ਗੁਰਚਰਨ ਭੌਰਾ ਬਣੇ ਟਰੈਬ ਪ੍ਰੈਜ਼ੀਡੈਂਟ

ਟੋਰਾਂਟੋ, 5 ਜੁਲਾਈ (ਪੋਸਟ ਬਿਊਰੋ) : ਗੁਰਚਰਨ ਗੈਰੀ ਭੌਰਾ ਨੂੰ ਟੋਰਾਂਟੋ ਰੀਅਲ ਅਸਟੇਟ ਬੋਰਡ (ਟਰੈਬ) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਦੁਨੀਆ ਦਾ ਸੱਭ ਤੋਂ ਵੱਡਾ ਰੀਅਲ ਅਸਟੇਟ ਬੋਰਡ ਹੈ ਜਿਹੜਾ ਗ੍ਰੇਟਰ ਟੋਰਾਂਟੋ ਏਰੀਆ ਦੇ 52,000 ਬ੍ਰੋਕਰਜ਼ ਦੀ ਨੁਮਾਇੰਦਗੀ ਕਰਦਾ ਹੈ।
ਗੁਰਚਰਨ ਭੌਰਾ ਨੇ ਆਖਿਆ ਕਿ ਪ੍ਰੈਜ਼ੀਡੈਂਟ ਵਜੋਂ ਗ੍ਰੇਟਰ ਟੋਰਾਂਟੋ ਏਰੀਆ ਦੇ ਟਰੈਬ ਮੈਂਬਰਜ਼ ਦੀ ਨੁਮਾਇੰਦਗੀ ਦਾ ਜਿਹੜਾ ਸੁਭਾਗ ਉਨ੍ਹਾਂ ਨੂੰ ਮਿਲਿਆ ਹੈ ਉਸ ਨਾਲ ਉਹ ਕਾਫੀ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਜਦੋਂ ਤੋਂ ਉਨ੍ਹਾਂ ਰੀਅਲ ਅਸਟੇਟ ਦੇ ਖੇਤਰ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਉਦੋਂ ਤੋਂ ਹੀ ਉਨ੍ਹਾਂ ਨੂੰ ਬ੍ਰੋਕਰਜ਼ ਦੀ ਅਸਲ ਕੀਮਤ ਦਾ ਪਤਾ ਲੱਗਿਆ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਆਸ ਹੈ ਕਿ ਉਹ ਆਪਣੇ ਸਾਲਾਂ ਦੇ ਤਜਰਬੇ ਨੂੰ ਹੋਰਨਾਂ ਨਾਲ ਸਾਂਝਾ ਕਰ ਸਕਣਗੇ। ਭੌਰਾ ਨੇ ਆਖਿਆ ਕਿ ਇਸ ਨਵੇਂ ਅਹੁਦੇ ਉੱਤੇ ਪਹੁੰਚਣ ਉਪਰੰਤ ਉਹ ਆਪਣੇ ਸਾਰੇ ਕੰਮਾਂ ਵਿੱਚ ਐਥਿਕਸ ਤੇ ਪ੍ਰੋਫੈਸ਼ਨਲਿਜ਼ਮ ਨੂੰ ਹੋਰ ਹੱਲਾਸ਼ੇਰੀ ਦੇਣਗੇ, ਸੇਵਾਵਾਂ ਵਿੱਚ ਸੁਧਾਰ ਕਰਨਗੇ ਤੇ ਬ੍ਰੋਕਰਜ਼ ਦੀ ਸਹੀ ਢੰਗ ਨਾਲ ਨੁਮਾਇੰਦਗੀ ਦੀ ਕੋਸਿ਼ਸ਼ ਕਰਨਗੇ ਤੇ ਹੋਮ ਓਨਰਸਿ਼ਪ ਨੂੰ ਪ੍ਰਮੋਟ ਕਰਨਗੇ।
ਭੌਰਾ ਸੈਂਚੁਰੀ 21 ਪ੍ਰੈਜ਼ੀਡੈਂਟ ਰਿਐਲਿਟੀ ਇਨਕਾਰਪੋਰੇਸ਼ਨ ਲਈ ਪ੍ਰੈਜ਼ੀਡੈਟ ਤੇ ਬ੍ਰੋਕਰ ਆਫ ਰਿਕਾਰਡ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਫੈਲੋ ਆਫ ਦ ਰੀਅਲ ਅਸਟੇਟ ਇੰਸਟੀਚਿਊਟ ਆਫ ਕੈਨੇਡਾ (ਐਫਆਰਆਈ), ਏਸ਼ੀਅਨ ਰੀਅਲ ਅਸਟੇਟ ਐਸੋਸਿਏਸ਼ਨ ਆਫ ਅਮੈਰਿਕਾ (ਏਰੀਆ) ਦੇ ਬਾਨੀ ਡਾਇਰੈਕਟਰ/ਵਾਈਸ ਪ੍ਰੈਜ਼ੀਡੈਂਟ, ਰੀਅਲ ਅਸਟੇਟ ਇੰਸਟੀਚਿਊਟ ਆਫ ਕੈਨੇਡਾ ਦੇ ਟੋਰਾਂਟੋ ਚੈਪਟਰ ਤੇ ਡਾਇਰੈਕਟਰ ਰਹਿ ਚੁੱਕੇ ਹਨ।
ਇਸ ਤੋਂ ਪਹਿਲਾਂ ਭੌਰਾ ਨੇ ਟਰੈਬ ਦੀ ਫਾਇਨਾਂਸ ਕਮੇਟੀ ਦੇ ਚੇਅਰ, ਆਰਬਿਟਰੇਸ਼ਨ ਐਂਡ ਪ੍ਰੋਫੈਸ਼ਨਲ ਸਟੀਅਰਿੰਗ ਕਮੇਟੀ, ਬਾਇਰ ਰਿਪਰਜੈਂ਼ਟੇਸ਼ਨ ਸਰਵਿਸਿਜ਼ ਐਡ-ਹੌਕ ਕਮੇਟੀ, ਟਰੈਬ ਦੀ ਕੌਂਡੋਮੀਨੀਅਮ ਕਮੇਟੀ, ਕਿਫਾਇਤੀ ਹਾਊਸਿੰਗ ਸਬ ਕਮੇਟੀ ਤੇ ਕਮਿਊਨਿਕੇਸ਼ਨਜ਼ ਕਮੇਟੀ ਦੇ ਮੈਂਬਰ ਵਜੋਂ ਵੀ ਸੇਵਾ ਕੀਤੀ ਹੈ। ਉਹ ਗਵਰਮੈਂਟ ਰਿਲੇਸ਼ਨਜ਼ ਕਮੇਟੀ ਅਤੇ ਐਮਐਲਐਸ ਕਮੇਟੀ ਦੇ ਵਾਈਸ ਚੇਅਰ ਵੀ ਰਹਿ ਚੁੱਕੇ ਹਨ।
ਇਸ ਤੋਂ ਇਲਾਵਾ ਭੌਰਾ ਐਗਜ਼ੈਕਟਿਵ ਕਮੇਟੀ, ਲੀਡਰਸਿ਼ਪ ਕਮੇਟੀ ਤੇ ਟਰੈਬ ਰੀਐਲਟਰ ਕੁਐਸਟ ਟਾਸਕ ਫੋਰਸ ਦੇ ਮੈਂਬਰ ਵੀ ਰਹੇ ਹਨ। ਚਾਰ ਸਾਲ (2013-2017) ਤੱਕ ਭੌਰਾ ਟਰੈਬ ਦੇ ਬੋਰਡ ਆਫ ਡਾਇਰੈਕਟਰ ਵੀ ਰਹੇ, ਉਨ੍ਹਾਂ 2017-18 ਤੱਕ ਪ੍ਰੈਜ਼ੀਡੈਂਟ ਇਲੈਕਟ ਵਜੋਂ ਵੀ ਸੇਵਾ ਕੀਤੀ।