ਗਿਆਰਾਂ ਹਜ਼ਾਰ ਰੁਪਏ ਦਾ ਟੈਟੂ!

-ਪ੍ਰਿੰਸੀਪਲ ਵਿਜੈ ਕੁਮਾਰ

ਕੁਝ ਦਿਨ ਪਹਿਲਾਂ ਆਪਣੇ ਸ਼ਹਿਰ ਦੇ ਇਕ ਪਾਰਕ ‘ਚ ਸੈਰ ਕਰਦਿਆਂ ਮੇਰੀ ਨਜ਼ਰ ਇਕ ਅਠਾਰਾਂ ਕੁ ਸਾਲ ਦੇ ਮੁੰਡੇ ਦੀਆਂ ਬਾਹਾਂ ‘ਤੇ ਪਈ। ਦੋਵਾਂ ਬਾਹਾਂ ਉੱਤੇ ਬਣੇ ਟੈਟੂ ਵਿਖਾਉਣ ਲਈ ਉਸ ਨੇ ਅੱਧੀਆਂ ਬਾਹਾਂ ਦੀ ਟੀ-ਸ਼ਰਟ ਪਾਈ ਹੋਈ ਸੀ। ਟੈਟੂ ਵੇਖ ਕੇ ਓਨੀ ਹੈਰਾਨੀ ਤੇ ਨਮੋਸ਼ੀ ਨਹੀਂ ਹੋਈ, ਜਿੰਨੀ ਉਸ ਦੀਆਂ ਟੈਟੂਆਂ ਨਾਲ ਪੂਰੀਆਂ ਭਰੀਆਂ ਬਾਹਾਂ ਨੂੰ ਵੇਖ ਕੇ ਹੋਈ। ਉਹ ਨੌਜਵਾਨ ਅਜਿਹੇ ਪਰਵਾਰ ਦਾ ਜੀਅ ਲੱਗਦਾ ਸੀ, ਜਿਸ ਦੀ ਰੋਜ਼ੀ ਰੋਟੀ ਔਖਿਆਂ ਚੱਲਦੀ ਸੀ। ਮੇਰੀ ਪਤਨੀ ਨੇ ਮੇਰੀਆਂ ਨਜ਼ਰਾਂ ਵੇਖ ਕੇ ਭਾਂਪ ਲਿਆ ਕਿ ਹੁਣ ਮੈਂ ਉਸ ਨੌਜਵਾਨ ਨੂੰ ਖੜਾ ਕਰਕੇ ਕੁਝ ਨਾ ਕੁਝ ਜ਼ਰੂਰ ਪੱਛਾਂਗਾ। ਉਸ ਨੇ ਮੈਨੂੰ ਕਿਹਾ ਕੇ ਕਿ ਇਹ ਛੋਕਰਾ ਤੁਹਾਡੇ ਕਹਿਣ ਦਾ ਗੁੱਸਾ ਨਾ ਮਨਾ ਲਵੇ, ਰੋਕਣ ਦਾ ਯਤਨ ਕੀਤਾ। ਮੈਥੋਂ ਫੇਰ ਵੀ ਰਿਹਾ ਨਾ ਗਿਆ, ਕਿਉਂਕਿ ਮੁੱਦਾ ਮੇਰੇ ਦੇਸ਼ ਦੀ ਜਵਾਨੀ ਨਾਲ ਜੁੜਿਆ ਸੀ। ਮੈਂ ਉਸ ਨੂੰ ਰੋਕ ਕੇ ਪੁੱਛਿਆ, ‘ਕਾਕਾ, ਮੈਂ ਤੇਰੇ ਪੰਜ ਮਿੰਟ ਲੈਣਾ ਚਾਹੁੰਦਾ ਹਾਂ, ਕੀ ਮਿਲ ਸਕਦੇ ਹਨ?’ ਉਹ ਵੀ ਆਪਣੇ ਯਾਰਾਂ ਦੋਸਤਾਂ ਨਾਲ ਪਾਰਕ ਘੁੰਮਣ ਆਇਆ ਹੋਇਆ ਸੀ। ਉਸ ਨੇ ਨਾ ਰੁਕਣ ਦੀ ਇੱਛਾ ਹੁੰਦਿਆਂ ਹੋਇਆਂ ਵੀ ਮੈਨੂੰ ਕਹਿ ਦਿੱਤਾ; ‘ਦੱਸੋ ਅੰਕਲ।’ ਮੈਂ ਉਸ ਨੂੰ ਸਵਾਲ ਕੀਤਾ, ‘ਬੇਟਾ, ਇਹ ਟੈਟੂ ਕਿੱਥੋਂ ਬਣਵਾਏ ਨੇ? ਉਸ ਨੂੰ ਪਤਾ ਸੀ ਕਿ ਮੈਂ ਉਸ ਨੂੰ ਇਹੋ ਸਵਾਲ ਪੁੱਛਣ ਵਾਲਾ ਹਾਂ। ਮੇਰਾ ਸਵਾਲ ਸੁਣ ਕੇ ਉਸ ਦੇ ਨਾਲ ਦੇ ਛੋਕਰਿਆਂ ਨੇ ਹਾਸਾ ਪਾ ਲਿਆ। ਉਹ ਚੱਲਣ ਲੱਗਾ। ਉਸ ਨੇ ਚੱਲਦਿਆਂ-ਚੱਲਦਿਆਂ ਮੈਨੂੰ ਕਿਹਾ, ‘ਅੰਕਲ! ਛੱਡੋ ਪਰਾਂ, ਤੁਸੀਂ ਕਿਹੜੇ ਚੱਕਰ ‘ਚ ਪੈ ਗਏ। ਆਰਾਮ ਨਾਲ ਸੈਰ ਕਰੋ ਤੇ ਘਰ ਨੂੰ ਜਾਓ।’ ਜੇ ਮੇਰੇ ਵਾਲਾ ਸਵਾਲ ਉਸ ਮੁੰਡੇ ਨੂੰ ਕਿਸੇ ਕੁੜੀ ਨੇ ਕੀਤਾ ਹੁੰਦਾ ਤਾਂ ਉਸ ਨੇ ਬੜਾ ਖੁਸ਼ ਹੋ ਕੇ ਜਵਾਬ ਦੇਣਾ ਸੀ। ਮੈਂ ਉਸ ਨੂੰ ਕਿਹਾ, ‘ਜਵਾਨਾਂ, ਤੂੰ ਮੇਰੇ ਬੱਚਿਆਂ ਵਰਗਾ ਏਂ। ਕੀ ਮੇਰੇ ਕੋਲ ਤੈਨੂੰ ਸਵਾਲ ਪੁੱਛਣ ਦਾ ਵੀ ਅਧਿਕਾਰ ਨਹੀਂ। ਜੇ ਤੂੰ ਮੇਰੇ ਸਵਾਲਾਂ ਦਾ ਜਵਾਬ ਨਾ ਦਿੱਤਾ ਤਾਂ ਮੇਰਾ ਮਨ ਦੁਖੀ ਹੋਵੇਗਾ। ਤੈਨੂੰ ਵੀ ਮੇਰੇ ਨਾਲ ਹੋਈ ਗੱਲਬਾਤ ਤੋਂ ਕੁਝ ਨਾ ਕੁਝ ਸਿੱਖਣ ਦਾ ਮੌਕਾ ਜ਼ਰੂਰ ਮਿਲੇਗਾ।’ ਉਹ ਮੇਰੀ ਗੱਲ ਸੁਣਨ ਲਈ ਰੁਕ ਗਿਆ। ਮੈਂ ਉਸ ਨੂੰ ਪੁੱਛਿਆ, ‘ਕਾਕਾ, ਇਨ੍ਹਾਂ ਟੈਟੂਆਂ ‘ਤੇ ਕਿੰਨੇ ਰੁਪਏ ਲੱਗੇ?’ ਉਸ ਦਾ ਜਵਾਬ ਸੀ, ‘ਅੰਕਲ, ਬਾਈ ਹਜ਼ਾਰ, ਦੋ ਹਜ਼ਾਰ ਰੁਪਏ ਦੀ ਛੋਟ ਮਿਲ ਗਈ, ਕਿਉਂਕਿ ਮੈਂ ਐਨੀ ਦੂਰੋਂ ਟੈਟੂ ਬਣਵਾਉਣ ਗਿਆ ਹੋਇਆ ਸੀ।’ ਨਾਲ ਹੀ ਅਗਲਾ ਸਵਾਲ ਵੀ ਕਰ ਦਿੱਤਾ, ਕਿਉਂਕਿ ਮੈਨੂੰ ਪਤਾ ਸੀ ਕਿ ਉਸ ਨੇ ਬਹੁਤਾ ਸਮਾਂ ਮੇਰੇ ਕੋਲ ਰੁਕਣਾ ਨਹੀਂ। ਮੇਰਾ ਅਗਲਾ ਸਵਾਲ ਸੀ, ‘ਪੁੱਤਰ, ਇਨ੍ਹਾਂ ਨੂੰ ਛਾਪਣ ਲਈ ਸਮਾਂ ਕਿੰਨਾ ਲੱਗਾ।’ ਉਸ ਨੇ ਜਵਾਬ ਦਿੱਤਾ, ‘ਅਠਾਰਾਂ ਘੰਟੇ।’ ਇਹ ਜਵਾਬ ਦੇਣ ਕੇ ਉਹ ਚੱਲਣ ਲੱਗਾ ਸੀ ਕਿ ਮੈਂ ਉਸ ਨੂੰ ਜ਼ਬਰਦਸਤੀ ਰੋਕ ਲਿਆ। ਮੈਂ ਉਸ ਨੂੰ ਪੁੱਛਿਆ, ‘ਕਾਕਾ ਇੰਨੇ ਪੈਸੇ ਟੈਟੂਆਂ ‘ਤੇ ਖਰਚਣੇ ਕੀ ਸਮਝਦਾਰੀ ਹੈ?’ ਉਹ ਬੋਲਿਆ, ‘ਅੰਕਲ, ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਮੈਂ ਇਹ ਪੈਸੇ ਆਪਣੀ ਮਿਹਨਤ ਨਾਲ ਕਮਾਏ ਹਨ, ਘਰ ਵਾਲਿਆਂ ਤੋਂ ਨਹੀਂ ਲਏ।’ ਇਸ ਤੋਂ ਜ਼ਿਆਦਾ ਉਸ ਨੂੰ ਰੋਕਣਾ ਮੇਰੇ ਲਈ ਸੰਭਵ ਨਹੀਂ ਸੀ। ਉਹ ਆਪਣੇ ਸਾਥੀਆਂ ਨਾਲ ਅੱਗੇ ਤੁਰ ਗਿਆ। ਉਸ ਦੀ ਪੁਸ਼ਾਕ ਤੇ ਉਸ ਦੇ ਪੈਰੀਂ ਪਈ ਚੱਪਲ ਦੱਸ ਰਹੀ ਸੀ ਕਿ ਉਸ ਛੋਕਰੇ ਦੇ ਮਾਂ ਬਾਪ ਬਹੁਤ ਸਧਾਰਨ ਜਿਹੇ ਪਰਵਾਰ ਨਾਲ ਸਬੰਧਤ ਹੋਣਗੇ। ਉਨ੍ਹਾਂ ਨੂੰ ਆਪਣੇ ਪਰਵਾਰ ਦੀ ਰੋਟੀ ਤੋਰਨ ਲਈ ਆਪਣੀਆਂ ਸੌ ਇੱਛਾਵਾਂ ਮਾਰਨੀਆਂ ਪੈਂਦੀਆਂ ਹੋਣਗੀਆਂ। ਕਿੰਨਾ ਚੰਗਾ ਹੁੰਦਾ ਜੇ ਉਹ ਟੈਟੂਆਂ ‘ਤੇ ਹੋਏ ਖਰਚੇ ਨੂੰ ਆਪਣੇ ਮਾਪਿਆਂ ਨੂੰ ਸੌਂਪ ਦਿੰਦਾ। ਉਹ ਸੌਖੇ ਹੋ ਜਾਂਦੇ। ਆਪਣੇ ਸਰੀਰ ‘ਤੇ ਟੈਟੂ ਬਣਵਾਉਣ ਦੇ ਫੈਸ਼ਨ ਦੀ ਬਿਮਾਰੀ ਸਾਡੇ ਨੌਜਵਾਨ ਵਰਗ ਨੇ ਟੈਲੀਵਿਜ਼ਨ ‘ਤੇ ਵਿਖਾਈ ਜਾਣ ਵਾਲੀ ਰੈਸਲਿੰਗ ਤੇ ਲੜੀਵਾਰ ਨਾਟਕਾਂ ਤੋਂ ਸਹੇੜੀ ਹੈ। ਬੱਚੇ ਅਠਾਰਾਂ ਘੰਟੇ ਪੜ੍ਹਨ ਲਈ ਨਹੀਂ ਕੱਢ ਸਕਦੇ, ਪਰ ਟੈਟੂ ਬਣਵਾ ਸਕਦੇ ਹਨ। ਮਾਂ ਬਾਪ ਦੇ ਕਹਿਣ ‘ਤੇ ਉਨ੍ਹਾਂ ਲਈ ਕਿਸੇ ਕੰਮ ਨੂੰ ਕਰਨ ਲਈ ਥੋੜ੍ਹੀ ਦੂਰ ਜਾਣਾ ਔਖਾ ਹੋ ਜਾਂਦਾ ਹੈ, ਪਰ ਟੈਟੂ ਬਣਵਾਉਣ ਲਈ ਉਹ ਸੈਂਕੜੇ ਮੀਲ ਸਫਰ ਕਰ ਲੈਂਦੇ ਹਨ। ਸਰੀਰ ‘ਤੇ ਟੈਟੂ ਬਣਾਉਣ ਦੀ ਇਹ ਫੈਸ਼ਨਪ੍ਰਸਤੀ ਨੌਜਵਾਨ ਵਰਗ ਨੂੰ ਪ੍ਰਭਾਵਿਤ ਕਰ ਰਹੀ ਹੈ। ਦੂਜਿਆਂ ਨੂੰ ਸੋਹਣਾ ਲੱਗਣ ਲਈ ਮਨੁੱਖ ਤਰ੍ਹਾਂ-ਤਰ੍ਹਾਂ ਦੇ ਰਚਣ ਰਚਦਾ ਹੈ, ਪਰ ਜੇ ਸਰੀਰ ਵਿੱਚ ਖੂਨ ਤੇ ਜਾਨ ਹੋਵੇ ਤਾਂ ਸਾਧਾਰਨ ਕੱਪੜੇ ਵੀ ਫੱਬ-ਫੱਬ ਪੈਂਦੇ ਹਨ। ਸਵਾਮੀ ਵਿਵੇਕਾਨੰਦ ਤੇ ਸਵਾਮੀ ਦਯਾਨੰਦ ਵਰਗੇ ਮਹਾਨ ਪੁਰਸ਼ਾਂ ਦੇ ਸਰੀਰ ‘ਤੇ ਸਾਧਾਰਨ ਜਿਹੇ ਕੱਪੜੇ ਹੁੰਦੇ ਸਨ, ਪਰ ਉਨ੍ਹਾਂ ਦੇ ਚਿਹਰਿਆਂ ਦੀ ਲਾਲੀ ਸਭ ਨੂੰ ਪ੍ਰਭਾਵਤ ਕਰਦੀ ਸੀ। ਅੱਜ ਕੱਲ੍ਹ ਮੁੰਡੇ ਹੀ ਨਹੀਂ, ਕੁੜੀਆਂ ਵੀ ਪਿੱਠਾਂ, ਹੱਥਾਂ, ਗਰਦਨਾਂ ਅਤੇ ਬਾਹਾਂ ‘ਤੇ ਟੈਟੂ ਬਣਵਾਉਂਦੀਆਂ ਵੇਖੀਆਂ ਜਾ ਸਕਦੀਆਂ ਹਨ। ਪੁਰਾਣੇ ਸਮਿਆਂ ‘ਚ ਛਿੰਞਾਂ, ਮੇਲਿਆਂ ਵਿੱਚ ਵੀ ਰੋਟੀ ਰੋਜ਼ੀ ਕਮਾਉਣ ਦੇ ਉਦੇਸ਼ ਨਾਲ ਹੱਥਾਂ ਬਾਹਵਾਂ ਤੇ ਮੱਥਿਆਂ ‘ਤੇ ਨੋਕਦਾਰ ਸੂਈ ਨਾਲ ਹਰੇ ਰੰਗ ਦੇ ਮਾਧਿਅਮ ਰਾਹੀਂ ਨਾਂ, ਓਮ, ਇਕ ਓਮਕਾਰ ਪਤੀ ਤੇ ਔਰਤ ਦਾ ਨਾਂ ਅਤੇ ਮੱਥੇ ਉਤੇ ਤਰ੍ਹਾਂ-ਤਰ੍ਹਾਂ ਦੇ ਚਿੰਨ੍ਹ ਖੁਣਨ ਦੀ ਪ੍ਰੰਪਰਾ ਪ੍ਰਚੱਲਤ ਸੀ। ਉਨ੍ਹਾਂ ਵੇਲਿਆਂ ‘ਚ ਵੀ ਇਹ ਪ੍ਰੰਪਰਾ ਇਕ ਸ਼ੌਕ ਵਾਂਗ ਹੀ ਸੀ। ਕਿਹਾ ਜਾਂਦਾ ਹੈ ਕਿ ਔਰਤਾਂ ਪਤੀ ਦਾ ਨਾਂ ਨਾ ਲੈਣ ਕਾਰਨ ਉਸ ਨੂੰ ਆਪਣੀਆਂ ਬਾਹਵਾਂ ‘ਤੇ ਖੁਣਵਾ ਲੈਂਦੀਆਂ ਸਨ। ਜੇ ਕੋਈ ਉਨ੍ਹਾਂ ਤੋਂ ਪਤੀ ਦਾ ਨਾਂ ਪੁੱਛਦਾ ਤਾਂ ਬਾਂਹ ਅੱਗੇ ਕਰ ਦਿੰਦੀਆਂ। ਡਾਕਟਰ ਇਹ ਸਲਾਹ ਦਿੰਦੇ ਹਨ ਕਿ ਸਰੀਰ ‘ਤੇ ਟੈਟੂ ਖੁਣਵਾਉਣ ਲੱਗਿਆਂ ਬਹੁਤ ਜ਼ਿਆਦਾ ਸਾਵਧਾਨੀ ਦੀ ਲੋੜ ਹੁੰਦੀ ਹੈ। ਇਹ ਬਹੁਤ ਮਹਿੰਗਾ ਸ਼ੌਕ ਹੈ। ਪ੍ਰੋਫੈਸ਼ਨਲ ਦੁਕਾਨਦਾਰਾਂ ਤੋਂ ਵੀ ਟੈਟੂ ਖੁਣਵਾਉਣਾ ਖਤਰੇ ਤੋਂ ਖਾਲੀ ਨਹੀਂ। ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਖਤਰਾ ਰਹਿੰਦਾ ਹੈ। ਸਾਡੀ ਨੌਜਵਾਨ ਪੀੜ੍ਹੀ ਟੀ ਵੀ ਚੈਨਲਾਂ ਰਾਹੀਂ ਟੈਟੂ ਖੁਣਵਾਉਣ, ਤਰ੍ਹਾਂ-ਤਰ੍ਹਾਂ ਦੇ ਹੇਅਰ ਸਟਾਈਲ, ਬੇਢੰਗੀਆਂ ਪੁਸ਼ਾਕਾਂ ਪਾਉਣਾ ਤਾਂ ਸਿੱਖ ਜਾਂਦੀ ਹੈ, ਪਰ ਪੱਛਮੀ ਦੇਸ਼ਾਂ ਦੇ ਲੋਕਾਂ ਦੇ ਆਪਣੇ ਮੁਲਕ ਪ੍ਰਤੀ ਸਮਰਪਣ, ਇਮਾਨਦਾਰੀ ਤੇ ਸਮੇਂ ਦੀ ਕਦਰ ਵਰਗੇ ਗੁਣਾਂ ਵੱਲ ਧਿਆਨ ਬਹੁਤ ਘੱਟ ਜਾਂਦਾ ਹੈ ਜੋ ਸਮੇਂ ਦੀ ਅਹਿਮ ਲੋੜ ਹੈ।