ਗਾਇਬ ਹੋਇਆ ਰਿਸ਼ਤਿਆਂ ਦਾ ਨਿੱਘ

-ਡਾ. ਵਰਿੰਦਰਜੀਤ ਕੌਰ
ਕੋਈ ਵੇਲਾ ਹੁੰਦਾ ਸੀ, ਜਦੋਂ ਆਪਣਿਆਂ ਤੇ ਪਰਾਇਆਂ ਵਿੱਚ ਬਹੁਤਾ ਫਰਕ ਨਹੀਂ ਹੁੰਦਾ ਸੀ। ਲੋਕ ਪੜ੍ਹੇ ਲਿਖੇ ਘੱਟ, ਪਰ ਨੇਕ ਹੁੰਦੇ ਸਨ। ਮਨੁੱਖੀ ਕਦਰਾਂ ਕੀਮਤਾਂ ਦੀ ਉਨ੍ਹਾਂ ਨੂੰ ਜਾਚ ਸੀ। ਉਨ੍ਹਾਂ ਵੇਲਿਆਂ ਵਿੱਚ ਕੋਈ ਹੇਰ ਫੇਰ ਨਹੀਂ ਸੀ ਅਤੇ ਮਨੁੱਖ ਦੂਜਿਆਂ ਦੇ ਨੇੜੇ ਹੋਣਾ ਆਪਣਾ ਹੱਕ ਸਮਝਦਾ ਸੀ। ਕਿਸੇ ਦੇ ਬੂਹੇ ‘ਤੇ ਵੇਲੇ ਕੁਵੇਲੇ ਦਸਤਕ ਦੇਣ ਲੱਗਿਆਂ ਸੋਚਣਾ ਨਹੀਂ ਸੀ ਪੈਂਦਾ। ਲੋਕ ਪੈਸੇ ਦੀ ਥਾਂ ਰਿਸ਼ਤੇ ਕਮਾਉਣ ਵਿੱਚ ਯਕੀਨ ਰੱਖਦੇ ਸਨ, ਜਿਸ ਨਾਲ ਉਨ੍ਹਾਂ ਵੇਲਿਆਂ ਵਿੱਚ ਪਰਵਾਰਾਂ ਵਿੱਚ ਬਰਕਤਾਂ ਹੁੰਦੀਆਂ ਸਨ। ਅਜੋਕੇ ਯੁੱਗ ਵਿੱਚ ਸਾਡੇ ਰਿਸ਼ਤਿਆਂ ਦੀ ਨੁਹਾਰ ਬਦਲ ਗਈ ਹੈ।
ਅੱਜ ਰਿਸ਼ਤੇ ਹੰਡਣਸਾਰ ਨਹੀਂ ਰਹੇ, ਕਿਉਂਕਿ ਰਿਸ਼ਤੇ ਹੰਢਾਉਣ ਦਾ ਸਾਡੇ ਕੋਲ ਸਮਾਂ ਨਹੀਂ ਰਿਹਾ। ਸਾਦੇ ਅਤੇ ਸਾਧਾਰਨ ਲੋਕਾਂ ਦੀ ਸਾਡੀ ਜ਼ਿੰਦਗੀ ਵਿੱਚ ਕੋਈ ਬਹੁਤੀ ਅਹਿਮੀਅਤ ਨਹੀਂ ਰਹੀ। ਰਿਸ਼ਤਿਆਂ ਵਿੱਚੋਂ ਪਿਆਰ ਤੇ ਸਤਿਕਾਰ ਦੀ ਜਗ੍ਹਾ ਸ਼ਿਕਵੇ, ਸ਼ਿਕਾਇਤਾਂ ਤੇ ਨਫਰਤ ਲੈ ਰਹੇ ਹਨ। ਸਾਡੀ ਸੋਚ ਛੋਟੀ ਹੋ ਗਈ ਹੈ ਅਤੇ ਇਸ ਚੋਟੀ ਸੋਚ ਕਰਕੇ ਹੀ ਵੱਡੇ-ਵੱਡੇ ਰਿਸ਼ਤੇ ਕਮਜ਼ੋਰ ਹੋ ਰਹੇ ਹਨ। ਮਨੁੱਖ ਰਿਸ਼ਤੇ ਕਮਾਉਣ ਦੀ ਥਾਂ ਪੈਸਾ ਕਮਾਉਣ ਵਿੱਚ ਲੱਗਾ ਹੋਇਆ ਹੈ ਅਤੇ ਪੈਸੇ ਦੀ ਦੌੜ ਵਿੱਚ ਮਨੁੱਖ ਦੀ ਹਉਮੈ ਉਸ ਦੇ ਕਿਰਦਾਰ ਉਪਰ ਹਾਵੀ ਹੁੰਦੀ ਜਾਂਦੀ ਹੈ। ਵੱਡੇ-ਵੱਡੇ ਮਕਾਨਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਘਰਾਂ ਦੀ ਪਰਿਭਾਸ਼ਾ ਬਦਲਦੀ ਜਾ ਰਹੀ ਹੈ। ਡਿਗਰੀਆਂ ਹਾਸਲ ਕਰਕੇ ਅਸੀਂ ਨੈਤਿਕ ਕਦਰਾਂ ਕੀਮਤਾਂ ਭੁੱਲਦੇ ਜਾ ਰਹੇ ਹਾਂ। ਸੋਚਣ ਵਾਲੀ ਗੱਲ ਹੈ ਕਿ ਅੱਜ ਕਿੰਨੇ ਕੁ ਲੋਕ ਅਜਿਹੇ ਹਨ ਜਿਨ੍ਹਾਂ ਨਾਲ ਅਸੀਂ ਬਿਨਾਂ ਸੰਕੋਚ ਗੱਲਬਾਤ ਕਰ ਸਕਦੇ ਹਾਂ ਜਾਂ ਜਿਨ੍ਹਾਂ ਦੇ ਘਰ ਅਸੀਂ ਬਿਨਾਂ ਦੱਸਿਆ ਵੇਲੇ ਕੁਵੇਲੇ ਜਾ ਸਕਦੇ ਹਾਂ। ਅੱਜ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਮਨੁੱਖ ਆਪਣੇ ਆਪ ਨੂੰ ਖੁਸ਼ ਤੇ ਰੱਜਿਆ ਹੋਇਆ ਮਹਿਸੂਸ ਕਿਉਂ ਨਹੀਂ ਕਰ ਰਿਹਾ? ਅੱਜ ਰਿਸ਼ਤਿਆਂ ਦੀਆਂ ਤੰਦਾਂ ਕਮਜ਼ੋਰ ਕਿਉਂ ਹੁੰਦੀਆਂ ਜਾ ਰਹੀਆਂ ਹਨ? ਅੱਜ ਦਾ ਮਨੁੱਖ ਰਿਸ਼ਤਿਆਂ ਦਾ ਨਿੱਘ ਕਿਉਂ ਨਹੀਂ ਮਾਣ ਰਿਹਾ?
ਰਿਸ਼ਤੇ ਮੂਲ ਰੂਪ ਵਿੱਚ ਦੋ ਤਰ੍ਹਾਂ ਦੇ ਹੁੰਦੇ ਹਨ। ਪਹਿਲੀ ਤਰ੍ਹਾਂ ਦੇ ਰਿਸ਼ਤੇ ਉਹ ਹੁੰਦੇ ਹਨ ਜਿਹੜੇ ਸਾਨੂੰ ਪਰਮਾਤਮਾ ਤੋਂ ਵਰਦਾਨ ਦੇ ਰੂਪ ਵਿੱਚ ਮਿਲਦੇ ਹਨ। ਇਨ੍ਹਾਂ ਨੂੰ ਅਸੀਂ ਚਾਹ ਕੇ ਵੀ ਬਦਲ ਨਹੀਂ ਸਕਦੇ, ਜਿਵੇਂ ਸਾਡਾ ਆਪਣੇ ਮਾਂ ਬਾਪ, ਭੈਣ ਭਰਾਵਾਂ ਅਤੇ ਬੱਚਿਆਂ ਨਾਲ ਰਿਸ਼ਤਾ। ਇਨ੍ਹਾਂ ਰਿਸ਼ਤਿਆਂ ਨੂੰ ਮਿਲਾ ਕੇ ਸਾਡਾ ਪਰਵਾਰ ਬਣਦਾ ਹੈ। ਪਰਵਾਰ ਮਹਿਸੂਸ ਕਰਨ ਵਾਲਾ ਸੰਕਲਪ ਹੈ। ਆਪਣੇ ਪਰਵਾਰਕ ਰਿਸ਼ਤਿਆਂ ਲਈ ਸਾਨੂੰ ਆਪਣੇ ਆਪ ਜਾਂ ਰੱਬ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਹੋਣਾ ਚਾਹੀਦਾ। ਜੇ ਅਸੀਂ ਅਜਿਹਾ ਕਰਦੇ ਹਾਂ ਤਾਂ ਅਸੀਂ ਕੁਦਰਤ ਦੇ ਉਲਟ ਹੋਣ ਦਾ ਸਬੂਤ ਦੇ ਰਹੇ ਹਾਂ। ਜਿੰਨਾ ਵੱਧ ਅਸੀਂ ਕੁਦਰਤ ਦੇ ਉਲਟ ਜਾਵਾਂਗੇ, ਓਨਾ ਹੀ ਪ੍ਰਮਾਤਮਾ ਤੋਂ ਦੂਰ ਹੁੰਦੇ ਜਾਵਾਂਗੇ। ਇਸ ਦੇ ਉਲਟ ਦੂਜੀ ਤਰ੍ਹਾਂ ਦੇ ਰਿਸ਼ਤੇ ਉਹ ਹੁੰਦੇ ਹਨ, ਜਿਨ੍ਹਾਂ ਨੂੰ ਸਿਰਜਣਾ ਕਿਸੇ ਹੱਦ ਤੱਕ ਸਾਡੇ ਆਪਣੇ ਹੱਥ ਵਿੱਚ ਹੁੰਦਾ ਹੈ। ਜਿਵੇਂ ਦੋਸਤ ਬਣਾਉਣਾ ਅਤੇ ਆਪਣਾ ਜੀਵਨ ਸਾਥੀ ਚੁਣਨਾ ਸਾਡੇ ਆਪਣੇ ਉਪਰ ਨਿਰਭਰ ਕਰਦਾ ਹੈ। ਚੰਗੇ ਦੋਸਤ ਅਤੇ ਚੰਗਾ ਜੀਵਨ ਸਾਥੀ ਸਾਡੀ ਜ਼ਿੰਦਗੀ ਵਿੱਚ ਰਸ ਘੋਲ ਦਿੰਦੇ ਹਨ। ਇਨ੍ਹਾਂ ਦੇ ਹੋਣ ਦਾ ਅਹਿਸਾਸ ਸਾਨੂੰ ਇਕ ਅੰਦਰੂਨੀ ਤਸੱਲੀ ਬਖਸ਼ਦਾ ਹੈ। ਦੋਵਾਂ ਤਰ੍ਹਾਂ ਦੇ ਰਿਸ਼ਤੇ ਪਿਆਰ, ਮੋਹ, ਸਹਿਜ ਅਤੇ ਸਹਿਯੋਗ ਨਾਲ ਬਣਦੇ ਹਨ। ਜਿੰਨੀ ਜ਼ਿਆਦਾ ਇਨ੍ਹਾਂ ਰਿਸ਼ਤਿਆਂ ਵਿੱਚ ਸਹਿਜਤਾ ਹੋਵੇਗੀ, ਓਨੀ ਹੀ ਇਨ੍ਹਾਂ ਰਿਸ਼ਤਿਆਂ ਦੀ ਉਮਰ ਲੰਬੀ ਮਾਣਯੋਗ ਹੋਵੇਗੀ। ਲੋੜ ਹੈ ਇਨ੍ਹਾਂ ਰਿਸ਼ਤਿਆਂ ਨੂੰ ਬਣਦਾ ਪਿਆਰ ਅਤੇ ਸਤਿਕਾਰ ਦਿੱਤਾ ਜਾਵੇ ਅਤੇ ਆਪਣੇ ਵੱਲੋਂ ਪੂਰੀ ਇਮਾਨਦਾਰੀ ਨਾਲ ਨਿਭਾਇਆ ਜਾਵੇ।
ਜ਼ਿੰਦਗੀ ਵਿੱਚ ਸਾਨੂੰ ਚੰਗੇ ਮਾੜੇ ਹਰ ਤਰ੍ਹਾਂ ਦੇ ਲੋਕ ਮਿਲਦੇ ਹਨ। ਅਸੀਂ ਸਾਰੀ ਉਮਰ ਜ਼ਿੰਦਗੀ ਨਾਲ ਲੜਦੇ ਰਹਿੰਦੇ ਹਾਂ, ਗਿਲੇ ਸ਼ਿਕਵੇ ਕਰਦੇ ਹਾਂ, ਪੈਸੇ ਪਿੱਛੇ ਭੱਜਦੇ ਰਹਿੰਦੇ ਹਾਂ ਅਤੇ ਕਈ ਵਾਰ ਕੁਝ ਗਲਤਫਹਿਮੀਆਂ ਅਤੇ ਆਪਣੀ ਹਉਮੈ ਕਰਕੇ ਬੇਸ਼ੁਮਾਰ ਕੀਮਤੀ ਰਿਸ਼ਤੇ ਵੀ ਤੋੜ ਦਿੰਦੇ ਹਾਂ। ਆਖਰ ਇਹ ਸਭ ਅਸੀਂ ਕਿਸ ਲਈ ਕਰ ਰਹੇ ਹਾਂ? ਕੀ ਜ਼ਿੰਦਗੀ ਦਾ ਮਕਸਦ ਇੰਨਾ ਛੋਟਾ ਹੋ ਗਿਆ ਹੈ? ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਤੇ ਰਿਸ਼ਤਿਆਂ ਨੂੰ ਸਲੀਕੇ ਨਾਲ ਨਿਭਾਉਣ ਲਈ ਸਾਨੂੰ ਕੁਝ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਪਵੇਗਾ।
ਸਾਨੂੰ ਇਹ ਮੰਨਣਾ ਪਵੇਗਾ ਕਿ ਜਿਸ ਪਰਮਾਤਮਾ ਨੇ ਸਾਨੂੰ ਇਸ ਦੁਨੀਆ ਵਿੱਚ ਭੇਜਿਆ ਹੈ ਉਸ ਨੂੰ ਸਾਡਾ ਫਿਕਰ ਹੈ। ਦੂਜਾ ਸਾਨੂੰ ਆਪਣੇ ਅੰਦਰ ਦੂਜਿਆਂ ਨੂੰ ਮੁਆਫ ਕਰਨ ਦੀ ਭਾਵਨਾ ਅਤੇ ਹਿੰਮਤ ਜਗਾਉਣੀ ਪਵੇਗੀ। ਤੀਜਾ ਸਾਨੂੰ ਉਨ੍ਹਾਂ ਰਿਸ਼ਤਿਆਂ ਅਤੇ ਸਥਿਤੀਆਂ ਵਿੱਚੋਂ ਖੁਸ਼ੀ ਲੱਭਣੀ ਪਵੇਗੀ, ਜੋ ਸਾਡੇ ਕੋਲ ਹਨ। ਅਟੱਲ ਸੱਚਾਈ ਹੈ ਕਿ ਦੁੱਖ ਅਤੇ ਸੁੱਖ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਬਰਾਬਰ ਹੁੰਦੇ ਹਨ। ਸਾਨੂੰ ਆਪ ਇਹ ਕੋਸ਼ਿਸ਼ ਕਰਨੀ ਪਵੇਗੀ ਕਿ ਸਾਡੇ ਦੁੱਖ ਸਾਡੇ ਸੁੱਖਾਂ ਉਪਰ ਹਾਵੀ ਨਾ ਹੋਣ। ਸਮੇਂ ਦੀ ਮੰਗ ਹੈ ਕਿ ਅਸੀਂ ਆਪ ਉਚੀਆਂ ਕਦਰਾਂ ਕੀਮਤਾਂ ਦੇ ਧਾਰਨੀ ਬਣੀਏ ਕਿਉਂਕਿ ਜਿਸ ਸਮਾਜ ਵਿੱਚ ਮਾਪੇ ਉਚੀਆਂ ਕਦਰਾਂ ਕੀਮਤਾਂ ਦੇ ਧਾਰਨੀ ਹੋਣਗੇ, ਉਸ ਸਮਾਜ ਦੇ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਦੇ ਲੈਕਚਰ ਸੁਣਨ ਦੀ ਲੋੜ ਨਹੀਂ ਪਵੇਗੀ। ਆਪਣੇ ਆਪ ਨੂੰ ਝੂਠ, ਬੇਇਮਾਨੀ, ਦਿਖਾਵੇ, ਸ਼ਿਕਾਇਤਾਂ ਅਤੇ ਨਫਰਤ ਤੋਂ ਦੂਰ ਰੱਖ ਕੇ ਸੱਚ, ਇਮਾਨਦਾਰੀ, ਸਬਰ ਤੇ ਖਿਮਾ ਦਾ ਪੱਲਾ ਫੜੀਏ। ਨੇਕ ਬੰਦਿਆਂ ਦੀ ਸੰਗਤ ਕਰੀਏ ਅਤੇ ਚੰਗੀਆਂ ਪੁਸਤਕਾਂ ਨਾਲ ਰੂਹ ਨੂੰ ਸ਼ਿੰਗਾਰਦੇ ਰਹੀਏ। ਆਪਣੇ ਬੱਚਿਆਂ ਦੀਆਂ ਵਸਤਾਂ ਪ੍ਰਤੀ ਖਾਹਿਸ਼ਾਂ ਘਟਾ ਕੇ ਉਨ੍ਹਾਂ ਵਿੱਚ ਉਸਾਰੂ ਕਦਰਾਂ ਕੀਮਤਾਂ ਉਪਜਾਈਏ। ਬੱਚਿਆਂ ਲਈ ਪੈਸਾ ਜੋੜਨ ਦੀ ਬਜਾਏ ਅਸੀਂ ਉਨ੍ਹਾਂ ਨੂੰ ਇੰਨੇ ਲਾਇਕ ਅਤੇ ਕਾਬਲ ਬਣਾਈਏ ਕਿ ਉਹ ਆਪਣੀਆਂ ਜ਼ਰੂਰਤਾਂ ਆਪ ਪੂਰੀਆਂ ਕਰ ਸਕਣ। ਪੈਸਾ ਕਮਾਉਣ ਦੀ ਬਜਾਏ ਨੇਕ, ਸੁਚੇਤ ਤੇ ਸ਼ਕਤੀਸ਼ਾਲੀ ਰਿਸ਼ਤੇ ਸਿਰਜੀਏ ਅਤੇ ਆਪਣੇ ਬੱਚਿਆਂ ਨੂੰ ਰਿਸ਼ਤਿਆਂ ਦੀ ਅਹਿਮੀਅਤ ਸਮਝਾਈਏ। ਜਿਥੇ ਰਿਸ਼ਤੇ ਪਿਆਰ ਅਤੇ ਅਪਣੱਤ ਵਾਲੇ ਹੋਣਗੇ, ਉਥੇ ਦੁੱਖ ਸੁੱਖਾਂ ਵਿੱਚ ਬਦਲ ਜਾਣਗੇ। ਇਨ੍ਹਾਂ ਨਿੱਕੇ-ਨਿੱਕੇ ਯਤਨਾਂ ਸਦਕਾ ਅਸੀਂ ਇਕ ਚੰਗੇ ਅਤੇ ਉਸਾਰੂ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਦੇ ਸਕਦੇ ਹਾਂ।