ਗੁਗਲ ਨੂੰ ਸਿੱਖ ਗੁਰੂਆਂ ਬਾਰੇ ਨਫ਼ਰਤ ਦੇ ਵੀਡੀਓ ਤੇ ਭਾਸ਼ਣ ਹਟਾਉਣ ਦਾ ਹੁਕਮ


ਨਵੀਂ ਦਿੱਲੀ, 2 ਨਵੰਬਰ, (ਪੋਸਟ ਬਿਊਰੋ)- ਯੂਟਿਊਬ, ਫੇਸਬੁੱਕ ਅਤੇ ਹੋਰਨਾਂ ਵੈੱਬਸਾਈਟਾਂ ਉੱਤੇ ਸਿੱਖ ਧਰਮ ਤੇ ਸਿੱਖ ਗੁਰੂ ਸਾਹਿਬਾਨ ਬਾਰੇ ਨਫ਼ਰਤ ਭਰੇ ਭਾਸ਼ਣ ਤੇ ਅਪਮਾਨ ਜਨਕ ਟਿੱਪਣੀਆਂ ਵਾਲੇ ਵੀਡੀਓ ਅਤੇ ਲੇਖਾਂ ਨੂੰ ਇਕ ਹਫ਼ਤੇ ਦੇ ਅੰਦਰ ਹਟਾਉਣ ਲਈ ਦਿੱਲੀ ਦੀ ਇਕ ਅਦਾਲਤ ਨੇ ਗੁਗਲ ਇੰਡੀਆ ਨੂੰ ਹੁਕਮ ਕੀਤਾ ਹੈ।
ਆਪਣੇ ਚੈਂਬਰ ਵਿੱਚ ਕੀਤੀ ਸੁਣਵਾਈ ਦੌਰਾਨ ਕਿਸੇ ਦੂਸਰੀ ਧਿਰ ਦੀ ਗੈਰ ਹਾਜ਼ਰੀ ਵਿੱਚ ਸਿਵਲ ਜੱਜ ਜਸਜੀਤ ਕੌਰ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਪਹਿਲੀ ਨਜ਼ਰੇ ਇਹ ਲਗਦਾ ਹੈ ਕਿ ਕਥਿਤ ਵੀਡੀਓਜ਼ ਅਪਲੋਡ ਕਰਨ ਵਾਲੀ ਸਾਕਸ਼ੀ ਭਾਰਦਵਾਜ ਨੇ ਸਿੱਖ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਖ਼ਿਲਾਫ਼ ਅਪਮਾਨ ਜਨਕ ਟਿੱਪਣੀਆਂ ਕੀਤੀਆਂ ਹਨ। ਪਟੀਸ਼ਨ ਕਰਤਾ ਜੀ ਐਸ ਵਾਲੀ ਵੱਲੋਂ ਪੇਸ਼ ਹੋਏ ਐਡਵੋਕੇਟ ਗੁਰਮੀਤ ਸਿੰਘ, ਜਿਨ੍ਹਾਂ ਇੱਕ ਤਰਫਾ ਫ਼ੈਸਲਾ ਸੁਣਾਏ ਜਾਣ ਦੀ ਮੰਗ ਕੀਤੀ ਸੀ, ਦੇ ਦੱਸਣ ਮੁਤਾਬਕ ਕੋਰਟ ਨੇ ਕਿਹਾ ਕਿ ਅਜਿਹੇ ਵੀਡੀਓਜ਼ ਦੇ ਸੋਸ਼ਲ ਮੀਡੀਆ ਵਿੱਚ ਅੱਗੇ ਤੋਂ ਅੱਗੇ ਜਾਣ ਨਾਲ ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਕੋਰਟ ਦਾ ਇਹ ਵੀ ਮੰਨਣਾ ਸੀ ਕਿ ਜੇ ਗੁਗਲ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਇਹੋ ਜਿਹੀਆਂ ਅਪਮਾਨ ਜਨਕ ਵੀਡੀਓਜ਼ ਪਾਉਣ ਤੋਂ ਨਾ ਰੋਕਿਆ ਗਿਆ ਤਾਂ ਇਸ ਨਾਲ ਸਮਾਜੀ ਏਕਤਾ ਅਤੇ ਅਮਨ ਕਾਨੂੰਨ ਦੀ ਹਾਲਤ ਉੱਤੇ ਬੁਰਾ ਅਸਰ ਪੈ ਸਕਦਾ ਹੈ। ਗੁਗਲ ਇੰਡੀਆ ਤੇ ਦਿੱਲੀ ਦੇ ਪੁਲੀਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰਦੇ ਹੋਏ ਕੋਰਟ ਨੇ ਇਸ ਕੇਸ ਦੀ ਅਗਲੀ ਸੁਣਵਾਈ 22 ਨਵੰਬਰ ਨੂੰ ਤੈਅ ਕੀਤੀ ਹੈ। ਇਸ ਮੌਕੇ ਪਟੀਸ਼ਨਰ ਨੇ ਕੋਰਟ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਪੁਲੀਸ ਨੂੰ ਟੀਮ ਬਣਾਉਣ ਲਈ ਕਹੇ, ਜੋ ਅਜਿਹੇ ਵੀਡੀਓਜ਼ ਨੂੰ ਸੋਸ਼ਲ ਮੀਡੀਆ ਉੱਤੇ ਅਪਲੋਡ ਕਰਨ ਤੋਂ ਰੋਕਣ ਲਈ ਨਜ਼ਰ ਰੱਖੇ।