ਗੁਰਦਾਸਪੁਰ ਪਾਰਲੀਮੈਂਟਰੀ ਹਲਕੇ ਦੀ ਉੱਪ ਚੋਣ 11 ਅਕਤੂਬਰ ਨੂੰ, ਜ਼ਾਬਤਾ ਲਾਗੂ

gurdaspur elections
* ਨਤੀਜੇ ਦਾ ਐਲਾਨ 15 ਅਕਤੂਬਰ ਨੂੰ ਕੀਤਾ ਜਾਵੇਗਾ
ਚੰਡੀਗੜ੍ਹ, 12 ਸਤੰਬਰ, (ਪੋਸਟ ਬਿਊਰੋ)- ਪੰਜਾਬ ਦੇ ਗੁਰਦਾਸਪੁਰ ਪਾਰਲੀਮੈਂਟ ਹਲਕੇ ਦੀ ਉੱਪ ਚੋਣ ਦੀ ਪ੍ਰਕਿਰਿਆ ਦਾ ਅੱਜ ਐਲਾਨ ਹੋ ਗਿਆ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀ ਗਈ ਸੂਚਨਾ ਅਨੁਸਾਰ ਇਸ ਹਲਕੇ ਦੀ ਚੋਣ ਲਈ ਵੋਟਾਂ 11 ਅਕਤੂਬਰ ਨੂੰ ਪਾਈਆਂ ਜਾਣਗੀਆਂ। ਫ਼ਿਲਮ ਅਦਾਕਾਰ ਅਤੇ ਭਾਰਤੀ ਜਨਤਾ ਪਾਰਟੀ ਦੇ ਪਾਰਲੀਮੈਂਟ ਮੈਂਬਰ ਵਿਨੋਦ ਖੰਨਾ ਦੀ ਮੌਤ ਕਾਰਨ ਖਾਲੀ ਹੋਈ ਇਸ ਸੀਟ ਲਈ ਉੱਪ ਚੋਣ ਕਰਾਈ ਜਾਣੀ ਹੈ। ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਭਾਵੇਂ ਅਜੇ ਉਮੀਦਵਾਰਾਂ ਦੇ ਨਾਮ ਐਲਾਨ ਨਹੀਂ ਕੀਤੇ, ਪਰ ਨਾਮਜ਼ਦਗੀ ਦਾਖਲ ਕਰਨ ਦਾ ਕੰਮ 15 ਸਤੰਬਰ ਤੋਂ ਸ਼ੁਰੂ ਹੋ ਜਾਵੇਗਾ ਅਤੇ 22 ਸਤੰਬਰ ਤੱਕ ਕਾਗਜ਼ ਦਾਖਲ ਕੀਤੇ ਜਾ ਸਕਣਗੇ। ਇਸ ਦੇ ਬਾਅਦ 11 ਅਕਤੂਬਰ ਨੂੰ ਵੋਟਾਂ ਪੈਣ ਪਿੱਛੋਂ ਨਤੀਜਾ 15 ਅਕਤੂਬਰ ਨੂੰ ਐਲਾਨ ਕੀਤਾ ਜਾਵੇਗਾ। ਚੋਣ ਕਮਿਸ਼ਨ ਵੱਲੋਂ ਅੱਜ ਇਸ ਉੱਪ ਚੋਣ ਲਈ ਐਲਾਨ ਹੁੰਦੇ ਸਾਰ ਇਸ ਸੀਟ ਨਾਲ ਸੰਬੰਧਤ ਗੁਰਦਾਸਪੁਰ ਜ਼ਿਲ੍ਹੇ ਵਿੱਚ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ।
ਮੌਜੂਦਾ ਹਾਲਾਤ ਵਿੱਚ ਗੁਰਦਾਸਪੁਰ ਦੇ ਪਾਰਲੀਮੈਂਟ ਹਲਕੇ ਦੀ ਇਸ ਉੱਪ ਚੋਣ ਵਿੱਚ ਕਾਂਗਰਸ, ਭਾਜਪਾ ਤੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਵਿੱਚ ਤਿਕੋਣੀ ਟੱਕਰ ਹੋਣ ਦੀ ਆਸ ਹੈ। ਭਾਜਪਾ ਵੱਲੋਂ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ, ਸੀਨੀਅਰ ਆਗੂ ਅਵਿਨਾਸ਼ ਖੰਨਾ, ਸਾਬਕਾ ਵਿਧਾਇਕ ਅਸ਼ਵਨੀ ਸ਼ਰਮਾ ਤੇ ਮੁੰਬਈ ਵਿੱਚ ਬਿਜ਼ਨਿਸ ਕਰ ਰਹੇ ਸਵਰਨ ਸਲਾਰੀਆ ਇਸ ਸੀਟ ਲਈ ਦਾਅਵੇਦਾਰਾਂ ਵਿੱਚ ਸ਼ਾਮਲ ਹਨ। ਕਾਂਗਰਸ ਪਾਰਟੀ ਦੇ ਸਥਾਨਕ ਆਗੂਆਂ ਅਤੇ ਵਿਧਾਇਕਾਂ ਵੱਲੋਂ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਟਿਕਟ ਦੇਣ ਲਈ ਜ਼ੋਰ ਦਿੱਤਾ ਜਾ ਰਿਹਾ ਹੈ। ਪਾਰਟੀ ਦੇ ਸਾਬਕਾ ਪੰਜਾਬ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਪਤਨੀ ਸ੍ਰੀਮਤੀ ਚਰਨਜੀਤ ਕੌਰ ਬਾਜਵਾ ਅਤੇ ਕਈ ਹੋਰ ਸਥਾਨਕ ਆਗੂ ਵੀ ਟਿਕਟ ਹਾਸਲ ਕਰਨ ਲਈ ਜ਼ੋਰ ਲਾ ਰਹੇ ਹਨ। ਆਮ ਆਦਮੀ ਪਾਰਟੀ ਨੇ ਅਜੇ ਤੱਕ ਭਾਵੇਂ ਪੱਤੇ ਨਹੀਂ ਖੋਲ੍ਹੇ, ਪਰ ਇਸ ਪਾਰਟੀ ਨੇ ਗੁਰਦਾਸਪੁਰ ਦੀ ਉੱਪ ਚੋਣ ਲੜਨ ਦਾ ਐਲਾਨ ਕੀਤਾ ਹੋਇਆ ਹੈ।
ਇਸ ਉੱਪ ਚੋਣ ਵਾਸਤੇ ਅਕਾਲੀ ਦਲ ਤੇ ਭਾਜਪਾ ਨੇ ਅਗੇਤੀ ਸਰਗਰਮੀ ਸ਼ੁਰੂ ਕੀਤੀ ਹੋਈ ਹੈ। ਭਾਜਪਾ ਇਸ ਸੀਟ ਉੱਤੇ ਕਬਜ਼ਾ ਕਾਇਮ ਰੱਖਣ ਲਈ ਤਾਣ ਲਾ ਰਹੀ ਹੈ। ਇਸ ਦੇ ਸੂਬਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੈ ਕੁਮਾਰ ਸਾਂਪਲਾ ਅਤੇ ਹੋਰ ਆਗੂਆਂ ਨੇ ਇਸ ਹਲਕੇ ਵਿਚਲੇ ਵਿਧਾਨ ਸਭਾ ਹਲਕਿਆਂ ਵਿੱਚ ਸਰਗਰਮੀ ਸ਼ੁਰੂ ਕਰ ਰੱਖੀ ਹੈ ਅਤੇ ਸੀਨੀਅਰ ਭਾਜਪਾ ਆਗੂਆਂ ਦੀਆਂ ਵਿਧਾਨ ਸਭਾ ਹਲਕਿਆਂ ਅਨੁਸਾਰ ਡਿਊਟੀਆਂ ਵੀ ਲਾ ਰੱਖੀਆਂ ਹਨ। ਕਾਂਗਰਸ ਪਾਰਟੀ ਦੇ ਆਗੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਵਕਤ ਇੰਗਲੈਂਡ ਦੌਰੇ ਉੱਤੇ ਹਨ ਅਤੇ ਉਨ੍ਹਾਂ ਦੇ ਮੁੜਨ ਪਿੱਛੋਂ ਹੀ ਇਸ ਪਾਰਟੀ ਦੇ ਉਮੀਦਵਾਰ ਬਾਰੇ ਫੈਸਲਾ ਹੋਣ ਦੀ ਆਸ ਹੈ। ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੀ ਅਮਰੀਕਾ ਗਏ ਹੋਏ ਹਨ। ਉਂਜ ਕੈਪਟਨ ਅਮਰਿੰਦਰ ਸਿੰਘ ਨੇ ਆਜ਼ਾਦੀ ਦਿਵਸ ਸਮਾਗਮਾਂ ਦੇ ਬਹਾਨੇ ਇਸ ਮੁਹਿੰਮ ਦਾ ਚੱਕਾ ਬੰਨ੍ਹ ਦਿੱਤਾ ਸੀ, ਪਰ ਅਮਲ ਵਿੱਚ ਅਜੇ ਹਾਕਮ ਧਿਰ ਦੀ ਇਸ ਹਲਕੇ ਵਿੱਚ ਬਹੁਤੀ ਸਰਗਰਮੀ ਦਿਖਾਈ ਨਹੀਂ ਦੇ ਰਹੀ।