ਗਾਥਾ ਇਕ ਪ੍ਰੇਮ ਵਿਆਹ ਦੀ

-ਪ੍ਰੀਤਮਾ ਦੋਮੇਲ
ਪ੍ਰੇਮ ਵਿਆਹ ਅੱਜ ਕੱਲ੍ਹ ਆਮ ਜਿਹੀ ਗੱਲ ਹੋ ਗਈ ਹੈ। ਅੱਧਿਆਂ ਤੋਂ ਵੱਧ ਵਿਆਹ ਮਨਮਰਜ਼ੀ ਦੇ ਹੁੰਦੇ ਹਨ। ਆਮ ਜਨਤਾ ਲਈ ਇਹ ਗੱਲਾਂ ਹੁਣ ਕੋਈ ਖਾਸ ਮਾਅਨੇ ਨਹੀਂ ਰੱਖਦੀਆਂ। ਅੱਜ ਤੋਂ 30-32 ਸਾਲ ਪਹਿਲਾਂ ਇਸ ਤਰ੍ਹਾਂ ਦੇ ਵਿਆਹ ਬਹੁਤ ਘੱਟ ਹੁੰਦੇ ਸਨ, ਜਿਨ੍ਹਾਂ ਦੀ ਚਰਚਾ ਸਾਲਾਂ ਤੱਕ ਚੱਲਦੀ ਸੀ। ਮੈਂ ਵੀ ਇਕ ਅਜਿਹੇ ਵਿਆਹ ਦੀ ਹਿੱਸੇਦਾਰ ਹਾਂ। ਸਾਡੇ ਵਿਆਹ ਨੂੰ ਤਿੰਨ ਚਾਰ ਸਾਲ ਹੋਏ ਹਨ। ਪਤੀ ਦੇਵ ਤਾਂ ਵਿਆਹ ਤੋਂ ਤੁਰੰਤ ਬਾਅਦ ਤੰਗ ਧਾਰ (ਕਸ਼ਮੀਰ) ਦੀਆਂ ਪਹਾੜੀ ਚੋਟੀਆਂ ‘ਤੇ ਜਾ ਬੈਠੇ ਤੇ ਮੈਂ ਆਪਣੇ ਸਕੂਲ ਦੀਆਂ ਘੰਟੀਆਂ ਲੈਣ ਲੱਗ ਪਈ। ਬੇਟਾ ਸੋਨੂੰ ਵੀ ਅਗਲੇ ਸਾਲ ਮੇਰੀ ਗੋਦੀ ਵਿੱਚ ਆ ਬੈਠਾ ਤੇ ਪਤੀ ਨੂੰ ਥੋੜ੍ਹੇ ਚਿਰ ਪਿੱਛੋਂ ਰਾਜਸਥਾਨ ਦਾ ਖੂਬਸੂਰਤ ਝੀਲਾਂ ਵਾਲਾ ਸ਼ਾਂਤਮਈ ਤੇ ਰਮਣੀਕ ਸਟੇਸ਼ਨ ਮਿਲ ਗਿਆ। ਮੈਂ ਪਹਿਲੀ ਵਾਰ ਬੱਚੇ ਨੂੰ ਲੈ ਕੇ ਪਲਟਨ ‘ਚ ਆਈ ਸਾਂ। ਫੌਜ ਦੇ ਸਾਰੇ ਤੌਰ ਤਰੀਕਿਆਂ ਤੋਂ ਨਾਵਾਕਫ ਕਦਮ-ਕਦਮ ‘ਤੇ ਗਲਤੀਆਂ ਕਰਦੀ ਹੌਲੀ-ਹੌਲੀ ਉਸ ਨਵੇਂ ਸੱਭਿਆਚਾਰ ‘ਚ ਆਪਣੇ ਆਪ ਨੂੰ ਢਾਲ ਰਹੀ ਸਾਂ ਕਿ ਅਚਾਨਕ ਸਾਡੀ ਸੁਖਦ ਤੇ ਸਪਾਟ ਜ਼ਿੰਦਗੀ ਦੇ ਪੰਨਿਆਂ ‘ਤੇ ਨਵਾਂ ਫੀਚਰ ਜੁੜ ਗਿਆ।
ਪਤੀ ਪਹਿਲਾਂ ਅਫਸਰ ਟ੍ਰੇਨਿੰਗ ਸਕੂਲ ਮਦਰਾਸ ਵਿੱਚ ਇੰਸਟ੍ਰਕਟਰ ਸਨ। ਉਨ੍ਹਾਂ ਦਾ ਕੋਈ ਕੈਡੇਟ ਜੱਟਾਂ ਦਾ ਸੋਹਣਾ ਜਿਹਾ ਮੁੰਡਾ ਬੱਲੀ (ਬਲਜੀਤ) ਅਫਸਰ ਬਣ ਕੇ ਆ ਗਿਆ। ਨਾਲ ਆਈ ਐਮ ਏ ਦੇਹਰਾਦੂਨ ਤੋਂ ਦੋ ਹੋਰ ਮੁੰਡੇ ਆ ਗਏ। ਤਿੰਨੋਂ ਬੜੇ ਸੋਹਣੇ ਇਕੋ ਉਮਰ ਦੇ ਮੁੰਡੇ ਆਪਣੀ ਤੇ ਦੂਜੀਆਂ ਪਲਟਨਾਂ ਦੀਆਂ ਕੁੜੀਆਂ ਦੀਆਂ ਨਜ਼ਰਾਂ ਦਾ ਕੇਂਦਰ ਬਣੇ ਰਹਿੰਦੇ। ਸਾਡੀ ਪਲਟਨ ਦੇ ਕਿਸੇ ਰਿਟਾਇਰਡ ਅਫਸਰ ਦੀ ਕੁੜੀ ਬਾਰ੍ਹਵੀਂ ‘ਚ ਪੜ੍ਹਦੀ ਸੀ। ਬੜੀ ਸੋਹਣੀ, ਚੰਚਲ ਤੇ ਹੁਸ਼ਿਆਰ। ਤਿੰਨੋਂ ਅਫਸਰ ਮੁੰਡੇ ਉਸ ‘ਤੇ ਲੱਟੂ ਸਨ। ਕੁੜੀ ਦਾ ਸਲੂਕ ਉਨ੍ਹਾਂ ਤਿੰਨਾਂ ਨਾਲ ਇਕੋ ਜਿਹਾ ਸੀ। ਇਸ ਲਈ ਤਿੰਨਾਂ ਨੂੰ ਲੱਗਦਾ ਕਿ ਉਹ ਉਸੇ ਨੂੰ ਪਿਆਰ ਕਰਦੀ ਹੈ।
ਜੱਟ ਮੁੰਡੇ ਨੂੰ ਮੇਰੇ ਪਤੀ ਛੋਟਾ ਭਰਾ ਸਮਝਦੇ ਸੀ। ਇਕ ਦਿਨ ਆ ਕੇ ਉਹ ਉਨ੍ਹਾਂ ਦੇ ਪੈਰਾਂ ‘ਚ ਡਿੱਗ ਗਿਆ ਤੇ ਕਹਿਣ ਲੱਗਾ, ‘ਸਰ ਜੀ, ਹੁਣ ਇੱਜ਼ਤ ਦਾ ਸਵਾਲ ਹੈ, ਜੱਟ ਦੀ ਮੰਗ ਨੂੰ ਕੋਈ ਹੋਰ ਵਿਆਹ ਕੇ ਲੈ ਜਾਵੇ, ਇਹ ਆਪਾਂ ਹੋਣ ਨਹੀਂ ਦਿਆਂਗੇ। ਬੱਸ ਤੁਹਾਡੀ ਮਦਦ ਦੀ ਲੋੜ ਹੈ।’ ਪਤੀ ਸੋਚੀਂ ਪੈ ਗਏ, ਕਿਉਂਕਿ ਛਾਉਣੀ ‘ਚ ਹੋਣ ਵਾਲੀ ਚਰਚਾ ਦਾ ਉਨ੍ਹਾਂ ਨੂੰ ਪਤਾ ਸੀ। ਉਨ੍ਹਾਂ ਕਿਹਾ, ‘ਪਹਿਲਾਂ ਤਾਂ ਤੂੰ ਇਹ ਪੱਕਾ ਤਰ੍ਹਾਂ ਜਾਣ ਲੈ ਕਿ ਕੁੜੀ ਤੈਨੂੰ ਪਿਆਰ ਵੀ ਕਰਦੀ ਹੈ ਨਹੀਂ, ਕਿਉਂਕਿ ਕੈਂਟ ਵਿੱਚ ਕਈ ਹੋਰ ਅਫਸਰਾਂ ਦੇ ਨਾਂ ਨਾਲ ਉਸ ਦਾ ਨਾਂ ਜੁੜਿਆ ਹੋਇਆ ਹੈ।’
ਕੁਝ ਦਿਨ ਬਾਅਦ ਕੁੜੀ (ਬਿੰਦੂ) ਨੇ ਸਾਡੇ ਘਰ ਆ ਕੇ ਸਾਨੂੰ ਯਕੀਨ ਦਿਵਾ ਦਿੱਤਾ ਕਿ ਉਹ ਸਿਰਫ ਬੱਲੀ ਨੂੰ ਚਾਹੁੰਦੀ ਹੈ। ਹੁਣ ਪਲਟਨ ‘ਚ ਵੀ ਗੱਲ ਫੈਲ ਗਈ। ਪਲਟਨ ਦਾ ਮਾਹੌਲ ਬਿਲਕੁਲ ਪਰਵਾਰ ਵਰਗਾ ਹੁੰਦਾ ਹੈ। ਕਿਸੇ ਵੀ ਅਫਸਰ ਦਾ ਦੁੱਖ ਸੁੱਖ ਸਭ ਦਾ ਸਾਂਝਾ ਬਣ ਜਾਂਦਾ ਹੈ। ਹੁਣ ਇਹ ਵਿਆਹ ਪਲਟਨ ਦੀ ਇੱਜ਼ਤ ਦਾ ਸਵਾਲ ਬਣ ਗਿਆ ਕਿ ਬਿੰਦੂ ਦਾ ਵਿਆਹ ਅਫਸਰ ਬਲਜੀਤ ਨਾਲ ਹਰ ਹਾਲਤ ਹੋਣਾ ਚਾਹੀਦਾ ਹੈ। ਸਾਰਿਆਂ ਨੇ ਸੋਚ ਵਿਚਾਰ ਕੇ 10 ਦਿਨ ਬਾਅਦ ਵਿਆਹ ਰੱਖ ਦਿੱਤਾ ਤੇ ਸਾਡਾ ਘਰ ਮੁੰਡੇ ਦੇ ਮਾਂ ਬਾਪ ਦਾ ਘਰ ਮਿੱਥ ਲਿਆ ਗਿਆ। ਬਈ ਸਾਰੀਆਂ ਰਸਮਾਂ ਸਾਡੇ ਘਰ ‘ਚ ਹੋਣਗੀਆਂ ਤੇ ਬਰਾਤ ਵੀ ਸਾਡੇ ਘਰੋਂ ਚੜ੍ਹੇਗੀ। ਅਸੀਂ ਦੋਵੇਂ ਫਸ ਗਏ। ਇੰਨੀ ਵੱਡੀ ਜ਼ਿੰਮੇਵਾਰੀ ਤੇ 28-30 ਸਾਲ ਦੀ ਸਾਡੀ ਉਮਰ। ਕਿਸੇ ਗੱਲ ਦਾ ਪਤਾ ਹੀ ਨਹੀਂ ਸੀ।
ਖੈਰ ਤਿਆਰੀਆਂ ਹੋਣ ਲੱਗ ਪਈਆਂ। ਘਰ ਵਿਆਹ ਦੇ ਘਰ ਵਾਂਗ ਸੱਜਣ ਲੱਗ ਪਿਆ। ਸਭ ਤੋਂ ਪਹਿਲਾਂ ਤਾਂ ਮੰਗਣੀ ਦੀ ਰਸਮ ਕੀਤੀ ਗਈ। ਉਧਰ ਵਿੱਚੋਂ ਕਿਸੇ ਨੇ ਬੱਲੀ ਦੇ ਘਰ ਪੰਜਾਬ ਵਿੱਚ ਖਬਰ ਕਰ ਦਿੱਤੀ। ਉਹ ਇਕਦਮ ਭੜਕ ਉਠੇ ਤੇ ਕਹਿਣ ਲੱਗੇ, ‘ਬਈ ਅਸੀਂ ਆਪਣੇ ਅਫਸਰ ਮੁੰਡੇ ਦਾ ਵਿਆਹ ਬ੍ਰਾਹਮਣਾਂ ਦੀ ਕੁੜੀ ਨਾਲ ਨਹੀਂ ਹੋਣ ਦਿਆਂਗੇ।Ḕ ਉਨ੍ਹਾਂ ਨੇ ਪਲਟਨ ਦੇ ਸੀ ਓ ਸਾਹਿਬ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਇਸ ਵਿਆਹ ਨੂੰ ਤੁਰੰਤ ਰੋਕ ਦਿੱਤਾ ਜਾਵੇ, ਨਹੀਂ ਤਾਂ ਖੂਨ ਖਰਾਬਾ ਹੋ ਜਾਏਗਾ। ਸਭ ਚਿੰਤਾ Ḕਚ ਪੈ ਗਏ। ਅਖੀਰ ਫੈਸਲਾ ਹੋਇਆ ਕਿ ਜਿਹੜਾ ਵਿਆਹ ਇਕ ਹਫਤੇ ਬਾਅਦ ਹੋਣਾ ਸੀ, ਦੋ ਦਿਨ ਬਾਅਦ ਕਰ ਦਿੱਤਾ ਜਾਵੇ, ਪਰ ਮੁੰਡੇ ਕੁੜੀ ਦੀ ਜ਼ਿੱਦ ਸੀ, ਵਿਆਹ ਪੂਰੇ ਰੀਤੀ ਰਿਵਾਜ ਨਾਲ ਹਿੰਦੂ ਸਿੱਖ ਤਰੀਕੇ ਨਾਲ ਹੋਵੇ। ਓਸੇ ਦਿਨ ਕੁੜੀ ਵਾਲਿਆਂ ਨੇ ਘਰ ਅਖੰਡ ਪਾਠ ਰੱਖਵਾ ਦਿੱਤਾ ਤੇ ਉਧਰ ਸੀ ਓ ਸਾਹਿਬ ਨੇ ਇਕ ਸਿਪਾਹੀ ਨੂੰ ਮੁੰਡੇ ਦੇ ਪਿੰਡ ਭੇਜ ਕੇ ਡਿਊਟੀ ਲਾ ਦਿੱਤੀ ਕਿ ਉਹ ਉਥੇ ਹੋਣ ਵਾਲੀ ਕਾਰਵਾਈ ਦੀ ਪਲ-ਪਲ ਦੀ ਖਬਰ ਦਿੰਦਾ ਰਹੇ।
ਉਸੇ ਰਾਤ ਸੰਗੀਤ ਦੀ ਮਹਿਫਲ ਸੱਜੀ। ਸਾਰੇ ਅਫਸਰ ਤੇ ਉਨ੍ਹਾਂ ਦੀਆਂ ਬੀਵੀਆਂ ਖੂਬ ਨੱਚੇ ਟੱਪੇ। ਅਗਲੇ ਦਿਨ ਮੁੰਡੇ ਨੂੰ ਵਟਣਾ ਲਾਇਆ ਗਿਆ ਤੇ ਤੀਜੇ ਦਿਨ ਸਵੇਰੇ ਨੁਹਾ ਧੁਆ ਕੇ ਕਲਗੀ ਵਾਲੀ ਪਗੜੀ ਬੰਨ੍ਹੀ ਗਈ। ਇਕ ਨਵੇਂ ਵਿਆਹੇ ਅਫਸਰ ਦੀ ਪਤਨੀ ਨੇ ਭਾਬੀ ਬਣ ਕੇ ਮੁੰਡੇ ਦੀਆਂ ਅੱਖਾਂ ‘ਚ ਸੁਰਮਾ ਪਾਇਆ ਤੇ ਸੀ ਓ ਸਾਹਿਬ ਦੀਆਂ ਦੋਵਾਂ ਬੇਟੀਆਂ ਨੇ ਭੈਣਾਂ ਬਣ ਕੇ ਗਲ ਦੇ ਸਕਾਰਫਾਂ ਨਾਲ ਸਾਡੇ ਸਾਹਿਬ ਨੂੰ ਹਵਾ ਝੱਲੀ। ਬਿੰਦੂ ਨੇ ਹੁਣ ਨਵਾਂ ਪੰਗਾ ਪਾ ਦਿੱਤਾ ਕਿ ਉਸ ਦਾ ਲਾੜਾ ਘੋੜੀ ਉੱਤੇ ਚੜ੍ਹ ਕੇ ਘਰ ਢੁਕੇ। ਜਲਦੀ ‘ਚ ਘੋੜੀ ਦਾ ਇੰਤਜ਼ਾਮ ਨਾ ਹੋ ਸਕਿਆ, ਪਰ ਨਾਲ ਵਾਲੀ ਪਲਟਨ ਤੋਂ ਤਕੜਾ ਹੱਟਾ ਕੱਟਾ ਘੋੜਾ ਮਿਲ ਗਿਆ। ਬੜੀ ਮੁਸ਼ਕਿਲ ਨਾਲ ਉਚੇ ਲੰਮੇ ਘੋੜੇ ‘ਤੇ ਮੁੰਡੇ ਨੂੰ ਚੜ੍ਹਾਇਆ, ਪਰ ਘੋੜਾ ਇੰਨਾ ਅਥਰਾ ਤੇ ਮੂੰਹ ਜ਼ੋਰ ਕਿ ਮੁੰਡੇ ਦੇ ਉਤੇ ਬੈਠਦਿਆਂ ਹੀ ਦੁਲੱਤੀ ਮਾਰ ਕੇ ਉਸ ਨੂੰ ਹੇਠਾਂ ਸੁੱਟ ਦਿੱਤਾ। ਡਿੱਗਦਿਆਂ ਸਾਰ ਵਿਚਾਰੇ ਦੇ ਪੈਰ ਦੀ ਹੱਡੀ ਟੁੱਟ ਗਈ। ਕਿਸੇ ਤਰ੍ਹਾਂ ਪੈਰ ਉੱਤੇ ਪੱਟੀ ਬੰਨ੍ਹ ਕੇ ਚਾਰ ਪੰਜ ਜਣਿਆਂ ਨੇ ਫਿਰ ਉਸ ਨੂੰ ਘੋੜੇ ‘ਤੇ ਬਿਠਾਇਆ ਅਤੇ 5-6 ਸਿਪਾਹੀ ਘੋੜੇ ਦੇ ਹੱਥ, ਪੈਰ, ਨੱਕ, ਮੂੰਹ, ਕੰਨ ਤੇ ਪੂਛ ਨੂੰ ਫੜ ਕੇ ਬਰਾਤ ਸਣੇ ਵਿਆਹ ਵਾਲੇ ਘਰ ਨੂੰ ਚੱਲੇ। ਵਾਜੇ ਵਾਲੇ ਵੀ ਖੁਸ਼ੀ ਵਾਲੀ ਧੁਨ ਛੱਡ ਮਾਤਮੀ ਧਨ ਵਜਾਉਣ ਲੱਗ ਪਏ।
ਕੈਸਾ ਹਨੇਰ ਮਾਲਕ, ਕੈਸੀ ਹੈ ਤੇਰੀ ਮਾਇਆ।
ਖੁਸ਼ੀਆਂ ਦੀ ਥਾਂ ‘ਤੇ ਆ ਕੇ ਗਮਾਂ ਨੇ ਡੇਰਾ ਲਾਇਆ।
ਉਦੋਂ ਖਬਰ ਮਿਲੀ ਕਿ ਮੁੰਡੇ ਦੇ ਕਈ ਰਿਸ਼ਤੇਦਾਰ ਕਿਰਪਾਨਾਂ ਲੈ ਕੇ ਸਟੇਸ਼ਨ ‘ਤੇ ਉਤਰ ਚੁੱਕੇ ਹਨ। ਸਾਰਿਆਂ ਨੂੰ ਭਾਜੜ ਪੈ ਗਈ। ਬਰਾਤ ਨੂੰ ਹੁਕਮ ਹੋਇਆ ਕਿ ਫਟਾਫਟ ਵਿਆਹ ਵਾਲੇ ਮੁੰਡੇ ਨੂੰ ਲੈ ਕੇ ਕੁੜੀ ਵਾਲੇ ਘਰ ਪੁੱਜੋ ਤੇ ਉਥੇ ਭਾਈ ਜੀ ਨੂੰ ਬੇਨਤੀ ਕੀਤੀ ਗਈ ਕਿ ਜਿੰਨੀ ਜਲਦੀ ਹੋ ਸਕੇ, ਆਨੰਦ ਕਾਰਜ ਦੀ ਰਸਮ ਅਦਾ ਕਰੇ ਤੇ ਪੰਡਤ ਵੀ ਛੇਤੀ ਲਾਵਾਂ ਫੇਰੇ ਕਰਵਾ ਕੇ ਫਾਰਗ ਹੋਣ। ਹੁਣ ਘੋੜਾ ਅੜ ਕੇ ਖਲੋ ਗਿਆ, ਹਿੱਲੇ ਹੀ ਨਾ। ਜਦੋਂ ਦੋ ਚਾਰ ਡੰਡੇ ਪਏ ਤਾਂ ਅਜਿਹਾ ਭੱਜਿਆ ਕਿ ਲਾੜਾ ਧੜਾਮ ਕਰਕੇ ਹੇਠਾਂ ਡਿੱਗ ਪਿਆ। ਕਲਗੀ ਵਾਲੀ ਪਗੜੀ ਉਸ ਦੀ ਕਿਤੇ ਅਤੇ ਕਿਰਪਾਨ ਕਿਤੇ। ਪੈਂਟ ਕਈ ਥਾਵਾਂ ਤੋਂ ਫਟ ਗਈ ਤੇ ਸੁਨਹਿਰੀ ਅਚਕਨ ਦਾ ਅਗਲਾ ਅੱਧਾ ਪੱਲਾ ਫਟ ਕੇ ਪਤਾ ਨਹੀਂ ਕਿੱਥੇ ਮੂੰਹ ਲੁਕਾ ਕੇ ਬੈਠਾ। ਲਾੜੇ ਵਿਚਾਰੇ ਨੇ ਇਕ ਹੱਥ ਨਾਲ ਪਗੜੀ ਸੰਭਾਲੀ ਤੇ ਦੂਜੇ ਨਾਲ ਅਚਕਨ ਦੇ ਫਟੇ ਹੋਏ ਪੱਲੇ। ਲਾਬੀ ਸਾਫੇ (ਜਿਸ ਨਾਲ ਪੱਲਾ ਫੜਾਉਣ ਦੀ ਰਸਮ ਕਰਦੇ ਹਨ) ਨਾਲ ਕਮਰ ਕੱਸੇ ਵਾਂਗ ਘੁੱਟ ਕੇ ਬੰਨ੍ਹ ਲਿਆ ਅਤੇ ਦੋਵਾਂ ਧਰਮ ਦੇ ਪੁਜਾਰੀਆਂ ਨੇ ਵੀ ਆਨੰਦ ਕਾਰਜ ਤੇ ਲਾਵਾਂ ਫੇਰਿਆਂ ਦੀ ਰਸਮ ਮਿੰਟਾਂ ‘ਚ ਅਦਾ ਕਰਵਾਈ। ਮੁੰਡੇ ਕੁੜੀ ਨੇ ਫੁਰਤੀ ਨਾਲ ਲਾਵਾਂ ਲੈ ਲਈਆਂ ਤੇ ਭਾਈ ਜੀ ਜਿਉਂ ਹੀ ‘ਵਿਆਹ ਹੋਇਆ ਮੇਰੇ ‘ਬਲਾ’ ਸ਼ਬਦ ਉਚਾਰਣ ਲੱਗੇ ਅਚਾਨਕ ਪੰਜ ਛੇ ਸਰਦਾਰ ਮੁੰਡੇ ਹੱਥਾਂ Ḕਚ ਕਿਰਪਾਨਾਂ ਲੈ ਕੇ ਅੰਦਰ ਆ ਵੜੇ। ਸਾਰਿਆਂ ਦੇ ਸਾਹ ਸੁੱਕ ਗਏ।
ਦੋ ਚਾਰ ਪਲ ਇਸ ਤਰ੍ਹਾਂ ਬਦਹਵਾਸੀ ‘ਚ ਗੁਜ਼ਰ ਗਏ ਕਿ ਅਚਾਨਕ ਆਉਣ ਵਾਲੇ ਬੰਦੇ ਠਹਾਕਾ ਮਾਰ ਕੇ ਹੱਸ ਪਏ ਤੇ ਕਹਿਣ ਲੱਗੇ, ‘ਓ ਭਾਈ ਫੌਜੀਓ, ਤੁਸੀਂ ਕਿਉਂ ਡਰ ਗਏ ਅਸੀਂ ਤਾਂ ਆਪਣੇ ਭਰਾ ਦੇ ਵਿਆਹ ‘ਚ ਸ਼ਾਮਲ ਹੋਣ ਆਏ ਹਾਂ। ਸਾਨੂੰ ਦੇਖ ਕੇ ਤੁਹਾਡੇ ਸਾਹ ਹੀ ਸੂਤੇ ਗਏ। ਓ ਤੁਸੀਂ ਬਾਰਡਰ ‘ਤੇ ਜਾ ਕੇ ਕੀ ਲੜੋਗੇ? ਚੱਲੋ ਆਓ, ਸਾਰੇ ਰਲ ਕੇ ਭੰਗੜਾ ਪਾਈਏ ਤੇ ਖੁਸ਼ੀਆਂ ਮਨਾਈਏ।’ ਇਹ ਕਹਿ ਕੇ ਉਹ ਭੰਗੜਾ ਪਾਉਣ ਲੱਗ ਪਏ ‘ਅੱਜ ਮੇਰੇ ਵੀਰ ਦੀ ਸ਼ਾਦੀ ਹੈ ਓ ਅੱਜ ਮੇਰੇ…’ ਤੇ ਅਸੀਂ ਸਰਦੀ ਦੇ ਬਾਵਜੂਦ ਉਨ੍ਹਾਂ ਨੂੰ ਭੰਗੜਾ ਪਾਉਂਦੇ ਦੇਖ ਕੇ ਚਿਹਰਿਆਂ ਤੋਂ ਪਸੀਨਾ ਪੂੰਝ ਰਹੇ ਸਾਂ।