ ਬਣੇ ਰਹੋ ਤੇ ਆਪਣੀ ਜ਼ਿੰਦਗੀ ਨੂੰ ਚੱਲਣ ਦਿਓ।”