ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਲਾਇਆ ‘ਬਲਿਊ ਮਾਊਂਟੇਨਜ਼’ ਦਾ ਟੂਰ

ਬਰੈਂਪਟਨ, (ਡਾ. ਝੰਡ) -ਬੀਤੇ ਸ਼ੁੱਕਰਵਾਰ 9 ਫ਼ਰਵਰੀ ਨੂੰ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਦੇ ਵੱਖ-ਵੱਖ ਕਲਾਸਾਂ ਦੇ 80 ਵਿਦਿਆਰਥੀਆਂ ਨੇ ‘ਬਲਿਊ ਮਾਊਂਟੇਨਜ਼’ ਦਾ ਟੂਰ ਲਰਾਗਿਆ ਅਤੇ ਉੱਥੇ ਬਰਫ਼ ਵਿਚ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਖੇਡਦਿਆਂ ਹੋਇਆਂ ਖ਼ੂਬ ਮਨੋਰੰਜਨ ਕੀਤਾ। ਭਾਵੇਂ ਉਸ ਦਿਨ ਸਰਦੀ ਕੜਾਕੇ ਦੀ ਸੀ ਅਤੇ ਬਾਹਰ ਦਾ ਤਾਪਮਾਨ ਮਨਫ਼ੀ 15 ਦੇ ਆਸ-ਪਾਸ ਸੀ ਪਰ ਬੱਚਿਆਂ ਨੂੰ ਇਸ ਦੀ ਕੀ ਪ੍ਰਵਾਹ ਸੀ। ਉਹ ਤਾਂ ਆਪਣੀ ਮੌਜ-ਮਸਤੀ ਵਿਚ ਪੂਰੀ ਤਰ੍ਹਾਂ ਰੁੱਝੇ ਹੋਏ ਵਿਖਾਈ ਦੇ ਰਹੇ ਸਨ।
ਇਸ ਦੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਦੀ ਵਾਈਸ-ਪਿ੍ਰੰਸੀਪਲ ਮੈਡਮ ਨੀਲੋਫ਼ਰ ਧਵਨ ਜੋ ਇਸ ਟੂਰ ਦੇ ਇੰਚਾਰਜ ਸਨ, ਨੇ ਦੱਸਿਆ ਕਿ ਉਸ ਦਿਨ ਸਕੂਲ ਦੇ 80 ਵਿਦਿਆਰਥੀ ਅਤੇ 8 ਅਧਿਆਪਕ ਦੋ ਬੱਸਾਂ ‘ਤੇ ਸਵਾਰ ਹੋ ਕੇ ਸਕੂਲ ਤੋਂ ਲੱਗਭੱਗ ਪੌਣੇ ਅੱਠ ਵਜੇ ‘ਬਲਿਊ ਮਾੳਂੂਟੇਨਜ਼’ ਵੱਲ ਚੱਲ ਪਏ ਅਤੇ ਦਸ ਕੁ ਵਜੇ ਉੱਥੇ ਪਹੁੰਚੇ। ਇਨ੍ਹਾਂ ਵਿਚ ਕਿੰਡਰਗਾਰਟਨ ਤੇ ਗਰੇਡ-1 ਤੋਂ ਲੈ ਕੇ ਹਾਈ ਸਕੂਲ ਦੀਆਂ ਵੱਡੀਆਂ ਕਲਾਸਾਂ ਦੇ ਬੱਚੇ ਸ਼ਾਮਲ ਸਨ।
ਉੱਥੇ ਪਹੁੰਚ ਕੇ ਕਿੰਡਰਗਾਰਟਨ ਅਤੇ ਗਰੇਡ-1 ਦੇ 15-16 ਛੋਟੇ ਬੱਚਿਆਂ ਨੇ ‘ਟਿਊਬਿੰਗ’ ਦੀ ਖੇਡ ਦਾ ਪੂਰਾ ਅਨੰਦ ਲਿਆ। ਉਹ ਵਾਰੋ-ਵਾਰੀ ਹਵਾ ਨਾਲ ਭਰੀ ਹੋਈ ਟਿਊਬ ਵਿਚ ਬੈਠ ਜਾਂਦੇ ਅਤੇ ਬਰਫ਼ ‘ਤੇ ਤਿਲਕਦਿਆਂ ਹੋਇਆਂ ਨਿਵਾਣ ਵੱਲ ਰਿੜ੍ਹਦੇ ਜਾਂਦੇ। ਕਈ ਬੱਚੇ ਇਕ ਦੂਸਰੇ ਨੂੰ ਆਪਣੇ ਨਾਲ ਖਿੱਚਦੇ ਅਤੇ ਆਪਸ ਵਿਚ ਪੂਰਾ ਸ਼ੁਗ਼ਲ-ਮੇਲਾ ਕਰਦੇ। ਉਨ੍ਹਾਂ ਤੋਂ ਵੱਡੇ ਬੱਚਿਆਂ ਨੇ ਪਹਿਲਾਂ ਤਾਂ ਇਨਸਟਰੱਕਟਰਾਂ ਕੋਲੋਂ ‘ਸਕੀਇੰਗ’ ਅਤੇ ‘ਸਨੋਅ-ਬੋਰਡ’ ਦੇ ਬਾ-ਕਾਇਦਾ ‘ਲੈੱਸਨ’ ਲਏ ਅਤੇ ਇਨ੍ਹਾਂ ਉੱਪਰ ਖਲੋ ਕੇ ਹੌਲੀ-ਹੌਲੀ ਚੱਲਣ ਦੀ ਜਾਚ ਸਿੱਖੀ। ਲੋੜੀਂਦਾ ‘ਟੈੱਸਟ’ ਪਾਸ ਕਰਨ ਤੋਂ ਬਾਅਦ ਉਹ ‘ਟਰੇਂਡ’ ਹੋ ਜਾਣ ਬਾਅਦ ਕਾਫ਼ੀ ਤੇਜ਼-ਤੇਜ਼ ਚੱਲਣ ਲੱਗੇ। ਫਿਰ ਤਾਂ ਉਨ੍ਹਾਂ ਦਾ ਇਸ ਤੋਂ ਹੱਟਣ ਨੂੰ ਦਿਲ ਨਹੀਂ ਕਰ ਰਿਹਾ ਸੀ। ਇਨ੍ਹਾਂ ਦੋਹਾਂ ਦਿਲਚਸਪ ਐਕਟੀਵਿਟੀਜ਼ ਵਿਚ ਲੱਗਭੱਗ 30-30 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਖ਼ੂਬ ‘ਫ਼ਨ’ ਕੀਤਾ।
ਇਸ ਤੋਂ ਬਾਅਦ ਸਾਰਿਆਂ ਨੇ ਮਿਲ ਕੇ ਲੰਚ ਕੀਤਾ ਅਤੇ ਮੁੜ ‘ਤਰੋ-ਤਾਜ਼ਾ’ ਹੋ ਗਏ। ਇਸ ਦੌਰਾਨ 20 ਕੁ ਸੀਨੀਅਰ ਵਿਦਿਆਰਥੀਆਂ ਨੇ ‘ਬਲਿਊ ਮਾਊਂਨਟੇਨ ਵਿਲੇਜ’ ਵੇਖਣ ਦੀ ਇੱਛਾ ਪ੍ਰਗਟ ਕੀਤੀ ਜੋ ਉਥੋਂ ਦੋ ਕੁ ਕਿਲੋਮੀਟਰ ਦੂਰ ਸੀ। ਉਹ ਤਾਂ ਪੈਦਲ ਹੀ ਚੱਲਦਿਆਂ ਹੋਇਆਂ ਉੱਥੇ ਪਹੁੰਚ ਗਏ ਅਤੇ ਹੋਰ ਬਾਕੀ ਸਾਰੇ ਬੱਸਾਂ ਵਿਚ ਸਵਾਰ ਹੋ ਕੇ ਓਧਰ ਨੂੰ ਚੱਲ ਪਏ। ਬੱਚਿਆਂ ਲਈ ਇਸ ‘ਪਿੰਡ’ ਨੂੰ ਵੇਖਣਾ ਵਾਕਿਆ ਈ ਬੜਾ ਹੀ ਦਿਲਚਸਪੀ ਭਰਪੂਰ ਸੀ। ਸਾਰੇ ਬੱਚੇ ਬੜੇ ਹੀ ਖ਼ੁਸ਼ ਸਨ। ਉਨ੍ਹਾਂ ਲਈ ਸੱਚਮੁੱਚ ਇਹ ਵੱਖਰਾ ਹੀ ਕੁਦਰਤੀ ਨਜ਼ਾਰਾ ਸੀ ਜਿਸ ਨੂੰ ਉਨ੍ਹਾਂ ਨੇ ਪੂਰੀ ਤਰ੍ਹਾਂ ਮਾਣਿਆਂ। ਏਨੇ ਚਿਰ ਨੂੰ ਸਮਾਂ ਵੀ ਕਾਫ਼ੀ ਹੋ ਗਿਆ ਸੀ ਅਤੇ ਸ਼ਾਮ ਨੂੰ ਪੌਣੇ ਕੁ ਚਾਰ ਵਜੇ ਬੱਸਾਂ ਉੱਥੋਂ ਚੱਲ ਕੇ ਛੇ ਵਜੇ ਦੇ ਕਰੀਬ ਵਾਪਸ ਸਕੂਲ ਪਹੁੰਚ ਗਈਆਂ। ਅੱਗੇ ਮਾਪੇ ਆਪਣੇ ਪਿਆਰੇ-ਪਿਆਰੇ ਬੱਚਿਆਂ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਉਨ੍ਹਾਂ ਨੇ ਉਨ੍ਹਾਂ ਦੇ ਉੱਥੇ ਪਹੁੰਚਣ ‘ਤੇ ਸਾਰਿਆਂ ਦਾ ਭਰਪੂਰ ਸੁਆਗ਼ਤ ਕੀਤਾ।