ਗਲਤ ਹੈ ਟੋਰੀ, ਫੋਰਡ ਅਤੇ ਟਰੂਡੋ ਦਰਮਿਆਨ ਪਿਆ ਰੱਫੜ

 

ਟੋਰਾਂਟੋ ਵਿੱਚ ਵਿੱਦਿਆਰਥੀਆਂ ਦੇ ਨਿਵਾਸ ਲਈ ਹੰਬਰ ਕਾਲਜ ਅਤੇ ਸੈਂਟੇਨੀਅਲ ਕਾਲਜਾਂ ਵਿੱਚ ਬਣੀਆਂ ਡੌਰਮਿਟਰੀਆਂ ਵਿੱਚ ਅੱਜ ਕੱਲ ਤਿਲ ਸੁੱਟਣ ਨੂੰ ਵੀ ਥਾਂ ਨਹੀਂ ਹੈ। ਕਾਰਣ ਇਹ ਕਿ ਸਿਟੀ ਅਧਿਕਾਰੀਆਂ ਨੇ ਇਹਨਾਂ ਵਿੱਚ ਅਮਰੀਕਾ ਤੋਂ ਬਰਾਸਤਾ ਮਾਂਟਰੀਅਲ ਆਉਣ ਵਾਲੇ ਰਿਫਿਊਜੀਆਂ ਨੂੰ ਠਹਿਰਾਇਆ ਹੈ। ਕਾਲਜਾਂ ਦੇ ਦੁਬਾਰਾ ਖੁੱਲਣ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਪਰ ਅਧਿਕਾਰੀਆਂ ਕੋਲ ਕੋਈ ਰਣਨੀਤੀ ਨਹੀਂ ਕਿ ਉਹ ਕੀ ਕਰਨ। ਕਾਲਜਾਂ ਵਿੱਚ ਰਿਹਾਇਸ਼ ਦੀ ਸਥਿਤੀ ਨੂੰ ਸੰਦਰਭ ਬਣਾ ਕੇ ਕੁੱਝ ਸਥਿਤੀਆਂ ਸਾਹਮਣੇ ਆਉਂਦੀਆਂ ਹਨ ਜਿਹਨਾਂ ਦਾ ਸੰੰਖੇਪ ਵਿੱਚ ਜਿ਼ਕਰ ਕਰਨਾ ਬਣਦਾ ਹੈ।

ਜੂਨ ਮਹੀਨੇ ਦੇ ਅੰਤ ਤੱਕ ਇੱਕਲੇ ਟੋਰਾਂਟੋ ਵਿੱਚ 3304 ਰਿਫਿਊਜੀ ਕਲੇਮੈਂਟਾਂ ਨੇ ਸ਼ੈਲਟਰ ਹੋਮਾਂ ਵਿੱਚ ਰਹਿਣਾ ਆਰੰਭ ਕਰ ਦਿੱਤਾ ਹੈ। ਹੰਬਰ ਅਤੇ ਸੈਂਟੇਨੀਅਲ ਕਾਲਜਾਂ ਦੀ ਵਾਰੀ ਤਾਂ ਹੋਰ ਵਿਕਲਪ ਖਤਮ ਹੋਣ ਤੋਂ ਬਾਅਦ ਆਈ ਹੈ। ਅੱਧੇ ਤੋਂ ਵੱਧ ਰਿਫਿਊਜੀ ਹੋਟਲਾਂ ਅਤੇ ਕਾਲਜਾਂ ਵਿੱਚ ਰਹਿ ਰਹੇ ਹਨ। ਅਮਰੀਕਾ ਤੋਂ ਟੋਰਾਂਟੋ ਆਈ ਰਫਿਊਜੀਆਂ ਦੀ ਨਵੀਂ ਫੌਜ ਵਿੱਚ 85% ਨਾਈਜੀਰੀਆ ਤੋਂ ਹਨ ਜਿਸ ਕਾਰਣ ਟੋਰਾਂਟੋ ਵਿੱਚ ਇੱਕ ਨਿਵੇਕਲੀ ਕਮਿਉਨਿਟੀ ਸਿਰਜੀ ਜਾ ਰਹੀ ਹੈ। 800 ਬਾਲਗ ਅਤੇ ਬੱਚੇ ਅਜਿਹੇ ਹਨ ਜਿਹਨਾਂ ਕੋਲ 9 ਅਗਸਤ ਤੋਂ ਬਾਅਦ ਸਿਰ ਲੁਕਾਉਣ ਲਈ ਥਾਂ ਨਹੀਂ ਹੋਵੇਗੀ ਅਤੇ ਹੋਰ ਵੱਡੀ ਗਿਣਤੀ ਵਿੱਚ ਸ਼ਰਨਾਰਥੀਆਂ ਦਾ ਆਉਣਾ ਜਾਰੀ ਹੈ।

ਨਵੇਂ ਚੁਣੇ ਪ੍ਰੀਮੀਅਰ ਡੱਗ ਫੋਰਡ ਨੇ ਆਪਣੀ ਵਜ਼ਾਰਤ ਕਾਇਮ ਕਰਨ ਵੇਲੇ ਲੰਬੇ ਸਮੇਂ ਤੋਂ ਉਂਟੇਰੀਓ ਵਿੱਚ ਆ ਰਹੇ ਪਰਵਾਸੀਆਂ ਦੇ ਮਸਲਿਆਂ ਨਾਲ ਨਜਿੱਠਣ ਵਾਲੇ ਮੰਤਰਾਲੇ ਸਿਟੀਜ਼ਨਸਿ਼ੱਪ ਅਤੇ ਇੰਮੀਗਰੇਸ਼ਨ ਦਾ ਭੋਗ ਪਾ ਦਿੱਤਾ ਹੈ। ਉਸਨੇ ਇਸ ਮੰਤਰਾਲੇ ਨਾਲ ਸਬੰਧਿਤ ਵੱਖ ਵੱਖ ਕਾਰਜਾਂ ਨੂੰ ਵੱਖੋ ਵੱਖਰੇ ਮੰਤਰਾਲਿਆਂ ਵਿੱਚ ਤਕਸੀਮ ਕਰ ਦਿੱਤਾ ਹੈ ਜਿਸਦਾ ਅਰਥ ਹੈ ਕਿ ਪਰਵਾਸੀਆਂ ਦਾ ਵਿਸ਼ਾ ਸਰਕਾਰ ਲਈ ਅਹਿਮੀਅਤ ਵਾਲਾ ਨਹੀਂ ਰਿਹਾ। ਨਵੇਂ ਪਰਵਾਸੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸੈਟਲਮੈਂਟ ਸੇਵਾਵਾਂ ਨੂੰ ਚਿਲਡਰਨ, ਕਮਿਉਨਿਟੀ ਅਤੇ ਸੋਸ਼ਲ ਸਰਵਿਸਜ਼ ਮਹਿਕਮੇ ਨਾਲ ਜੋੜ ਦਿੱਤਾ ਗਿਆ ਹੈ ਜਦੋਂ ਕਿ ਪ੍ਰੋਵਿੰਸ਼ੀਅਲ ਨੌਮੀਨੀ ਪ੍ਰੋਗਰਾਮ ਨੂੰ ਆਰਥਕ ਵਿਕਾਸ ਅਤੇ ਟਰੇਡ ਮਹਿਕਮੇ ਨਾਲ ਨੱਥੀ ਕਰ ਦਿੱਤਾ ਗਿਆ ਹੈ। ਇਹ ਹੈ ਕੰਜ਼ਰਵੇਟਿਵ ਪਾਰਟੀ ਦਾ ਨਵੇਂ ਆਇਆਂ ਨੂੰ ਉਂਟੇਰੀਓ ਵਿੱਚ ‘ਜੀ ਆਇਆ ਨੂੰ’ ਆਖਣ ਦਾ ਸੰਕੇਤ। ਉਹ ਰਿਫਿਊਜ਼ੀ ਕਲੇਮੈਂਟਾਂ ਨੂੰ ਕਿੱਥੋਂ ਮਦਦ ਕਰਨਗੇ।

ਦੂਜੇ ਪਾਸੇ ਟੋਰਾਂਟੋ ਮੇਅਰ ਜੌਹਨ ਟੋਰੀ ਨੇ ਪੱਤਰ ਲਿਖ ਕੇ ਅਤੇ ਪ੍ਰਧਾਨ ਮੰਤਰੀ ਨਾਲ ਟੋਰਾਂਟੋ ਵਿੱਚ ਨਿੱਜੀ ਮੁਲਾਕਾਤ ਕਰਕੇ ਕਿਹਾ ਹੈ ਕਿ ਫੈਡਰਲ ਸਰਕਾਰ ਨੇ ਮਣਾਂਮੂੰਹੀ ਵਿੱਤੀ ਸਹਾਇਤਾ ਦੇਣੀ ਪਵੇਗੀ। ਬੀਤੇ ਦਿਨੀਂ ਲਿਬਰਲ ਫੈਡਰਲ ਸਰਕਾਰ ਨੇ ਰਿਫਿਊਜੀਆਂ ਦੀ ਮਦਦ ਲਈ ਨੂੰ 11 ਮਿਲੀਅਨ ਡਾਲਰ ਦੇਣਦਾ ਐਲਾਨ ਕੀਤਾ ਸੀ। ਮੇਅਰ ਟੋਰੀ ਮੁਤਾਬਕ ਜੇ 64 ਮਿਲੀਅਨ ਡਾਲਰ ਨਾ ਦਿੱਤੇ ਗਏ ਤਾਂ ਸੰਕਟ ਦਾ ਮਹਾਂ ਸੰਕਟ ਬਣਨਾ ਲਾਜ਼ਮੀ ਹੈ।

ਸਮੱਸਿਆ ਦਾ ਤੀਜਾ ਕੋਣ ਉਂਟੇਰੀਓ ਟੋਰੀ ਸਰਕਾਰ ਦਾ ਫੈਡਰਲ ਲਿਬਰਲ ਸਰਕਾਰ ਨਾਲ ਇੱਟ ਖੱੜਿਕਾ ਲਾਉਣ ਲਈ ਤਿਆਰ-ਬਰ-ਤਿਆਰ ਖੜਾ ਹੋਣਾ ਹੈ। ਬੇਸ਼ੱਕ ਫੈਡਰਲ ਅਤੇ ਉਂਟੇਰੀਓ ਸਰਕਾਰਾਂ ਦਰਮਿਆਨ ਕੈਨੇਡਾ-ਉਂਟੇਰੀਓ ਇੰਮੀਗਰੇਸ਼ਨ ਐਗਰੀਮੈਂਟ (Canada-Ontario Immigration Agreement )  ਬੀਤੇ ਨਵੰਬਰ ਵਿੱਚ ਸਹੀ ਕੀਤਾ ਗਿਆ ਸੀ ਜਿਸ ਮੁਤਾਬਕ ਫੈਡਰਲ ਅਤੇ ਪ੍ਰੋਵਿੰਸ਼ੀਅਲ ਦੋਵੇਂ ਸਰਕਾਰ ਸਾਂਝੇ ਰੂਪ ਵਿੱਚ ਰਿਫਿਊਜੀਆਂ ਲਈ ਸੇਵਾਵਾਂ ਵਾਸਤੇ ਜੁੰਮੇਵਾਰ ਸਨ। ਪਰ ਕੈਥਲਿਨ ਵਿੱਨ ਦੇ ਜਾਣ ਤੋਂ ਬਾਅਦ ‘ਜਿੱਧਰ ਗਈਆਂ ਬੇੜੀਆਂ ਉੱਧਰ ਗਏ ਮੱਲਾਹ’ ਵਾਲੀ ਗੱਲ ਹੋ ਚੁੱਕੀ ਹੈ। ਉਂਟੇਰੀਓ ਦੀ ਮੰਤਰੀ ਲੀਸਾ ਮੈਕਲਾਇਡ ਦਾ ਆਖਣਾ ਹੈ ਕਿ ਅਮਰੀਕਾ ਤੋਂ ਆਉਣ ਵਾਲੇ ਰਿਫਿਊਜੀ 100% ਜਸਟਿਨ ਟਰੂਡੋ ਦੀ ਸਮੱਸਿਆ ਹਨ ਕਿਉਂਕਿ ਉਸਨੇ ਹੀ ਟਵੀਟ ਕਰਕੇ ਇਹਨਾਂ ਨੂੰ ਬੁਲਾਇਆ ਸੀ, ਸੋ ਉਹ ਖੁਦ ਹੀ ਇਹਨਾਂ ਨਾਲ ਸਿੱਝੇ।

ਮੰਤਰੀ ਲੀਸਾ ਮੈਕਲਾਇਡ ਦੀ ਹੀ ਗੱਲ ਪ੍ਰੀਮੀਅਰ ਡੱਗ ਫੋਰਡ ਨੇ ਪ੍ਰਧਾਨ ਮੰਤਰੀ ਟਰੂਡੋ ਨੂੰ ਟੋਰਾਂਟੋ ਵਿੱਚ ਹੋਈ ਮੀਟਿੰਗ ਦੌਰਾਨ ਦੁਹਰਾਈ ਜਿਸਤੋਂ ਬਾਅਦ ਟਰੂਡੋ ਨੇ ਆਖ ਮਾਰਿਆ ਕਿ ਡੱਗ ਫੋਰਡ ਨੂੰ ਕੈਨੇਡਾ ਦੀਆਂ ਅੰਤਰਰਾਸ਼ਟਰੀ ਜੁੰਮੇਵਾਰੀਆਂ ਦਾ ਪਤਾ ਨਹੀਂ। ਪ੍ਰਧਾਨ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਉਸਨੇ ਮੀਟਿੰਗ ਵਿੱਚ ਡੱਗ ਫੋਰਡ ਨੂੰ ਇੰਮੀਗਰੇਸ਼ਨ ਸਿਸਟਮ ਬਾਰੇ ਸਿੱਖਿਆ ਦਿੱਤੀ। ਡੱਗ ਫੋਰਡ ਨੂੰ ਇੰਮੀਗਰੇਸ਼ਨ ਬਾਰੇ ਅਣਜਾਣ ਅਤੇ ਮੂਰਖ ਦਰਸਾ ਕੇ ਪ੍ਰਧਾਨ ਮੰਤਰੀ ਨੇ ਉਂਟੇਰੀਓ ਅਤੇ ਫੈਡਰਲ ਸਰਕਾਰ ਦਰਮਿਆਨ ਪੱਕੀ ਦਰਾੜ ਪਾ ਲਈ ਹੈ। ਡੱਗ ਫੋਰਡ ਉਹਨਾਂ ਸਿਆਸਤਦਾਨਾਂ ਵਿੱਚੋਂ ਨਹੀਂ ਜੋ ਨਿੱਜੀ ਬੇਇੱਜ਼ਤੀ ਨੂੰ ਜਲਦੀ ਕੀਤੇ ਭੁੱਲਣ ਜਾਵੇਗਾ।

ਇਸ ਵਕਤ ਤਿੰਨੇ ਪੱਧਰ ਦੀਆਂ ਸਰਕਾਰਾਂ (ਫੈਡਰਲ, ਪ੍ਰੋਵਿੰਸ਼ੀਅਲ ਅਤੇ ਮਿਉਂਸੀਪਲ) ਇੱਕ ਦੂਜੇ ਉੱਤੇ ਇਲਜਾ਼ਮ ਲਾ ਕੇ ਜੁੰਮੇਵਾਰੀ ਤੋਂ ਹੱਥ ਧੋਂਦੀਆਂ ਵਿਖਾਈ ਦੇ ਰਹੀਆਂ ਹਨ ਜੋ ਕਿ ਸਹੀ ਗੱਲ ਨਹੀਂ ਹੈ। ਇਸ ਚਰਚਾ ਦੇ ਚੱਲਦੇ ਇੱਕ ਹੋਰ ਸੁਆਲ ਵੀ ਪ੍ਰਧਾਨ ਮੰਤਰੀ ਟਰੂਡੋ ਨੂੰ ਪੁੱਛਣਾ ਬਣਦਾ ਹੈ। ਜੇ ਪ੍ਰੀਮੀਅਰ ਡੱਗ ਫੋਰਡ ਨੂੰ ਕੈਨੇਡਾ ਦੀਆਂ ਰਿਫਿਊਜੀਆਂ ਬਾਰੇ ਅੰਤਰਰਾਸ਼ਟਰੀ ਜੁੰਮੇਵਾਰੀਆਂ ਦਾ ਪਤਾ ਨਹੀਂ ਹੈ ਤਾਂ ਉਸਨੂੰ ਖੁਦ ਅਫਗਾਨਸਤਾਨ ਵਿੱਚੋਂ ਸਿੱਖਾਂ ਹਿੰਦੂਆਂ ਨੂੰ ਲਿਆਉਣ ਬਾਰੇ ਕੈਨੇਡਾ ਦੀ ਜੁੰਮੇਵਾਰੀ ਦਾ ਪਤਾ ਹੋਵੇਗਾ ਹੀ? ਜਾਂ ਫੇਰ ਉਹਨਾਂ ਨੂੰ ਸੀਰੀਆ, ਨਾਈਜੀਰੀਆ ਅਤੇ ਹੋਰ ਅਜਿਹੇ ਮੁਲਕਾਂ ਨਾਲ ਹੀ ਵੱਧ ਪਰੇਮ ਹੈ?