ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਗਏ, ਦੋਸ਼ੀ ਕਾਬੂ


ਬਲਾਚੌਰ, 13 ਜੂਨ (ਪੋਸਟ ਬਿਊਰੋ)- ਬਲਾਕ ਬਲਾਚੌਰ ਦੇ ਪਿੰਡ ਵਿਛੌੜੀ ਗੁਰਦੁਆਰਾ ਧਰਮਸ਼ਾਲਾ ਸਾਹਿਬ ਵਿਖੇ ਕੱਲ੍ਹ ਏਸੇ ਪਿੰਡ ਦੇ ਇੱਕ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜਨ ਦੀ ਖਬਰ ਮਿਲੀ ਹੈ।
ਪਤਾ ਲੱਗਾ ਹੈ ਕਿ ਏਸੇ ਪਿੰਡ ਦੇ ਵਸਨੀਕ ਜਗਜੀਤ ਸਿੰਘ ਜੋਗਾ ਪੁੱਤਰ ਹਰਬੰਸ ਲਾਲ ਦੀ ਮਾਤਾ ਦਾ ਦਿਹਾਂਤ ਹੋਣ ‘ਤੇ ਸਸਕਾਰ ਕਰਨ ਉਪਰੰਤ ਗੁਰਦੁਆਰਾ ਵਿਖੇ ਲੋਕਾਂ ਵੱਲੋਂ ਚਾਹ ਪਾਣੀ ਦਾ ਪ੍ਰੋਗਰਾਮ ਸੀ। ਜਗਜੀਤ ਸਿੰਘ ਉਰਫ ਜੋਗਾ ਨੇ ਲਾਗਬਾਜ਼ੀ ਹੋਣ ਕਾਰਨ ਗੁਰਦੁਆਰਾ ਸਾਹਿਬ ਅੰਦਰ ਜਾ ਕੇ ਮਹਾਰਾਜ ਜੀ ਦੇ ਤੀਰਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਬੇਅਦਬੀ ਕੀਤੀ, ਜਿਸ ਨੂੰ ਲੋਕਾਂ ਵੱਲੋਂ ਮੌਕੇ ਉੱਤੇ ਫੜ ਲਿਆ ਗਿਆ। ਪੁਲਸ ਦੇ ਐੱਸ ਪੀ ਮਨਮਿੰਦਰ ਸਿੰਘ ਅਤੇ ਡੀ ਐੱਸ ਪੀ ਸੁਰਜੀਤ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਸਮਝਦਾਰੀ ਨਾਲ ਲੋਕਾਂ ਨੂੰ ਸ਼ਾਂਤ ਕੀਤਾ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਪਿੱਛੋਂ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੇਸਗੜ੍ਹ ਸਾਹਬਿ ਆਨੰਦਪੁਰ ਸਾਹਿਬ ਦੇ ਜਥੇਦਾਰ ਰਘਵੀਰ ਸਿੰਘ ਅਤੇ ਹੈੱਡ ਗ੍ਰੰਥੀ ਫੂਲਾ ਸਿੰਘ ਨੇ ਕਮੇਟੀ ਨਾਲ ਗੱਲ ਕਰ ਕੇ ਇਸ ਘਟਨਾ ਉੱਤੇ ਦੁੱਖ ਜ਼ਾਹਰ ਕਰਦਿਆਂ ਦੋਸ਼ੀ ਖਿਲਾਫ ਸਕਤ ਕਾਰਵਾਈ ਦੀ ਮੰਗ ਕੀਤੀ ਹੈ। ਪਿੰਡ ਦੇ ਲੋਕਾਂ ਤੋਂ ਪਤਾ ਲੱਗਾ ਕਿ ਦੋਸ਼ੀ ਨੇ ਜਾਣਬੁੱਝ ਕੇ ਇਹ ਹਰਕਤ ਕੀਤੀ ਹੈ। ਐਸ ਪੀ ਮਨਮਿੰਦਰ ਸਿੰਘ ਨੇ ਕਿਹਾ ਕਿ ਸਾਰੀ ਜਾਂਚ ਕੀਤੀ ਜਾਵੇਗੀ ਕਿ ਇਸ ਪਿੱਛੇ ਕੋਈ ਹੋਰ ਵਿਅਕਤੀ ਵੀ ਹੈ ਜਾਂ ਨਹੀਂ।