ਗਾਂਜਾ ਪੀ ਕੇ ਮੈਚ ਖੇਡਣ ਕਾਰਨ ਪਾਕਿ ਕ੍ਰਿਕਟਰ ਅਹਿਮਦ ਸ਼ਹਿਜ਼ਾਦ ਫਸ ਗਿਆ

ਲਾਹੌਰ, 11 ਜੁਲਾਈ (ਪੋਸਟ ਬਿਊਰੋ)- ਪਾਕਿਸਤਾਨੀ ਕ੍ਰਿਕਟ ਟੀਮ ਦੇ ਓਪਨਰ ਅਹਿਮਦ ਸ਼ਹਿਜ਼ਾਦ ਦਾ ਡੋਪ ਟੈਸਟ ਪਾਜ਼ੀਟਿਵ ਪਾਇਆ ਗਿਆ ਹੈ। ਡੋਪ ਟੈਸਟ ਦੀ ਰਿਪੋਰਟ ਮਿਲਣ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ (ਪੀ ਸੀ ਬੀ) ਇਸ ਮਾਮਲੇ ਵਿੱਚ ਇਹ ਰਿਪੋਰਟ ਚਾਰਜਸ਼ੀਟ ਪੈਨਲ ਨੂੰ ਸੌਂਪੇਗਾ। ਇਸ ਤੋਂ ਬਾਅਦ ਪੈਨਲ ਪਾਕਿਸਤਾਨੀ ਕ੍ਰਿਕਟਰ ‘ਤੇ ਨਸ਼ੀਲੇ ਪਦਾਰਥ ਦਾ ਸੇਵਨ ਕਰਨ ਦੇ ਜੁਰਮ ‘ਚ ਸਜ਼ਾ ਨਿਰਧਾਰਤ ਕਰੇਗਾ।
ਪੀ ਸੀ ਬੀ ਵੱਲੋਂ ਸੋਸ਼ਲ ਮੀਡੀਆ ‘ਤੇ ਇਸ ਗੱਲ ਦੀ ਜਾਣਕਾਰੀ ਜਨਤਕ ਕੀਤੀ ਗਈ ਹੈ ਕਿ ਅਹਿਮਦ ਸ਼ਹਿਜ਼ਾਦ ਨੂੰ ਡੋਪ ਟੈਸਟ ਵਿੱਚ ਪਾਜ਼ੀਟਿਵ ਪਾਇਆ ਗਿਆ ਹੈ। ਅਹਿਮਦ ਸ਼ਹਿਜ਼ਾਦ ਉਤੇ ਗਾਂਜਾ ਪੀਣ ਦਾ ਦੋਸ਼ ਲੱਗਾ। ਡੋਪਿੰਗ ਰੋਕੂ ਕਾਨੂੰਨਾਂ ਦੇ ਉਲੰਘਣ ਕਰਨ ਉੱਤੇ ਉਨ੍ਹਾਂ ‘ਤੇ ਤਿੰਨ ਤੋਂ ਛੇ ਮਹੀਨੇ ਲਈ ਪਾਬੰਦੀ ਲੱਗ ਸਕਦੀ ਹੈ। ਪੀ ਸੀ ਬੀ ਦੇ ਅਧਿਕਾਰੀ ਨੇ ਟਵਿਟਰ ‘ਤੇ ਲਿਖਿਆ ਕਿ ਡੋਪਿੰਗ ਕੇਸ ‘ਤੇ ਇਕ ਆਜ਼ਾਦ ਰਿਵਿਊ ਬੋਰਡ ਦੀ ਰਿਪੋਰਟ ਪੀ ਸੀ ਬੀ ਨੂੰ ਹਾਸਲ ਹੋਈ ਹੈ। ਕ੍ਰਿਕਟਰ ਅਹਿਮਜ ਸ਼ਹਿਜ਼ਾਦ ਨੂੰ ਡੋਪਿੰਗ ਵਿੱਚ ਪਾਜ਼ੀਟਿਵ ਪਾਇਆ ਗਿਆ ਹੈ। 26 ਸਾਲ ਦੇ ਸ਼ਹਿਜ਼ਾਦ ਪਿਛਲੇ ਦਿਨੀਂ ਸਕਾਟਲੈਂਡ ਖਿਲਾਫ ਟੀ-20 ਮੁਕਾਬਲਿਆਂ ਵਿੱਚ ਖੇਡਣ ਗਏ ਸਨ। ਜੂਨ ਵਿੱਚ ਸ਼ਹਿਜ਼ਾਦ ਦਾ ਟੈਸਟ ਪਾਕਿਸਤਾਨ ਦੇ ਘਰੇਲੂ ਟੂਰਨਾਮੈਂਟ ਪਾਕਿਸਤਾਨ ਕੱਪ ਵੇਲੇ ਲਿਆ ਗਿਆ ਸੀ। ਇਥੇ ਉਨ੍ਹਾਂ ਨੇ ਖੈਬਰ ਪਖਤੂਨਖਵਾ ਵੱਲੋਂ ਮੈਚ ਖੇਡਿਆ ਸੀ।