ਗਲਫ ਕੰਟਰੀ ਜਾਏਗੀ ‘ਪਦਮਾਵਤੀ’

bhansali
ਸੰਜੇ ਲੀਲਾ ਬੰਸਾਲੀ ਦੀ ਇੱਕ ਟੀਮ ਪਿਛਲੇ ਦਿਨੀਂ ਗਲਫ ਕੰਟਰੀਜ਼ ਵਿੱਚ ਰੇਕੀ ਕਰ ਰਹੀ ਸੀ। ਸੂਤਰਾਂ ਦੀ ਮੰਨੀਏ ਤਾਂ ਕੁਝ ਅਜਿਹੀਆਂ ਲੋਕੇਸ਼ਨਾਂ ਲੱਭੀਆਂ ਗਈਆਂ ਹਨ, ਜਿੱਥੇ ਰਾਜਸਥਾਨੀ ਮਹਿਲਾਂ ਦੇ ਲੁਕ ਦਿੱਤੇ ਜਾ ਸਕਦੇ ਹਨ ਅਤੇ ਰੇਗਿਸਤਾਨ ਤਾਂ ਹੈ ਹੀ। ਫਿਲਮ ਦੀ ਲੋਕੇਸ਼ਨ ਅਤੇ ਬੈਕਗਰਾਊਂਡ ਵਿੱਚ ਜ਼ਿਆਦਾ ਪ੍ਰਫੈਕਸ਼ਨ ਰੱਖਣ ਵਾਲੇ ਨਿਰਦੇਸ਼ਕ ਭੰਸਾਲੀ ਨੂੰ ਵੀ ਇਹ ਜਗ੍ਹਾ ਪਸੰਦ ਆ ਗਈ ਹੈ। ਖਾਸ ਤੌਰ ‘ਤੇ ਇਨ੍ਹਾਂ ਲੋਕੇਸ਼ਨਾਂ ਨੂੰ ਸੁਰੱਖਿਆ ਦੇ ਨਜ਼ਰੀਏ ਤੋਂ ਵੀ ਬਿਹਤਰ ਮੰਨਿਆ ਜਾ ਰਿਹਾ ਹੈ।
ਗੌਰਤਲਬ ਹੈ ਕਿ ਰਾਜਸਥਾਨ ਵਿੱਚ ਸ਼ੂਟਿੰਗ ਦੌਰਾਨ ਰਾਜਪੂਤ ਕਰਣੀ ਸੈਨਾ ਨੇ ਭੰਸਾਲੀ ‘ਤੇ ਫਿਲਮ ਵਿੱਚ ਤੱਥਾਂ ਨੂੰ ਤੋੜ-ਮਰੋੜ ‘ਤੇ ਦਿਖਾਉਣ ਦਾ ਦੋਸ਼ ਲਾਇਆ ਸੀ ਤੇ ਇਸ ਦੌਰਾਨ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਸੀ। ਇਸ ਦੇ ਕੁਝ ਦਿਨ ਪਿੱਛੋਂ ਭੰਸਾਲੀ ਟੀਮ ਵੱਲੋਂ ਗੁਜਰਾਤ ਵਿੱਚ ਲੋਕੇਸ਼ਨ ਲੱਭਣ ਦੀ ਖਬਰ ਕਰਣੀ ਸੈਨਾ ਨੂੰ ਮਿਲ ਗਈ। ਭੰਸਾਲੀ ਦੀ ਟੀਮ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਫਿਲਮ ਦੇ ਤੱਥਾਂ ਨਾਲ ਛੇੜਛਾੜ ਨਾ ਕਰਨ ਦੀ ਗੱਲ ਪਹਿਲਾਂ ਹੀ ਕਹੀ ਜਾ ਚੁੱਕੀ ਹੈ, ਫਿਰ ਵੀ ਕਰਣੀ ਸੈਨਾ ਫਿਲਮ ਪੂਰੀ ਹੋਣ ਤੱਕ ਦਾ ਇੰਤਜ਼ਾਰ ਨਹੀਂ ਕਰ ਰਹੀ।
ਸੂਤਰ ਦੱਸਦੇ ਹਨ ਕਿ ਗਲਫ ਕੰਟਰੀਜ਼ ਵਿੱਚ ਸ਼ੂਟਿੰਗ ਦੇ ਲਈ ਨਿਰਮਾਤਾ ਸਟੂਡੀਓ ਵਾਇਆਕਾਮ ਰਾਜ਼ੀ ਨਹੀਂ ਹੈ। ਫਿਲਮ ਨਿਰਮਾਣ ਦੇ 150 ਕਰੋੜ ਦੇ ਵੱਡੇ ਬਜਟ ਵਿੱਚ 20 ਕਰੋੜ ਦਾ ਹੋਰ ਵਾਧਾ ਹੋ ਜਾਏਗਾ। ਵਾਇਆਕਾਮ 18 ਸਟੂਡੀਓ ਨਿਰਮਾਣ ਦੇ ਬਜਟ ਨੂੰ ਨਹੀਂ ਵਧਾਉਣਾ ਚਾਹੁੰਦਾ, ਇਸ ਲਈ ਸਟੂਡੀਓ ਗਲਫ ਕੰਟਰੀਜ਼ ਦੇ ਲਈ ਸਹਿਮਤੀ ਨਹੀਂ ਦੇ ਰਿਹਾ। ਰੀਅਲ ਲੋਕੇਸ਼ਨਾਂ ‘ਤੇ ਜਾਣ ਵਾਲੇ ਭੰਸਾਲੀ ਫਿਲਮ ਨੂੰ ਮੁੰਬਈ ਦੇ ਸਟੂਡੀਓਜ਼ ਵਿੱਚ ਸ਼ੂਟ ਕਰਨ ਲਈ ਤਿਆਰ ਨਹੀਂ ਹਨ। ਫਿਲਹਾਲ ਇਸ ‘ਤੇ ਵਿਚਾਰ ਅਤੇ ਗੱਲਬਾਤ ਦੇ ਦੌਰ ਜਾਰੀ ਹਨ, ਅਗਲੇ ਕੁਝ ਦਿਨਾਂ ਵਿੱਚ ਪੂਰੀ ਸਥਿਤੀ ਸਾਹਮਣੇ ਆ ਜਾਏਗੀ।