ਗੁੰਮਨਾਮ ਲੋਕ ਕਵੀ ਗਿਆਨੀ ਈਸ਼ਰ ਸਿੰਘ ਦਰਦ

-ਸੁਰਿੰਦਰ ਗਿੱਲ (ਡਾ.)
ਪੰਜਾਬੀ ਜਨ ਸਾਧਾਰਨ ਵਿੱਚ ਸਮੇਂ ਸਮੇਂ ਅਜਿਹੇ ਲੋਕ ਕਵੀ ਹਰਮਨ ਪਿਆਰੇ ਹੋਏ ਹਨ, ਜਿਹੜੇ ਆਪਣੇ ਆਲੇ ਦੁਆਲੇ, ਆਪਣੇ ਇਲਾਕੇ ਜਾਂ ਸਮੁੱਚੇ ਪੰਜਾਬ ਦੇ ਲੋਕਾਂ ਦਾ ਆਪਣੀਆਂ ਰਚਨਾਵਾਂ ਨਾਲ ਮਨੋਰੰਜਨ ਕਰਨ ਦੇ ਨਾਲ ਲੋਕਾਂ ਨੂੰ ਕੋਈ ਵਿਸ਼ੇਸ਼ ਸੰਦੇਸ਼ ਦਿੰਦੇ ਅਤੇ ਜਾਗ੍ਰਿਤ ਕਰਦੇ ਰਹੇ ਹਨ। ਅਜਿਹੇ ਜਾਗਰੂਕ ਲੋਕ ਕਵੀਆਂ ਵਿੱਚ ਗਦਰ ਲਹਿਰ ਦੇ ਕਵੀ, ਅਕਾਲੀ ਲਹਿਰ ਦੇ ਕਵੀ ਤੇ ਸੁਤੰਤਰਤਾ ਸੰਗਰਾਮ ਤੋਂ ਪ੍ਰਭਾਵਤ ਕਵੀਆਂ ਦੇ ਨਾਂਅ ਲਏ ਜਾ ਸਕਦੇ ਹਨ। ਇਨ੍ਹਾਂ ਤੋਂ ਇਲਾਵਾ ਕੁਝ ਕਵੀ ਅਜਿਹੇ ਹਨ, ਜਿਹੜੇ ਕਿਸੇ ਵਿਸ਼ੇਸ਼ ਲਹਿਰ ਜਾਂ ਵਿਚਾਰਧਾਰਾ ਨਾਲ ਜੁੜਨ ਤੋਂ ਬਿਨਾਂ ਸੁਤੰਤਰ ਰੂਪ ਵਿੱਚ ਆਪਣੀ ਕਾਵਿ ਰਚਨਾ ਨਾਲ ਲੋਕ ਪੱਖੀ ਸਰਵ ਜਨਕ ਕਲਿਆਣਕਾਰੀ ਅਵਾਜ ਬੁਲੰਦ ਕਰਦੇ ਰਹੇ। ਅਜਿਹੇ ਕਵੀਆਂ ਵਿੱਚ ਲੋਕ ਕਵੀ ਗੁਰਦਾਸ ਰਾਮ ਆਲਮ, ਤੇਰਾ ਸਿੰਘ ਚੰਨ, ਅਰੂੜ ਸਿੰਘ ਇਨਕਲਾਬ ਦੇ ਹਸਤਾਖਰ ਪ੍ਰਮੁੱਖ ਹਨ। ਪਿਛਲੇ ਦਿਨੀਂ ਇਨ੍ਹਾਂ ਸਤਰਾਂ ਦੇ ਇਸ ਲੇਖਕ ਨੂੰ ਇੱਕ ਹੋਰ ਲੋਕ ਕਵੀ ਦੀਆਂ ਕੁਝ ਕਵਿਤਾਵਾਂ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ, ਜਿਹੜਾ ਹੁਣ ਤੱਕ ਸਮੇਂ ਦੀ ਧੂੜ ਵਿੱਚ ਕਿਧਰੇ ਲੁਕਿਆ ਛਿਪਿਆ ਰਿਹਾ ਹੈ।
ਗਿਆਨੀ ਈਸ਼ਰ ਸਿੰਘ ਦਰਦ ਨਾਂਅ ਦੇ (15 ਫਰਵਰੀ 1900 ਤੋਂ 28 ਅਕਤੂਬਰ 1983) ਕਵੀ ਪੰਜਾਬ ਦੇ ਸਿਰਮੌਰ ਕਵੀ, ਕਹਾਣੀਕਾਰ ਤੇ ਨਾਵਲਕਾਰ ਸੰਤੋਖ ਸਿੰਘ ਧੀਰ ਤੇ ਰਿਪੁਦਮਨ ਸਿੰਘ ਰੂਪ ਦੇ ਪਿਤਾ ਸਨ। ਰਿਪੁਦਮਨ ਸਿੰਘ ਰੂਪ ਦੀ ਪਾਰਖੂ ਅੱਖ ਅਤੇ ਲੰਮੀ ਲਗਨ ਦੇ ਫਲਸਰੂਪ ਉਨ੍ਹਾਂ ਦੇ ਪਿਤਾ ਜੀ ਗਿਆਨੀ ਈਸ਼ਰ ਸਿੰਘ ਦਰਦ ਦੀਆਂ ਅਲਮਾਰੀਆਂ ਵਿੱਚ ਬੰਦ ਪਈਆਂ ਡਾਇਰੀਆਂ, ਕਾਪੀਆਂ ਅਤੇ ਰਜਿਸਟਰਾਂ ਵਿੱਚੋਂ ਲੱਭ ਕੇ, ਤਰਤੀਬ ਦੇ ਕੇ, ਉਨ੍ਹਾਂ ਦੀ ਉਸ ਰਚਨਾ ਨੂੰ ਅੱਜ ਪੰਜਾਬੀ ਸੰਸਾਰ ਤੱਕ ਪੁੱਜਣ ਯੋਗ ਕੀਤਾ ਗਿਆ ਹੈ।
ਗਿਆਨੀ ਈਸ਼ਰ ਸਿੰਘ ਦਰਦ ਦੇ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵਿੱਚ ਓਦੋਂ ਦੇ ਰਿਵਾਜ਼ ਅਨੁਸਾਰ ਧਾਰਮਿਕ, ਸਮਾਜਕ ਰੰਗ ਦੀਆਂ ਕਵਿਤਾਵਾਂ ਹਨ, ਪਰ ਇਸ ਕਵੀ ਦਾ ਵਿਸ਼ੇਸ਼ ਗੁਣ ਲੱਛਣ ਉਸ ਦੀ ਰਚਨਾ ਵਿਚਲੀ ਰਾਜਨੀਤਕ ਚੇਤਨਤਾ ਅਤੇ ਪ੍ਰਗਤੀਸ਼ੀਲਤਾ ਹੈ। ਵਿਸ਼ੇ ਵਸਤੂ ਦੇ ਪੱਖ ਤੋਂ ਪਰਖਿਆ ਈਸ਼ਰ ਸਿੰਘ ਦਰਦ ਦੀ ਕਾਵਿ ਰਚਨਾ ਜੀਵਨ ਦੇ ਬਹੁ-ਪਸਾਰੀ ਅਤੇ ਬਹੁ ਦਿਸ਼ਾਈ ਪੱਖਾਂ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ। ਦਰਦ ਦੇ ਕਾਵਿ ਨੂੰ ਪੰਜ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ; 1.ਧਾਰਮਿਕ ਸ਼ਰਧਾ ਕਾਵਿ, 2. ਜੀਵਨ ਤੱਤ ਸਾਰ, 3. ਪ੍ਰੰਪਰਿਕ ਕਾਵਿ ਜਾਂ ਭਾਰਤੀ ਦਰਸ਼ਨ ਸੰਬੰਧੀ ਕਵਿਤਾਵਾਂ, ਚਾਰ ਰਾਜਨੀਤਕ ਚੇਤਨਤਾ ਅਥਵਾ ਸੁਤੰਤਰਤਾ ਸੰਗਰਾਮ ਬਾਰੇ ਕਵਿਤਾਵਾਂ ਅਤੇ 5. ਸੁਤੰਤਰ ਕਾਵਿ, ਜਨ ਸਾਧਾਰਨ ਦੀ ਉਪਰਾਮਤਾ ਦਾ ਚਿਤਰਣ ਆਦਿ।
ਤਤਕਾਲੀ ਰੁਚੀ ਅਨੁਸਾਰ ਧਾਰਮਿਕ ਰੰਗ ਦੀਆਂ ਕਵਿਤਾਵਾਂ ਸ਼ਰਧਾਵਾਦੀ ਰੰਗ ਵਿੱਚ ਰੰਗੀਆਂ ਕਵਿਤਾਵਾਂ ਹਨ, ਪਰ ਇਥੇ ਵੀ ਸਾਡਾ ਕਵੀ ਜੀਵਨ ਦੇ ਯਥਾਰਥ ਦਾ ਲੜ ਨਹੀਂ ਛੱਡਦਾ। ਜਿਵੇਂ :
‘‘ਮੈਂ ਦੀਨਾਂ ਦੀ ਰੱਖਿਆ ਲਈ ਖੰਡਾ ਬਣਾਂਗਾ।
ਮੈਂ ਵਿਗੜੇ ਸੰਵਾਰਨ ਲਈ ਡੰਡਾ ਬਣਾਂਗਾ।
ਮੈਂ ਦੁੱਖੜੇ ਦਰਦ ਸਭ ਸਿਰ ‘ਤੇ ਜਰਾਂਗਾ।
ਵਤਨ ਲਈ ਜੀਆਂਗਾ, ਵਤਨ ਲਈ ਮਰਾਂਗਾ।
(ਸੰਦੇਸ਼ਦਾਤਾ)
ਦਰਦ ਦੀਆਂ ਕੁਝ ਕਵਿਤਾਵਾਂ, ਵਿਸ਼ੇਸ਼ ਕਰ ਕੇ ਨਿੱਕੀਆਂ ਕਵਿਤਾਵਾਂ ਜੀਵਨ ਘੋਲ ‘ਚੋਂ ਪ੍ਰਾਪਤ ਕੁਝ ਤੱਤਸਾਰ ਸੱਚਾਈਆਂ ਨੂੰ ਕਾਵਿ ਰੂਪ ਵਿੱਚ ਢਾਲਿਆ ਗਿਆ ਹੈ। ਅਜਿਹੀਆਂ ਨਿੱਕੀਆਂ ਕਵਿਤਾਵਾਂ ਕਵੀ ਈਸ਼ਰ ਸਿੰਘ ਦਰਦ ਦੇ ਜੀਵਨ ਅਨੁਭਵ ਦੀ ਕੁਠਾਲੀ ਵਿੱਚੋਂ ਸੋਨੇ ਦੇ ਕਣ ਮਾਤਰ ਅਤੇ ਅਟੱਲ ਯਥਾਰਥ ਦਾ ਪ੍ਰਗਟਾਵਾ ਹਨ। ਉਦਾਹਰਣ ਰੂਪ :
‘‘ਚੰਨਣ ਦੀ ਜੇ ਹੋਏ ਬੁਹਾਰੀ
ਅੰਤ ਬਹੁਕਰ ਦੀ ਬਹੁਕਰ
ਭਾਵੇਂ ਕਿੱਡਾ ਹੋਏ ਮਰਤਬਾ
ਰਹੂ ਨੌਕਰ ਦਾ ਨੌਕਰ”
(ਟੋਟਕੇ)
ਸਾਧਾਰਨ ਪਰਵਾਰ ਵਿੱਚ ਜਨਮੇ ਤੇ ਜਵਾਨ ਹੋਏ ਕਵੀ ਈਸ਼ਰ ਸਿੰਘ ਦਰਦ ਆਪਣੇ ਪਿੰਡ, ਸ਼ਹਿਰ ਜਾਂ ਸੂਬੇ ਦੀ ਹੱਦ ਅੰਦਰ ਨਹੀਂ ਟਿਕੇ ਰਹੇ, ਸਮੁੱਚੇ ਭਾਰਤ ਦੇ ਕਈ ਪ੍ਰਾਂਤਾਂ ਵਿੱਚ ਘੁੰਮੇ। ਆਪਣੇ ਸਮਕਾਲੀ ਹਾਣੀਆਂ ਦੇ ਮੁਕਾਬਲੇ ਉਨ੍ਹਾਂ ਦਾ ਦਿ੍ਰਸ਼ਟੀਕੋਣ ਅਤਿ ਵਿਸ਼ਾਲ, ਨਵੀਨ ਅਤੇ ਸਮਾਜਵਾਦੀ ਕਲਮ ਦਾ ਤਤਕਾਲੀ ਸਮਾਜਕ ਰਾਜਨੀਤਕ ਸਮਾਚਾਰ ਪ੍ਰਤੀ ਜਾਣੂ ਅਤੇ ਚੇਤਨ ਹੋਣਾ ਹੈਰਾਨੀ ਦੀ ਹੱਦ ਤੱਕ ਪਾਠਕਾਂ ਆਲੋਚਕਾਂ ਨੂੰ ਧਿਆਨ ਖਿੱਚ ਪਾਉਂਦਾ ਹੈ। ਉਨ੍ਹਾਂ ਦੇ ਕਾਵਿ ਬੰਦ ਕਵੀ ਦਰਦ ਦੀ ਰਾਜਨੀਤਕ ਚੇਤਨਤਾ ਦਾ ਜਿਊਂਦਾ ਜਾਗਦਾ ਪ੍ਰਮਾਣ ਹਨ। ਕਵੀ ਦੀ ਬੋਲੀ, ਆਮ ਬੋਲ-ਚਾਲ ਦੀ ਬੋਲੀ ਹੈ, ਪਰ ਕਾਵਿ-ਕਲਾ ਦੀ ਸਾਣ ਉੱਤੇ ਲੱਗੀ ਹੋਈ। ਕਈ ਕਵਿਤਾਵਾਂ ਵਿੱਚ ਲੋੜ ਅਨੁਸਾਰ ਪ੍ਰਚਲਤ ਅੰਗਰੇਜ਼ੀ ਸ਼ਬਦਾਵਲੀ ਵੀ ਵਰਤੀ ਗਈ ਹੈ, ਪਰ ਸਹਿੰਦੀ ਸਹਿੰਦੀ ਅਤੇ ਢੁਕਵੀਂ। ਗਿਆਨੀ ਈਸ਼ਰ ਸਿੰਘ ਦਰਦ ਰਚਿਤ ਇਨ੍ਹਾਂ ਕਵਿਤਾਵਾਂ ਨੂੰ ਪੜ੍ਹਨ ਸਮੇਂ ਇਉਂ ਜਾਪਦਾ ਹੈ ਕਿ ਕੋਈ ਹੰਢਿਆ ਵਰਤਿਆ ਪੇਂਡੂ ਬਜ਼ੁਰਗ ਥੋੜ੍ਹੇ ਨਸ਼ੇ ਦੀ ਖੁਮਾਰੀ ਵਿੱਚ ਮਸਤ ਬੈਠਾ, ਆਪਣੀ ਹੀ ਧੁਨ ਵਿੱਚ ਕੁਝ ਕਹਿ ਰਿਹਾ ਹੈ। ਥੋੜ੍ਹੇ ਧਿਆਨ ਨਾਲ ਸੁਣਿਆ ਜਾਵੇ ਤਾਂ ਅਨੁਭਵ ਹੁੰਦਾ ਹੈ ਕਿ ਬੜੀਆਂ ਪਤੇ ਦੀਆਂ ਗੱਲਾਂ ਕਰ ਰਿਹਾ ਹੈ ਅਤੇ ਜੀਵਨ ਘੋਲ ਵਿੱਚੋਂ ਪ੍ਰਾਪਤ ਤੱਤ ਸਾਰ ਦਾ ਪ੍ਰਗਟਾਵਾ ਕਰ ਰਿਹਾ ਹੈ।