ਗੁਰਦੁਆਰੇ ਬੈਠ ਕੇ ਸ਼ਰਾਬ ਤੋਂ ਟੈਕਸ ਹਟਾਉਣ ਦਾ ਬਿਆਨ ਦੇਣ ਦੇ ਨਾਲ ਬ੍ਰਿਟਿਸ਼ ਮੰਤਰੀ ਕਸੂਤੇ ਫਸੇ

boris johnsion
ਲੰਡਨ, 18 ਮਈ (ਪੋਸਟ ਬਿਊਰੋ)- ਬ੍ਰਿਟੇਨ ਦੇ ਸ਼ਹਿਰ ਬ੍ਰਿਸਟਲ ਦੇ ਗੁਰਦੁਆਰਾ ਸਾਹਿਬ ‘ਚ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਮੌਕੇ ਬ੍ਰਿਟੇਨ ਦੇ ਵਿਦੇਸ਼ ਮੰਤਰੀ ਬੌਰਿਸ ਜੌਹਨਸਨ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਭਾਰਤ ਅਤੇ ਬ੍ਰਿਟੇਨ ਦੇ ਵਪਾਰਕ ਸਬੰਧਾਂ ਦੀ ਗੱਲ ਕਰਦਿਆਂ ਹਵਾਈ ਅੱਡਿਆਂ ਤੇ ਸ਼ਰਾਬ ‘ਤੇ ਲੱਗਣ ਵਾਲੀ ਡਿਊਟੀ ਘਟਾਉਣ ਦਾ ਜਿ਼ਕਰ ਕਰਕੇ ਨਵਾਂ ਵਿਵਾਦ ਛੇੜ ਲਿਆ ਹੈ।
ਵਿਦੇਸ਼ ਮੰਤਰੀ ਨੇ ਜਦੋਂ ਸ਼ਰਾਬ ਬਾਰੇ ਸ਼ਬਦ ਬੋਲੇ ਤਾਂ ਇਕ ਬੀਬੀ ਬਲਵੀਰ ਕੌਰ ਨੇ ਇਤਰਾਜ਼ ਕਰਦੇ ਹੋਏ ਕਿਹਾ ਕਿ ਗੁਰੂ ਘਰ ਵਿੱਚ ਸ਼ਰਾਬ ਬਾਰੇ ਇਸ ਤਰ੍ਹਾਂ ਬਿਆਨ ਬਾਜ਼ੀ ਕਰਨਾ ਗਲਤ ਹੈ। ਉਸ ਨੇ ਸਪੱਸ਼ਟ ਕੀਤਾ ਕਿ ਸਿੱਖ ਧਰਮ ਨੂੰ ਮੰਨਣ ਵਾਲੇ ਬਹੁਤੇ ਲੋਕ ਸ਼ਰਾਬ ਨਹੀਂ ਪੀਂਦੇ। ਬੀਬੀ ਨੇ ਕਿਹਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਥੇ ਸ਼ਰਾਬ ਨੂੰ ਉਤਸ਼ਾਹਿਤ ਕਰਨਾ ਗਲਤ ਹੈ। ਭਾਰਤ ਨਾਲ ਫਰੀ ਟਰੇਡ ਵਧਾਉਣ ਲਈ ਨੀਤੀਆਂ ਵਿੱਚ ਸ਼ਰਾਬ ਵੀ ਸ਼ਾਮਲ ਹੈ। ਬੀਬੀ ਨੇ ਕਿਹਾ ਕਿ ਸ਼ਰਾਬ ਦੀ ਸਮੱਸਿਆ ਉਥੇ ਪਹਿਲਾਂ ਹੀ ਬਹੁਤ ਹੈ, ਸਾਨੂੰ ਅਜਿਹੀ ਸਰਕਾਰ ਦੀ ਲੋੜ ਨਹੀਂ, ਜੋ ਭਾਰਤ ਵਿੱਚ ਹੋਰ ਸ਼ਰਾਬ ਭੇਜਣ ਨੂੰ ਕਾਹਲੀ ਹੋਵੇ।
ਵਿਦੇਸ਼ ਮੰਤਰੀ ਨੇ ਇਹ ਤਾਂ ਕਿਹਾ ਕਿ ਚੰਗਾ ਹੋਇਆ, ਤੁਸੀਂ ਮੈਨੂੰ ਇਸ ਤੋਂ ਜਾਣੂੰ ਕਰਵਾਇਆ, ਲੇਕਿਨ ਉਨ੍ਹਾਂ ਨੇ ਸ਼ਰਾਬ ਬਾਰੇ ਦਿੱਤੇ ਬਿਆਨ ਦੀ ਮੁਆਫੀ ਮੰਗ ਲਈ। ਸਿੱਖ ਭਾਈਚਾਰੇ ਵੱਲੋਂ ਬਾਅਦ ਵਿੱਚ ਸਾਕਾ ਨੀਲਾ ਤਾਰਾ ਵਿੱਚ ਬ੍ਰਿਟੇਨ ਦੀ ਭੂਮਿਕਾ ਬਾਰੇ ਕੀਤੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਕੇਸ ਹੁਣ ਬੰਦ ਹੋ ਚੁੱਕਾ ਹੈ। ਵਿਦੇਸ਼ ਮੰਤਰੀ ਬੌਰਿਸ ਜੌਹਨਸਨ ਇਸ ਮੌਕੇ ਕੇਸਰੀ ਦਸਤਾਰ ਸਜਾ ਕੇ ਗੁਰਦੁਆਰਾ ਸਾਹਿਬ ਨਤਮਸਤਕ ਹੋਏ, ਪਰ ਉਨ੍ਹਾਂ ਦੀ ਇਸ ਬਿਆਨਬਾਜ਼ੀ ਨੇ ਸਿੱਖਾਂ ਨੂੰ ਠੇਸ ਪਹੁੰਚਾਈ ਹੈ।