ਗੁੱਟਬੰਦੀ ਵਿੱਚ 19 ਸਾਲਾ ਨੌਜਵਾਨ ਦੀ ਹੱਤਿਆ, ਦੋ ਸਾਥੀ ਜ਼ਖਮੀ

patiala murder
ਪਟਿਆਲਾ, 2 ਜੁਲਾਈ (ਪੋਸਟ ਬਿਊਰੋ)- ਇਸ ਸ਼ਹਿਰ ਦੇ ਧੀਰੂ ਨਗਰ ਦੇ 19 ਸਾਲਾ ਨੌਜਵਾਨ ਪਾਰਸ ਦੀ ਕੱਲ੍ਹ ਰਾਤ ਆਜ਼ਾਦ ਗਰੁੱਪ ਵਜੋਂ ਜਾਣੇ ਜਾਂਦੇ ਧੜੇ ਦੇ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ। ਇਸ ਦੌਰਾਨ ਪਾਰਸ ਦੇ ਦੋ ਸਾਥੀ ਸਾਗਰ ਤੇ ਆਸ਼ੀਸ਼ ਜ਼ਖਮੀ ਹੋ ਗਏ। ਇਸ ਦੇ ਬਾਅਦ ਪਾਰਸ ਦੇ ਭੜਕੇ ਹੋਏ ਸਾਥੀਆਂ ਨੇ ਰਾਤੀਂ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ਵਾਰਡ ਨੂੰ ਨੁਕਸਾਨ ਪਹੁੰਚਾਇਆ ਤੇ ਦਿਨੇ ਫੁਹਾਰਾ ਚੌਕ ਵਿੱਚ ਅੱਧੀ ਦਰਜਨ, ਕਾਰਾਂ, ਦੋ ਬਸਾਂ, ਇੱਕ ਟੈਂਪੂ ਤੇ ਕੁਝ ਦੁਕਾਨਾਂ ਦੀ ਭੰਨ-ਤੋੜ ਕੀਤੀ। ਉਨ੍ਹਾਂ ਨੂੰ ਕਾਬੂ ਕਰਨ ਲਈ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ। ਥਾਣਾ ਕੋਤਵਾਲੀ ਦੀ ਪੁਲਸ ਨੇ ਆਜ਼ਾਦ ਗਰੁੱਪ ਦੇ ਮੈਂਬਰਾਂ ਖਿਲਾਫ ਕਤਲ ਕੇਸ ਦਰਜ ਕਰ ਲਿਆ ਤੇ ਮੁਲਜ਼ਮਾਂ ਨੂੰ ਛੇਤੀ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ।
ਸ਼ੁੱਕਰਵਾਰ ਤੇ ਸ਼ਨੀਵਾਰ ਦੀ ਵਿਚਕਾਰਲੀ ਰਾਤ ਇਥੇ ਨਿਊ ਸ਼ੀਸ਼ ਮਹਿਲ ਕਲੋਨੀ ਵਿੱਚ ਆਜ਼ਾਦ ਗਰੁੱਪ ਦੇ ਮੈਂਬਰਾਂ ਵੱਲੋਂ ਕਿਰਾਏ ਉੱਤੇ ਲਈ ਕੋਠੀ ਵਿੱਚ ਕਤਲ ਦੀ ਘਟਨਾ ਵਿੱਚ ਜ਼ਖਮੀ ਹੋਏ ਸਾਗਰ ਨੇ ਦੱਸਿਆ ਕਿ ਲਵਲੀ ਜ਼ੈਲਦਾਰ ਤੇ ਉਸ ਦੇ ਸਾਥੀਆਂ ਨੇ ਖੁਦ ਉਨ੍ਹਾਂ ਨੂੰ ਆਪਣੇ ਘਰ ਪਾਰਟੀ ਉੱਤੇ ਬੁਲਾਇਆ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਕਾਰਨ ਪਾਰਸ ਦੀ ਜਾਨ ਚਲੀ ਗਈ, ਜੋ ਦਲਿਤ ਵਰਗ ਵਿੱਚੋਂ ਸੀ। ਦੋਸ਼ੀ ਧਿਰ ਦੇ ਲੋਕਾਂ ਦਾ ਦੋਸ਼ ਹੈ ਕਿ ਪਾਰਸ ਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਦੇ ਘਰ ਆ ਕੇ ਹਮਲਾ ਕੀਤਾ।
ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਵੱਲੋਂ ਪਾਰਸ ਨੂੰ ਮ੍ਰਿਤਕ ਕਰਾਰ ਦੇਣ ਉੱਤੇ ਧੀਰੂ ਨਗਰ ਦੇ ਵੱਡੀ ਗਿਣਤੀ ਨੌਜਵਾਨਾਂ ਨੇ ਐਮਰਜੈਂਸੀ ਵਾਰਡ ਦੀ ਭੰਨ ਤੋੜ ਕੀਤੀ ਤੇ ਕੱਲ੍ਹ ਸੰਗਰੂਰ ਰੋਡ ਜਾਮ ਕਰ ਦਿੱਤੀ। ਇਥੇ ਇੱਕ ਸਮਾਗਮ ਵਿੱਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਆਉਣ ਕਾਰਨ ਹਾਲਾਤ ਕਾਬੂ ਵਿੱਚ ਰੱਖਣ ਲਈ ਐੱਸ ਪੀ (ਸਿਟੀ) ਕੇਸਰ ਸਿੰਘ ਧਾਲੀਵਾਲ ਦੀ ਅਗਵਾਈ ਹੇਠਾਂ ਵੱਡੀ ਗਿਣਤੀ ਪੁਲਸ ਤੈਨਾਤ ਕਰ ਕੇ ਸਾਰਾ ਇਲਾਕਾ ਛਾਉਣੀ ਵਿੱਚ ਤਬਦੀਲ ਕੀਤਾ ਗਿਆ ਸੀ। ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਫੁਹਾਰਾ ਚੌਕ ਪੁੱਜੇ ਨੌਜਵਾਨਾਂ ਨੇ ਵਾਹਨਾਂ ਤੇ ਦੁਕਾਨਾਂ ਦੀ ਭੰਨ ਤੋੜ ਸ਼ੁਰੂ ਕਰ ਦਿੱਤੀ, ਜਿਸ ‘ਤੇ ਪੁਲਸ ਨੇ ਲਾਠੀਚਾਰਜ ਕਰ ਕੇ ਉਨ੍ਹਾਂ ਨੂੰ ਖਿੰਡਾ ਦਿੱਤਾ।