ਗਿੱਲ ਕਮਿਸ਼ਨ ਦੀ ਪੰਜਵੀਂ ਅੰਤਿ੍ਰਮ ਰਿਪੋਰਟ ਮੁੱਖ ਮੰਤਰੀ ਨੂੰ ਪੇਸ਼

ਸੇਵਾ ਮੁਕਤ ਜਸਟਿਸ ਮਹਿਤਾਬ ਸਿੰਘ ਗਿੱਲ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਕਮਿਸ਼ਨ ਦੀ ਪੰਜਵੀਂ ਰਿਪੋਰਟ ਪੇਸ਼ ਕਰਦੇ ਹੋਏ।

-41 ਹੋਰ ਝੂਠੇ ਕੇਸਾਂ ਦੀ ਸ਼ਨਾਖਤ
ਚੰਡੀਗੜ੍ਹ, 05 ਫਰਵਰੀ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੇਸ਼ ਕੀਤੀ ਆਪਣੀ ਪੰਜਵੀਂ ਅੰਤਿ੍ਰਮ ਰਿਪੋਰਟ ਵਿੱਚ ਜਸਟਿਸ (ਸੇਵਾ ਮੁਕਤ) ਮਹਿਤਾਬ ਸਿੰਘ ਗਿੱਲ ਜਾਂਚ ਕਮਿਸ਼ਨ ਨੇ 41 ਹੋਰ ਝੁੂਠੇ ਕੇਸਾਂ ਦੀ ਪਹਿਚਾਣ ਕਰਦਿਆਂ ਇਨ੍ਹਾਂ ’ਚ ਐਫ.ਆਈ.ਆਰ. ਰੱਦ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਸ ਦੇ ਨਾਲ ਹੀ ਅਜਿਹੇ ਕੇਸਾਂ ਦੀ ਗਿਣਤੀ 258 ਹੋ ਗਈ ਹੈ। ਜ਼ਿਕਰਯੋਗ ਹੈ ਕਿ ਮਹਿਤਾਬ ਸਿੰਘ ਕਮਿਸ਼ਨ ਦਾ ਗਠਨ ਕੈਪਟਨ ਸਰਕਾਰ ਵਲੋਂ ਪਿਛਲੀ ਸਰਕਾਰ ਸਮੇਂ ਬਦਲੇਖੋਰੀ ਦੀ ਭਾਵਨਾ ਨਾਲ ਦਰਜ ਕੀਤੇ ਗਏ ਝੂਠੇ ਮਾਮਲਿਆਂ ਦੀ ਜਾਂਚ ਲਈ ਕੀਤਾ ਹੈ।
ਅੱਜ ਜਾਰੀ ਰਿਪੋਰਟ ਵਿਚ ਐਫ.ਆਈ.ਆਰ. ਰੱਦ ਕਰਨ ਦੇ ਜਿਨ੍ਹਾਂ ਮਾਮਲਿਆਂ ਵਿੱਚ ਸਿਫਾਰਿਸ਼ ਕੀਤੀ ਗਈ ਹੈ, ਉਨ੍ਹਾਂ ਮਾਮਲਿਆਂ ਵਿੱਚ ਵਿਜੇ ਸਿਆਲ, ਸਬ-ਡਵੀਜ਼ਨ ਮੈਜਿਸਟੇ੍ਰਟ ਗੁਰਦਾਸਪੁਰ ਅਤੇ ਸਿੱਖ ਧਰਮ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਦੇ ਕੇਸ ਵੀ ਸ਼ਾਮਲ ਹਨ। ਸਿਆਲ ਨੂੰ ਵਿਜੀਲੈਂਸ ਬਿਊਰੋ ਫਰੀਦਕੋਟ ਵਲੋਂ ਝੂਠੀ ਐਫ.ਆਈ.ਆਰ. ਦਰਜ ਕਰਕੇ ਫਸਾਇਆ ਸੀ ਕਿਉਂਕਿ ਉਸ ਨੇ ਸੁਖਬੀਰ ਦੀ ਓਰਬਿਟ ਬੱਸ ਦਾ ਚਾਲਾਨ ਕਰ ਦਿੱਤਾ ਸੀ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਦਾ ਚਾਰਜ ਵੀ ਸੀ। ਕਮਿਸ਼ਨ ਨੂੰ ਦਾਦੂਵਾਲ ਦੇ ਮਾਮਲੇ ਵਿੱਚ 10 ਨਵੰਬਰ 2015 ਨੂੰ ਉਨ੍ਹਾਂ ਵਲੋਂ ਦਿੱਤੇ ਗਏ ਭਾਸ਼ਨ ਵਿੱਚ ਕੋਈ ਵੀ ਬਗਾਵਤ ਵਾਲੀ ਗੱਲ ਨਹੀਂ ਲੱਗੀ।