ਗਾਇਕ ਪਰਮੀਸ਼ ਵਰਮਾ ਨੂੰ ਮਿਲੀ ਸੀ 25 ਲੱਖ ਰੁਪਏ ਦੀ ਫਿਰੌਤੀ ਦੀ ਧਮਕੀ


ਚੰਡੀਗੜ੍ਹ, 16 ਅਪ੍ਰੈਲ (ਪੋਸਟ ਬਿਊਰੋ)- ਗਾਇਕ ਤੇ ਐਕਟਰ ਪਰਮੀਸ਼ ਵਰਮਾ ‘ਤੇ ਗੋਲੀ ਦੀ ਘਟਨਾ ਬਾਰੇ ਪਤਾ ਲੱਗਾ ਹੈ ਕਿ ਉਹ ਅਜੈ ਦੇਵਗਨ ਦੀ ਸੁਪਰਹਿੱਟ ਫਿਲਮ ‘ਸਿੰਘਮ’ ਦਾ ਸੀਕਵੈਂਸ ਪੰਜਾਬੀ ਵਿਚ ਬਣਾਉਣ ਜਾ ਰਹੇ ਸਨ। ਇਸ ਬਾਰੇ ਵਿੱਚ ਉਨ੍ਹਾਂ ਦਾ ਸਮਝੌਤਾ ਹੋ ਚੁੱਕਾ ਹੈ ਅਤੇ ਫਿਲਮ ਨੂੰ ਪ੍ਰੋਡਿਊਸ ਅਜੈ ਦੇਵਗਨ ਨੇ ਕਰਨਾ ਅਤੇ ਪਰਮੀਸ਼ ਵਰਮਾ ਲੀਡ ਰੋਲ ਕਰਨ ਵਾਲੇ ਸਨ। ਇਸ ਫਿਲਮ ਬਾਰੇ ਖਬਰਾਂ ਸੋਸ਼ਲ ਮੀਡੀਆ ਵਿੱਚ ਵਾਇਰਲ ਹੋਈਆਂ। ਫਿਲਮ ਦਾ ਹਿੱਟ ਹੋਣਾ ਲਗਭਗ ਤੈਅ ਮੰਨਿਆ ਜਾ ਰਿਹਾ ਸੀ, ਇਸ ਲਈ ਸੂਤਰਾਂ ਮੁਤਾਬਕ ਉਸ ਦੇ ਬਾਅਦ ਤੋਂ ਪਰਮੀਸ਼ ਵਰਮਾ ਨੂੰ ਲਗਾਤਾਰ ਫਿਰੌਤੀ ਦੇ ਲਈ ਧਮਕੀਆਂ ਮਿਲ ਰਹੀਆਂ ਸਨ। ਉਸ ਤੋਂ ਗੈਂਗ 25 ਲੱਖ ਦੀ ਫਿਰੌਤੀ ਮੰਗ ਰਿਹਾ ਸੀ।
ਜਾਣਕਾਰ ਸੂਤਰਾਂ ਮੁਤਾਬਕ ਇੱਕ ਵੱਡੇ ਪੁਲਸ ਅਧਿਕਾਰੀ ਨੂੰ ਵਾਰਦਾਤ ਤੋਂ ਕਈ ਦਿਨ ਪਹਿਲਾਂ ਪਰਮੀਸ਼ ਨੇ ਇਸ ਦੀ ਜਾਣਕਾਰੀ ਦਿੱਤੀ ਤਾਂ ਉਸ ਨੂੰ ਕਿਹਾ ਗਿਆ ਕਿ ਇਹ ਸੰਪਤ ਨਹਿਰਾ ਗੈਂਗ ਹੋ ਸਕਦਾ ਹੈ ਤੇ ਇਸ ਨੂੰ ਛੇਤੀ ਫੜ ਲਿਆ ਜਾਏਗਾ, ਪਰ ਅਜਿਹਾ ਨਹੀਂ ਹੋਇਆ ਅਤੇ ਫਿਰੌਤੀ ਨਾ ਮਿਲਣ ਦੇ ਕਾਰਨ ਹੀ ਪਰਮੀਸ਼ ‘ਤੇ ਹਮਲਾ ਹੋਇਆ। ਦੋਸ਼ੀਆਂ ਨੇ ਜਾਣਬੁੱਝ ਕੇ ਪਰਮੀਸ਼ ਦੇ ਪੈਰ ਉੱਤੇ ਗੋਲੀ ਮਾਰੀ ਤਾਂ ਕਿ ਬਾਕੀ ਗਾਇਕਾਂ ਵਿੱਚ ਵੀ ਡਰ ਪੈਦਾ ਹੋ ਸਕੇ। ਸਿਰਫ ਪਰਮੀਸ਼ ਹੀ ਨਹੀਂ, ਪਰਮੀਸ਼ ਦੇ ਨਾਲ ਆਪਣਾ ਕਰੀਅਰ ਸ਼ੁਰੂ ਕਰ ਕੇ ਹਿੱਟ ਹੋਣ ਵਾਲੀ ਇੱਕ ਪੰਜਾਬੀ ਗਾਇਕਾ ਨੂੰ ਵੀ ਫਿਰੌਤੀ ਲਈ ਧਮਕੀਆਂ ਮਿਲ ਰਹੀਆਂ ਹਨ। ਸ਼ੱਕ ਹੈ ਕਿ ਇਸ ਹਮਲੇ ਦੇ ਬਾਅਦ ਤੋਂ ਪੰਜਾਬੀ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਵਿੱਚ ਫਿਰੌਤੀ ਦੇਣ ਦਾ ਸਿਲਸਿਲਾ ਸ਼ੁਰੂ ਹੋ ਸਕਦਾ ਹੈ।