ਗਲਾਸਗੋ ਸਕੂਲ ਆਫ ਆਰਟ ਦੀ ਇਮਾਰਤ ਅੱਗ ਨਾਲ ਤਬਾਹ


ਲੰਡਨ, 17 ਜੂਨ (ਪੋਸਟ ਬਿਊਰੋ)- ਸਕਾਟਲੈਂਡ ਦੇ ਗਲਾਸਗੋ ਵਿੱਚ ਸਕੂਲ ਆਫ ਆਰਟ ਦੀ ਇਮਾਰਤ ਨੂੰ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋਇਆ ਹੈ। ਖਬਰਾਂ ਮੁਤਾਬਕ ਸ਼ੁੱਕਰਵਾਰ ਰਾਤ 11.20 ਵਜੇ ਅੱਗ ਮੈਕੀਟੋਸ਼ ਇਮਾਰਤ ਤੋਂ ਸਕੂਲ ਆਫ ਆਰਟ ਦੀ ਇਮਾਰਤ ਤੱਕ ਜਾ ਪੁੱਜੀ। ਇਸ ਨਾਲ ਆਲੇ-ਦੁਆਲੇ ਦੀਆਂ ਇਮਾਰਤਾਂ ਵੀ ਪ੍ਰਭਾਵਤ ਹੋਈਆਂ। ਫਾਇਰ ਬ੍ਰਿਗੇਡ ਅਤੇ ਬਚਾਅ ਅਧਿਕਾਰੀਆਂ ਨੇ ਕਿਹਾ ਕਿ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਜਾਣਕਾਰੀ ਨਹੀਂ ਮਿਲੀ।
ਵਰਨਣ ਯੋਗ ਹੈ ਕਿ ਚਾਰਲਸ ਰੈਨੀ ਮੈਕੀਟੋਸ਼ ਵੱਲੋਂ ਡਿਜ਼ਾਈਨ ਕੀਤੀ ਗਈ ਸਕੂਲ ਆਫ ਆਰਟ ਦੀ ਇਮਾਰਤ ਗਲਾਸਗੋ ਵਿੱਚ ਇਮਾਰਤ ਕਲਾ ਦੀ ਮਹੱਤਵਪੂਰਨ ਇਮਾਰਤ ਦਾ ਨਮੂਨਾ ਸੀ। ਇਥੇ ਚਾਰ ਸਾਲ ਪਹਿਲਾਂ ਵੀ ਭਿਆਨਕ ਅੱਗ ਲੱਗੀ ਸੀ। ਸੂਤਰਾਂ ਅਨੁਸਾਰ ਸਕੂਲ ਆਫ ਆਰਟ ਦੀ ਇਮਾਰਤ ਦੀ ਛੱਤ ਤੋਂ ਅੱਗ ਦੀਆਂ ਲਪਟਾਂ ਅਤੇ ਧੂੰਆਂ ਨਿਕਲ ਰਿਹਾ ਹੈ। ਸਕਾਟਲੈਂਡ ਦੇ ਫਸਟ ਮਨਿਸਟਰ ਨਿਕੋਲਾ ਸਟਰੂਜੇਨ ਨੇ ਅੱਗ ਲੱਗਣ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।