ਗੀਤ

-ਕੰਵਰਜੀਤ ਭੱਠਲ

ਜਦ ਗੱਠੜੀ ਖੋਲ੍ਹੀ ਯਾਦਾਂ ਦੀ,
ਅੱਖਾਂ ਪਾਣੀ-ਪਾਣੀ ਹੋ ਗਈਆਂ।
ਕਰ ਚੇਤੇ ਓਸ ਜ਼ਮਾਨੇ ਨੂੰ,
ਅੱਖਾਂ ਭੁੱਬਾਂ ਮਾਰ ਕੇ ਰੋ ਪਈਆਂ।

ਜਦ ਮੈਂ ਘਰ ਤੋਂ ਤੁਰਿਆ ਸਾਂ,
ਮਾਂ ਬਾਪ ਦੇ ਗਲ ਲੱਗ ਰੋਇਆ।
ਫਿਰ ਟੱਪ ਕੇ ਜੂਹ ਵਤਨਾਂ ਦੀ,
ਮੈਂ ਪਰਦੇਸਾਂ ਦਾ ਸੀ ਹੋਇਆ।

ਬੇਪਰਵਾਹ ਉਸ ਦੁਨੀਆ ਨੇ,
ਸਾਨੂੰ ਪੇਂਜੇ ਵਾਂਗੂੰ ਕੋਹਿਆ।
ਦੁੱਖਾਂ ਨਾਲ ਝੋਲੀ ਭਰ ਦਿੱਤੀ,
ਤੇ ਖੁਸ਼ੀਆਂ ਸਾਥੋਂ ਖੋਹ ਲਈਆਂ।
ਕਰ ਚੇਤੇ ਓਸ਼.

ਸਾਊਪੁਣੇ ਦੇ ਭੇਸਾਂ ਵਿੱਚ,
ਕਈ ਲਹੂ ਪੀਣੇ ਵੀ ਵੇਖੇ।
ਗਲ ਘੁੱਟ ਕੇ ਅਣਖ ਜ਼ਮੀਰਾਂ ਦਾ,
ਲੋਕਾਂ ਨੂੰ ਮੱਥੇ ਵੀ ਟੇਕੇ।
ਅਸਾਂ ਬਾਲ ਕੇ ਆਪਣੇ ਚਾਵਾਂ ਨੂੰ,
ਠੰਢੀਆਂ ਰਾਤਾਂ ਵਿੱਚ ਸੇਕੇ।
ਲੱਖ ਪੀੜਾਂ ਝੱਲ ਕੇ ਜਿੰਦ ਉਤੇ,
ਅਸਾਂ ਦੁਨੀਆ ਤੋਂ ਲੁਕੋ ਲਈਆਂ।

ਕਰ ਚੇਤੇ ਓਸ ਜ਼ਮਾਨੇ ਨੂੰ,
ਅੱਖਾਂ ਭੁੱਬਾਂ ਮਾਰ ਕੇ ਰੋ ਪਈਆਂ।