ਗੁੜ ਨਾਲੋਂ ਮਿੱਠੀਆਂ ਯਾਦਾਂ

-ਡਾ. ਅੰਮਿਤ ਅਦਲੱਖਾ
ਸਿਹਤ ਵਿਭਾਗ ਵਿੱਚ ਸਰਕਾਰੀ ਨੌਕਰੀ ਕਰਦਿਆਂ ਜੇ ਤੁਸੀਂ ਐਮ ਬੀ ਬੀ ਐਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਕਰਨਾ ਚਾਹੁੰਦੇ ਹੋ ਤਾਂ ਜ਼ਰੂਰੀ ਹੈ ਕਿ ਤੁਸਾਂ ਦੋ ਤਿਨ ਸਾਲ ਪਿੰਡਾਂ ਵਿੱਚ ਨੌਕਰੀ ਕੀਤੀ ਹੋਵੇ। ਇਸੇ ਨੂੰ ਮੁੱਖ ਰੱਖਦਿਆਂ ਕਈ ਸਾਲ ਪਹਿਲਾਂ ਮੇਰੀ ਪਹਿਲੀ ਨਿਯੁਕਤੀ ਕੇਨਾਲ ਡਿਸਪੈਂਸਰੀ ਤਾਜੇਵਾਲਾ ਹੈਂਡ ਵਰਕਸ ‘ਤੇ ਹੋਈ। ਤਾਜੇਵਾਲਾ ਯਮੁਨਾ ਨਗਰ ਤੇ ਪਾਉਂਟਾ ਸਾਹਿਬ ਦੀ ਸੜਕ ‘ਤੇ ਅੱਧ ਵਿਚਕਾਰ ਹੈ। ਡਿਸਪੈਂਸਰੀ ਦਰਿਆ ਕੰਢੇ ਸੀ ਤੇ ਆਸ ਪਾਸ ਦਰਿਆ, ਨਹਿਰਾਂ, ਪਹਾੜ ਦਿਸਦੇ ਸਨ। ਬਹੁਤ ਮਨਮੋਹਕ ਨਜ਼ਾਰਾ ਸੀ। ਜਦੋਂ ਵੀ ਛੁੱਟੀ ਹੁੰਦੀ, ਪਾਉਂਟਾ ਸਾਹਿਬ ਅਤੇ ਕਲੇਸਰ ਦੇ ਜੰਗਲਾਂ ਦੀ ਸੈਰ ਨੂੰ ਨਿਕਲ ਜਾਂਦਾ ਸੀ। ਕਲੇਸਰ ਜੰਗਲ ਅੱਜ ਕੱਲ੍ਹ ਜੰਗਲੀ ਜਾਨਵਰਾਂ ਦੀ ਰਾਖਵੀ ਥਾਂ ਬਣਿਆ ਹੋਇਆ ਹੈ।
ਇਕ ਦਿਨ ਮੈਂ ਮਰੀਜ਼ ਵੇਖ ਰਿਹਾ ਸੀ ਕਿ ਇਕ ਓਵਰਸੀਅਰ ਨਿੱਕੇ ਜਿਹੇ ਕੁੱਤੇ ਨੂੰ ਝੋਲੀ ਚੁੱਕੀ ਆਇਆ ਅਤੇ ਕਹਿਣ ਲੱਗਾ, ‘ਇਹ ਕੁੱਤਾ ਸਾਡੇ ਐਕਸੀਅਨ ਸਾਹਿਬ ਦਾ ਹੈ। ਇਸ ਦਾ ਪੇਟ ਖਰਾਬ ਹੈ। ਇਸ ਦਾ ਇਲਾਜ ਕਰ ਦਿਊ।’ ਮੈਨੂੰ ਅੰਦਾਜ਼ਾ ਸੀ ਕਿ ਜਾਨਵਰਾਂ ਤੇ ਬੰਦਿਆਂ ਦੀਆਂ ਦਵਾਈਆਂ ਲਗਭਗ ਇਕੋ ਜਿਹੀਆਂ ਹੁੰਦੀਆਂ ਹਨ। ਸਿਰਫ ਦਵਾਈ ਦੀ ਮਿਕਦਾਰ ਦਾ ਫਰਕ ਹੁੰਦਾ ਹੈ। ਮੈਂ ਕੁੱਤੇ ਵਾਸਤੇ ਦਵਾਈ ਦੇ ਦਿੱਤੀ ਅਤੇ ਸ਼ਾਮ ਤੱਕ ਉਹ ਠੀਕ ਹੋ ਗਿਆ। ਕੁਝ ਦਿਨ ਬੀਤੇ, ਇਕ ਹੋਰ ਬੰਦਾ ਇਲਾਜ ਵਾਸਤੇ ਕੁੱਤਾ ਲੈ ਕੇ ਆ ਗਿਆ। ਮੈਂ ਸ਼ਸ਼ੋਪੰਜ ਵਿੱਚ ਪੈ ਗਿਆ ਕਿ ਜੇ ਇਸ ਦਾ ਵੀ ਇਲਾਜ ਕਰ ਦਿੱਤਾ ਤਾਂ ਮੇਰੇ ਹਸਪਤਾਲ ਵਿੱਚ ਕੁੱਤੇ ਬਿੱਲੀਆਂ ਤੇ ਹੋਰ ਡੰਗਰ ਆਇਆ ਕਰਨਗੇ। ਮੈਂ ਬੰਦਿਆਂ ਦਾ ਡਾਕਟਰ ਘੱਟ ਤੇ ਜਾਨਵਰਾਂ ਦਾ ਡਾਕਟਰ ਵੱਧ ਬਣ ਜਾਵਾਂਗਾ। ਜਾਨ ਫਿਰ ਵੀ ਜਾਨ ਹੁੰਦੀ ਹੈ। ਬੰਦੇ ਦੀ ਹੋਵੇ ਜਾਂ ਜਾਨਵਰ ਦੀ। ਮੈਂ ਉਸ ਬੰਦੇ ਤੋਂ ਇਹ ਵਾਅਦਾ ਲਿਆ ਕਿ ਕਿਸੇ ਨੂੰ ਨਹੀਂ ਦੱਸੇਗਾ ਕਿ ਕੁੱਤੇ ਦਾ ਇਲਾਜ ਉਸ ਨੇ ਕੀਤਾ ਹੈ। ਨਾ ਹੀ ਕੋਈ ਜਾਨਵਰ ਇਲਾਜ ਵਾਸਤੇ ਘੱਲੇਗਾ। ਇਹ ਵਾਅਦਾ ਲੈ ਕੇ ਮੈਂ ਉਸ ਨੂੰ ਦਵਾਈ ਲਿਖ ਦਿੱਤੀ।
ਯਮੁਨਾ ਦਰਿਆ ਪਾਰ ਯੂ ਪੀ ਦੇ ਪਿੰਡ ਸਨ। ਦਰਿਆ ਵਿੱਚ ਪਾਣੀ ਘੱਟ ਹੋਣ ‘ਤੇ ਪਿੰਡਾਂ ਦੇ ਲੋਕ ਮੇਰੀ ਡਿਸਪੈਂਸਰੀ ਵਿੱਚ ਦਵਾਈ ਲੈਣ ਆ ਜਾਂਦੇ ਸਨ, ਕਿਉਂਕਿ ਇਹ ਆਮ ਜਨਤਾ ਲਈ ਵੀ ਖੁੱਲ੍ਹੀ ਸੀ। ਇਕ ਦਿਨ ਇਕ ਮੁਸਲਮਾਨ ਔਰਤ ਦਵਾਈ ਲੈਣ ਆਈ ਅਤੇ ਉਰਦੂ ਵਿੱਚ ਆਖਣ ਲੱਗੀ, ‘ਡਾਕਟਰ ਸਾਹਿਬ, ਹਮ ਨੇ ਆਪਕੀ ਰੁਸਵਾਈ (ਬਦਨਾਮੀ) ਬਹੁਤ ਸੁਨੀ ਹੈ। ਇਸ ਲੀਯੇ ਆਪਕੇ ਪਾਸ ਇਲਾਜ ਕੇ ਲਈ ਆਈ ਹੂੰ। ਕੋਈ ਅੱਛੀ ਦਵਾ ਦੇ ਕੇ ਰਾਜੀ ਕਰ ਦੋ।’ ਮੇਰਾ ਰੰਗ ਉਡ ਗਿਆ ਕਿ ਮੈਂ ਇਹੋ ਜਿਹੀ ਕਿਹੜੀ ਹਰਕਤ ਕਰ ਬੈਠਾਂ, ਜਿਸ ਕਰਕੇ ਮੇਰੀ ਦੂਰ-ਦੂਰ ਤੱਕ ਰੁਸਵਾਈ ਹੋ ਗਈ। ਮੈਂ ਉਸ ਨੂੰ ਉਰਦੂ ਵਿੱਚ ਪੁੱਛਿਆ, ‘ਮੋਹਤਰਮਾ ਯਹ ਬਤਾਓ ਕਿ ਮੈਨੇ ਕਯਾ ਕੀਆ ਹੈ।’ ਉਹ ਕਹਿਣ ਲੱਗੀ, ‘ਡਾਕਟਰ ਸਾਹਿਬ ਆਪਕੇ ਇਲਾਜ ਸੇ ਹਮਾਰੇ ਇਲਾਕੇ ਕੇ ਕਈ ਮਰੀਜ਼ ਠੀਕ ਹੋ ਗਏ ਹੈ ਇਸ ਲੀਯੇ ਆਪਕੀ ਰੁਸਵਾਈ ਫੈਲ ਗਈ ਹੈ।’
ਮੈਂ ਸਮਝ ਗਿਆ ਕਿ ਇਹ ਔਰਤ ਕਹਿਣਾ ਤਾਂ ਮਸ਼ਹੂਰੀ ਚਾਹੁੰਦੀ ਏ ਪਰ ਗਲਤੀ ਨਾਲ ਉਸ ਦਾ ਉਲਟ ਰੁਸਵਾਈ ਕਹਿ ਰਹੀ ਹੈ। ਮੈਂ ਉਸ ਨੂੰ ਦਵਾਈ ਦੇ ਕੇ ਤੋਰ ਦਿੱਤਾ।
ਤਾਜੇਵਾਲਾ ਤੋਂ ਇਕ ਸਾਲ ਬਾਅਦ 1965 ਵਿੱਚ ਮੇਰੀ ਬਦਲੀ ਕਰਨਾਲ ਨੇੜੇ ਮਸ਼ਹੂਰ ਕਸਬਾ ਤਰਾਵੜੀ ਵਿੱਚ ਹੋਈ, ਜੋ ਬਹੁਤ ਵੱਡੀ ਚੌਲਾਂ ਦੀ ਮੰਡੀ ਹੈ ਤੇ ਉਥੇ ਰੇਲਵੇ ਸਟੇਸ਼ਨ ਵੀ ਹੈ। ਇਹ ਇਕ ਪ੍ਰਾਚੀਨ ਕਸਬਾ ਹੈ ਅਤੇ ਇਤਿਹਾਸ ਵਿੱਚ ਇਸ ਦਾ ਨਾਂ ਰਾਜਾ ਪ੍ਰਿਥਵੀਰਾਜ ਚੌਹਾਨ ਨਾਲ ਜੁੜਿਆ ਹੋਇਆ ਹੈ। ਦੋ ਕਮਰਿਆਂ ਦੀ ਡਿਸਪੈਂਸਰੀ ਪਿੰਡ ਵਿੱਚ ਬਣੀ ਹੋਈ ਸੀ। ਵਿੱਚੇ ਹੀ ਡਾਕਟਰ ਤੇ ਕੰਪਾਊਡਰ ਦੇ ਕੁਆਰਟਰ ਸਨ। ਕੋਈ ਵਾਰਡ ਨਹੀਂ ਸੀ, ਇਸ ਕਰਕੇ ਮਰੀਜ਼ਾਂ ਨੂੰ ਦਾਖਲ ਕਰਕੇ ਇਲਾਜ ਨਹੀਂ ਕੀਤਾ ਜਾਂਦਾ ਸੀ। ਇਲਾਕੇ ਦੇ ਲੋਕ ਚੰਗੇ ਸਨ। ਡਿਸਪੈਂਸਰੀ ਵਿੱਚ ਵਾਰਡ ਦੀ ਘਾਟ ਬਾਰੇ ਮੈਂ ਉਥੋਂ ਦੇ ਇਕ ਵਪਾਰੀ ਨਾਲ ਗੱਲ ਕੀਤੀ। ਉਸ ਨੇ ਡਿਸਪੈਂਸਰੀ ਵਿੱਚ ਵਾਰਡ ਬਣਵਾ ਦਿੱਤਾ, ਨਾਲ ਹੀ ਮਰੀਜ਼ਾਂ ਦੀ ਵਰਤੋਂ ਵਾਸਤੇ ਬਾਥਰੂਮ ਵੀ। ਪਾਣੀ ਲਈ ਇਕ ਬੰਬੀ ਲੁਆ ਦਿੱਤੀ। ਇਸ ਤਰ੍ਹਾਂ ਕੁਆਰਟਰਾਂ ਦੇ ਬਾਥਰੂਮ ਵਿੱਚ ਵੀ ਪਾਣੀ ਦਾ ਬੰਦੋਬਸਤ ਹੋ ਗਿਆ। ਇਹ ਸਾਰਾ ਕੰਮ ਕੁਝ ਹੀ ਮਹੀਨਿਆਂ ਵਿੱਚ ਹੋ ਗਿਆ। ਨਾ ਕੋਈ ਨਕਸ਼ਾ, ਨਾ ਵਿਖਾਵਾ, ਨਾ ਹੀ ਫੀਤੇ ਕੱਟਣ ਦੀ ਰਸਮ ਤੇ ਮਰੀਜ਼ਾਂ ਦੇ ਦਾਖਲੇ ਸ਼ੁਰੂ ਹੋ ਗਏ। ਵਾਰਡ ਕਰੀਬ ਭਰਿਆ ਰਹਿੰਦਾ ਸੀ।
ਡਿਸਪੈਂਸਰੀ ‘ਚੋਂ ਨਿਕਲਦਿਆਂ ਹੀ ਇਕ ਮੁਹੱਲਾ ਆਉਂਦਾ ਸੀ, ਜਿਸ ਵਿੱਚ ਤਰਖਾਣ ਰਹਿੰਦੇ ਸਨ। ਗਲੀ ਦੇ ਦੋਵੇਂ ਪਾਸੇ ਮਕਾਨ ਸਨ ਐਨ ਵਿਚਕਾਰ ਨਾਲੀ ਵੱਗਦੀ ਸੀ। ਲੋਕੀਂ ਸ਼ਾਮ ਨੂੰ ਘਰ ਦੇ ਬਾਹਰ ਗਲੀ ਵਿੱਚ ਮੰਜੇ ਡਾਹ ਕੇ ਇਕ ਦੂਜੇ ਨਾਲ ਗੱਪਸ਼ੱਪ ਮਾਰਦੇ ਸਨ, ਪਰ ਗਲੀ ਦੇ ਬੱਚੇ ਆਮ ਤੌਰ ‘ਤੇ ਬਿਮਾਰ ਰਹਿੰਦੇ ਸਨ। ਉਹ ਨਾਲੀ ਵਗਣ ਨਾਲ ਬਿਮਾਰੀਆਂ ਪੈਦਾ ਕਰਦੀ ਸੀ ਅਤੇ ਮੀਂਹ ਨਾਲ ਹੋਰ ਵੀ ਬੁਰਾ ਹਾਲ ਹੋ ਜਾਂਦਾ ਸੀ। ਇਕ ਦਿਨ ਸ਼ਾਮ ਨੂੰ ਮੈਂ ਉਥੋਂ ਲੰਘਦਿਆਂ ਇਕ ਬੰਦੇ ਦੇ ਮੰਜੇ ‘ਤੇ ਬਹਿ ਗਿਆ। ਉਹ ਬੜਾ ਖੁਸ਼ ਹੋਇਆ ਅਤੇ ਮੇਰਾ ਹਾਲ ਚਾਲ ਪੁੱਛਣ ਲੱਗਾ। ਕੁਝ ਹੋਰ ਲੋਕ ਆ ਕੇ ਬਹਿ ਗਏ। ਮੈਂ ਉਨ੍ਹਾਂ ਦਾ ਧਿਆਨ ਗਲੀ ਵਿਚਾਲੇ ਵਗਦੀ ਨਾਲੀ ਵੱਲ ਦਿਵਾਇਆ ਤੇ ਦੱਸਿਆ ਕਿ ਇਹ ਉਨ੍ਹਾਂ ਦੇ ਬੱਚਿਆਂ ਦੀ ਬਿਮਾਰੀ ਦੀ ਜੜ੍ਹ ਹੈ। ਮੈਂ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਗਲੀ ਨੂੰ ਪੱਕਾ ਕਰ ਲਿਆ ਜਾਵੇ। ਉਨ੍ਹਾਂ ਇਕ ਵਾਰੀ ਵੀ ਨਹੀਂ ਕਿਹਾ ਕਿ ਇਹ ਕੰਮ ਸਰਕਾਰ ਜਾਂ ਪੰਚਾਇਤ ਦਾ ਹੈ ਅਤੇ ਥੋੜ੍ਹੇ ਦਿਨਾਂ ਵਿੱਚ ਰਲ ਮਿਲ ਕੇ ਪੱਕੀ ਕਰ ਲਈ। ਦੋਵਾਂ ਕਿਨਾਰਿਆਂ ‘ਤੇ ਪੱਕੀਆਂ ਨਾਲੀਆਂ ਬਣਾ ਦਿੱਤੀਆਂ ਤੇ ਡਿਸਪੈਂਸਰੀ ਦਾ ਕੱਚਾ ਵਿਹੜਾ ਵੀ ਪੱਕਾ ਕਰ ਦਿੱਤਾ।
ਇਕ ਵਾਰੀ ਡਿਸਪੈਂਸਰੀ ਦੇ ਕੰਪਾਊਡਰ ਦੀ ਬਦਲੀ ਕਿਸੇ ਹੋਰ ਥਾਂ ਹੋ ਗਈ ਅਤੇ ਮੇਰੇ ਵਾਸਤੇ ਮੁਸ਼ਕਿਲ ਹੋ ਗਈ ਕਿਉਂ ਜੋ ਨਵੇਂ ਡਾਕਟਰ ਤੋਂ ਪੁਰਾਣੇ ਕੰਪਾਊਡਰ ਦਾ ਤਜਰਬਾ ਜ਼ਿਆਦਾ ਹੁੰਦਾ ਹੈ। ਮੈਂ ਉਥੋਂ ਦੇ ਸਰਪੰਚ ਨੂੰ ਮਿਲਿਆ ਅਤੇ ਕਿਹਾ ਕਿ ਕੰਪਾਊਡਰ ਦੀ ਬਦਲੀ ਰੁਕਵਾਈ ਜਾਵੇ। ਉਹ ਅਗਲੇ ਹੀ ਦਿਨ ਬੱਸ ਫੜ ਕੇ ਚੰਡੀਗੜ੍ਹ ਚਲਾ ਗਿਆ ਤੇ ਸ਼ਾਮ ਨੂੰ ਬਦਲੀ ਰੁਕਣ ਦੇ ਆਰਡਰ ਮੇਰੇ ਹੱਥ ਫੜਾ ਦਿੱਤੇ। ਉਨ੍ਹਾਂ ਨੇ ਆਉਣ ਜਾਣ ਦਾ ਖਰਚਾ ਲੈਣ ਤੋਂ ਵੀ ਇਨਕਾਰ ਕਰ ਦਿੱਤਾ।
ਸਮਾਂ ਲੰਘਦਿਆਂ ਦੇਰ ਨਹੀਂ ਲੱਗਦੀ। ਅਜੇ ਇਕ ਸਾਲ ਹੋਇਆ ਸੀ ਕਿ ਮੇਰੀ ਚੋਣ ਉਚ ਪੱਧਰੀ ਸਿੱਖਿਆ ਪ੍ਰਾਪਤ ਕਰਨ ਲਈ ਅੰਮ੍ਰਿਤਸਰ ਬਦਲੀ ਦੇ ਆਰਡਰ ਆ ਗਏ। ਉਥੋਂ ਤੁਰਦਿਆਂ ਜਦੋਂ ਮੈਂ ਤਰਾਵੜੀ ਸਟੇਸ਼ਨ ਪੁੱਜਾ ਤਾਂ ਵੇਖਿਆ ਕਿ ਲੋਕਾਂ ਦੀ ਭੀੜ ਸੀ, ਜੋ ਮੈਨੂੰ ਅੰਮ੍ਰਿਤਸਰ ਵਾਸਤੇ ਰਵਾਨਾ ਕਰਨ ਆਈ ਸੀ। ਸਟੇਸ਼ਨ ਮਾਸਟਰ ਨੇ ਕਿਸੇ ਹੋਰ ਗੱਡੀ ਨੂੰ ਪਾਸ ਦੇਣ ਦੇ ਬਹਾਨੇ 15 ਮਿੰਟ ਗੱਡੀ ਰੋਕੀ ਰੱਖੀ ਤਾਂ ਜੋ ਲੋਕ ਮੈਨੂੰ ਚੰਗੀ ਤਰ੍ਹਾਂ ਮਿਲ ਸਕਣ। ਸਾਰਾ ਸਮਾਂ ਮੈਂ ਇਸੇ ਸੋਚ ਵਿੱਚ ਰਿਹਾ ਕਿ ਮੈਂ ਇਸ ਮਾਣ ਦੇ ਯੋਗ ਨਹੀਂ, ਜੋ ਲੋਕ ਮੈਨੂੰ ਦੇ ਰਹੇ ਹਨ। ਇਹ ਉਨ੍ਹਾਂ ਦੀ ਵਡਿਆਈ ਸੀ ਕਿ ਮੇਰੇ ਵਰਗੇ ਨਿੱਕੇ ਡਾਕਟਰ ਨੂੰ, ਜਿਸ ਨੂੰ ਦੋ ਸਾਲ ਡਾਕਟਰ ਬਣੇ ਨੂੰ ਹੋਏ ਸਨ, ਇੰਨਾ ਪਿਆਰ ਦਿੱਤਾ। ਅੰਮ੍ਰਿਤਸਰ ਪਹੁੰਚ ਕੇ ਇਕ ਦੋ ਦਿਨ ਬਾਅਦ ਤਰਾਵਰੀ ਦੇ ਇਕ ਪੱਤਰਕਾਰ ਵੱਲੋਂ ਭੇਜੀ ਖਬਰ ਇਕ ਅੰਗਰੇਜ਼ੀ ਅਖਬਾਰ ਦੇ ਤੀਜੇ ਸਫੇ ਉੱਤੇ ਛਪੀ ਕਿ ਉਥੋਂ ਦਾ ਮੈਡੀਕਲ ਅਫਸਰ ਡਾ. ਅਦਲੱਖਾ ਉਚ ਪੱਧਰੀ ਸਿੱਖਿਆ ਲਈ ਅੰਮ੍ਰਿਤਸਰ ਘੱਲਿਆ ਗਿਆ ਹੈ। ਅੱਜ ਇਹ ਗੱਲਾਂ ਸੁਪਨੇ ਵਰਗੀਆਂ ਲੱਗਦੀਆਂ ਹਨ।