ਗੁਰਮੇਹਰ ਕੌਰ ਨੂੰ ਬਦਨਾਮ ਕਰਨ ਦੀ ਇੱਕ ਹੋਰ ਕੋਸ਼ਿਸ਼ ਬੇਨਕਾਬ

gurmehar kaur
* ਪਾਕਿਸਤਾਨੀ ਗੀਤ ਵਾਲੀ ਮਾਡਲ ਦੀ ਵੀਡੀਓ ਗੁਰਮੇਹਰ ਦੀ ਬਣਾ ਧਰੀ
ਜਲੰਧਰ, 4 ਮਾਰਚ (ਪੋਸਟ ਬਿਊਰੋ)- ਸੋਸ਼ਲ ਮੀਡੀਆ ਉੱਤੇ ਲੋਕ ਸੱਚਾਈ ਜਾਣੇ ਬਿਨਾਂ ਕੁਝ ਨਾ ਕੁਝ ਅਪਲੋਡ ਕਰ ਦੇਂਦੇ ਹਨ। ਅਜਿਹਾ ਇਕ ਵੀਡੀਓ ਇਨ੍ਹੀਂ ਦਿਨੀਂ ਵਿਵਾਦਾਂ ਵਿੱਚ ਆਈ ਹੋਈ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮੇਹਰ ਕੌਰ ਦੇ ਨਾਂ ਉੱਤੇ ਵਾਇਰਲ ਹੋ ਰਿਹਾ ਹੈ। ਗੁਰਮੇਹਰ ਕੌਰ ਦਾ ਕਹਿਣਾ ਹੈ ਕਿ ਇਸ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ, ਫਿਰ ਵੀ ਇਸ ਨੂੰ ਗੁਰਮੇਹਰ ਕੌਰ ਦੇ ਨਾਂ ਨਾਲ ਜੋੜ ਕੇ ਵਾਇਰਲ ਕੀਤਾ ਗਿਆ ਹੈ।
ਸੋਸ਼ਲ ਮੀਡੀਆ ਉੱਤੇ ਵਾਇਰਲ ਹੋਏ ਇਸ ਵੀਡੀਓ ਵਿਚਲੀ ਲੜਕੀ ਪਾਕਿਸਤਾਨੀ ਗਾਇਕ ਨੁਸਰਤ ਫਤਿਹ ਅਲੀ ਖਾਂ ਦੀ ਮਸ਼ਹੂਰ ਕੱਵਾਲੀ ‘ਮੇਰੇ ਰਸ਼ਕੇ ਕਮਰ ਤੂ ਨੇ ਪਹਿਲੀ ਨਜ਼ਰ’ ਉੱਤੇ ਕਾਰ ਵਿੱਚ ਝੂਮਦੀ ਹੋਈ ਡਾਂਸ ਕਰ ਰਹੀ ਹੈ। ਲੜਕੀ ਅਤੇ ਉਸ ਦੇ ਦੋਸਤ ਡਾਂਸ ਕਰਦੇ ਸਮੇਂ ਸੋਡਾ ਪੀ ਰਹੇ ਹਨ। ਇਹ ਵੀਡੀਓ ਪਿਛਲੀ ਅਗਸਤ ਵਿੱਚ ਯੂ-ਟਿਊਬ ਉੱਤੇ ਅਪਲੋਡ ਕੀਤਾ ਗਿਆ ਸੀ ਤੇ ਇਸ ਨੂੰ ਹੁਣ ਤੱਕ ਕਰੀਬ 2 ਕਰੋੜ ਲੋਕ ਦੇਖ ਚੁੱਕੇ ਹਨ। ਗੁਰਮੇਹਰ ਕੌਰ ਉਸ ਵਕਤ ਕਿਸੇ ਚਰਚਾ ਵਿੱਚ ਹੀ ਨਹੀਂ ਸੀ। ਹੁਣ ਜਦੋਂ ਸ਼ਰਾਰਤ ਨਾਲ ਇਹ ਵੀਡੀਓ ਅਪਲੋਡ ਕੀਤਾ ਗਿਆ ਤਾਂ ਵਾਇਰਲ ਹੋ ਰਹੇ ਇਸ ਵੀਡੀਓ ਉੱਤੇ ਲੋਕਾਂ ਨੇ ਪਹਿਲੀ ਪ੍ਰਤੀਕਿਰਿਆ ਇਹ ਦਿੱਤੀ ਹੈ ਕਿ ਇਹ ਵੀਡੀਓ ਭਾਰਤ ਦਾ ਨਹੀਂ, ਕਿਉਂਕਿ ਕਾਰ ਦੀ ਡਰਾਈਵਰ ਸੀਟ ਸੱਜੇ ਪਾਸੇ ਦੀ ਥਾਂ ਖੱਬੇ ਪਾਸੇ ਖੁੱਲ੍ਹਦੀ ਹੈ। ਕਾਰ ਡਰਾਈਵ ਹੁੰਦੇ ਸਮੇਂ ਰਸਤੇ ਵਿੱਚ ਇਕ ਬੋਰਡ ਦਿਖਾਈ ਦਿੰਦਾ ਹੈ, ਜਿਸ ਉੱਤੇ ਆਵਾਜਾਈ ਦੇ ਨਿਯਮ ਲਿਖੇ ਹੋਏ ਹਨ, ਉਸ ਬੋਰਡ ਉੱਤੇ ਅਰਬੀ ਭਾਸ਼ਾ ਦੀ ਲਿਖਾਵਟ ਹੈ, ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਇਹ ਵੀਡੀਓ ਭਾਰਤ ਦਾ ਹੈ ਹੀ ਨਹੀਂ।