ਗੁਆਂਢ ਵਿੱਚ ਫਾਸਟ ਫੂਡ ਦੀ ਦੁਕਾਨ ਹੋਈ ਤਾਂ ਬੱਚਿਆਂ ਨੂੰ ਮੋਟਾਪੇ ਦਾ ਖਤਰਾ

fast food
ਲੰਡਨ, 12 ਸਤੰਬਰ (ਪੋਸਟ ਬਿਊਰੋ)- ਫਾਸਟ ਫੂਡ ਕਾਰਨਰ ਜਾਂ ਦੁਕਾਨ ਦੇ ਨੇੜੇ ਰਹਿੰਦੇ ਬੱਚਿਆਂ ਦਾ ਵਜ਼ਨ ਇਨ੍ਹਾਂ ਦੁਕਾਨਾਂ ਤੋਂ ਦੂਰ ਰਹਿਣ ਵਾਲੇ ਬੱਚਿਆਂ ਦੇ ਮੁਕਾਬਲੇ ਜ਼ਿਆਦਾ ਵਧਦਾ ਹੈ।
ਬ੍ਰਿਟੇਨ ਵਿੱਚ ਇੱਕ ਖੋਜ ਵਿੱਚ ਇਹ ਗੱਲ ਕਹੀ ਗਈ ਹੈ। ਯੂਨੀਵਰਸਿਟੀ ਆਫ ਦਿ ਵੇਸਟ ਆਫ ਇੰਗਲੈਂਡ ਦੇ ਖੋਜਕਾਰਾਂ ਨੇ ਇਸ ਖੋਜ ਵਿੱਚ 1500 ਬੱਚਿਆਂ ਦੇ ਪ੍ਰਾਇਮਰੀ ਸਕੂਲ ਦੌਰਾਨ ਪਹਿਲੇ ਅਤੇ ਆਖਰੀ ਸਾਲ ਵਿੱਚ ਵਜ਼ਨ ਦੀ ਤੁਲਨਾ ਕੀਤੀ। ਇਸ ਖੋਜ ਤੋਂ ਪਤਾ ਲੱਗਾ ਹੈ ਕਿ ਫਾਸਟ ਫੂਡ ਰੇਸਤਰਾਂ ਦੇ ਨੇੜੇ ਰਹਿੰਦੇ ਬੱਚਿਆਂ ਦਾ ਵਜਨ ਇਨ੍ਹਾਂ ਸਾਲਾਂ ਵਿੱਚ ਜ਼ਿਆਦਾ ਵਧਿਆ ਸੀ। ਖੋਜ ਕਰਤਾ ਮੈਥਿਊ ਪੀਅਰਸ ਨੇ ਕਿਹਾ, ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਪ੍ਰਾਇਮਰੀ ਸਕੂਲ ਦੇ ਪਹਿਲੇ ਤੇ ਆਖਰੀ ਸਾਲ ਦੇ ਵਿੱਚ ਮੋਟਾਪੇ ਦੀ ਸ਼੍ਰੇਣੀ ਵਿੱਚ ਆਉਂਦੇ ਬੱਚਿਆਂ ਦੀ ਗਿਣਤੀ ਦੁੱਗਣੀ ਹੋ ਜਾਂਦੀ ਹੈ। ਭਵਿੱਖ ਵਿੱਚ ਬੱਚਿਆਂ ਦੀ ਸਿਹਤ ਸੰਭਾਲ ਲਈ ਇਸ ਦਾ ਕਾਰਨ ਜਾਨਣਾ ਜ਼ਰੂਰੀ ਸੀ। ਮੋਟਾਪਾ ਵਧਣ ਦੇ ਕਈ ਕਾਰਨ ਹੋ ਸਕਦੇ ਹਨ, ਪਰ ਸਾਡੀ ਖੋਜ ਅਨੁਸਾਰ ਗੁਆਂਢ ਵਿੱਚ ਫਾਸਟ ਫੂਡ ਦੀਆਂ ਦੁਕਾਨਾਂ ਦਾ ਹੋਣਾ ਵੀ ਇਨ੍ਹਾਂ ਕਾਰਨਾਂ ਵਿੱਚੋਂ ਇੱਕ ਹੈ। ਇਸ ਖੋਜ ਨੂੰ ਜਰਨਲ ਆਫ ਪਬਲਿਕ ਹੈਲਥ ਵਿੱਚ ਪ੍ਰਕਾਸ਼ਤ ਕੀਤਾ ਗਿਆ ਹੈ। ਖੋਜ ਵਿੱਚ ਇਹ ਵੀ ਪਾਇਆ ਗਿਆ ਕਿ ਗਰੀਬ ਇਲਾਕਿਆਂ ਵਿੱਚ ਫਾਸਟ ਫੂਡ ਦੀਆਂ ਦੁਕਾਨਾਂ ਵੱਧ ਹਨ, ਪਰ ਇਨ੍ਹਾਂ ਦਾ ਬੱਚਿਆਂ ਵਿੱਚ ਵਧਦੇ ਮੋਟਾਪੇ ਨਾਲ ਕੋਈ ਸੰਬੰਧ ਸਾਬਿਤ ਨਹੀਂ ਹੋ ਸਕਿਆ।