ਗਲਤੀ ਨਾਲ ਪਾਕਿ ਚਲੇ ਗਏ ਨਾਨਕ ਸਿੰਘ ਦੀ ਵਾਪਸੀ ਬਾਰੇ ਕੇਂਦਰ ਸਰਕਾਰ ਨੇ ਪੱਖ ਰੱਖਿਆ

court
ਚੰਡੀਗੜ੍ਹ, 7 ਅਪ੍ਰੈਲ (ਪੋਸਟ ਬਿਊਰੋ)- ਸਾਲ 1984 ਵਿੱਚ ਗਲਤੀ ਨਾਲ ਛੇ ਸਾਲਾ ਨਾਨਕ ਸਿੰਘ (ਹੁਣ 38 ਸਾਲ) ਦੇ ਬਾਰਡਰ ਟੱਪ ਕੇ ਪਾਕਿਸਤਾਨ ਵਿੱਚ ਦਾਖਲ ਹੋਣ ਦੇ ਬਾਅਦ ਉਸ ਦੀ ਵਤਨ ਵਾਪਸੀ ਦੀ ਮੰਗ ਵਾਲੀ ਪਟੀਸ਼ਨ ‘ਤੇ ਕੇਂਦਰ ਸਰਕਾਰ ਨੇ ਆਪਣਾ ਜਵਾਬ ਪੇਸ਼ ਕਰ ਦਿੱਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਮਾਮਲੇ ਵਿੱਚ ਉਹ ਸਿਰਫ ਪਾਕਿਸਤਾਨ ਤੋਂ ਮੰਗ ਹੀ ਕਰ ਸਕਦੇ ਹਨ, ਹੋਰ ਕੁਝ ਨਹੀਂ ਕਰ ਸਕਦੇ।
ਕੇਂਦਰ ਸਰਕਾਰ ਦੇ ਵਕੀਲ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਭਾਰਤ ਦੇ ਹਾਈ ਕਮਿਸ਼ਨ ਨੇ ਉਥੋਂ ਦੇ ਵਿਦੇਸ਼ ਮੰਤਰਾਲੇ ਨੂੰ ਕਈ ਵਾਰ ਪੱਤਰ ਲਿਖ ਕੇ ਬੇਨਤੀ ਕੀਤੀ, ਪਰ ਤਸੱਲੀ ਬਖਸ਼ ਜਵਾਬ ਨਹੀਂ ਮਿਲ ਰਿਹਾ। ਸਰਕਾਰ ਨੇ ਦੱਸਿਆ ਕਿ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਭਾਰਤੀ ਕੈਦੀਆਂ ਦੀ ਪਿਛਲੇ ਸਾਲ ਆਈ ਸੂਚੀ ਵਿੱਚ ਨਾਨਕ ਸਿੰਘ ਦਾ ਨਾਂਅ ਨਹੀਂ ਸੀ। ਅਜਿਹੇ ਵਿੱਚ ਇਨ੍ਹਾਂ ਤੱਥਾਂ ਦੇ ਆਧਾਰ ‘ਤੇ ਕਿਹਾ ਕਿ ਉਨ੍ਹਾਂ ਵੱਲੋਂ ਯਤਨ ਜਾਰੀ ਹਨ। ਇਸ ਦੇ ਨਾਲ ਹੀ ਪਟੀਸ਼ਨ ਰੱਦ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਕੇਸ ਦੀ ਅਗਲੀ ਸੁਣਵਾਈ ਅੱਠ ਮਈ ਨੂੰ ਹੋਵੇਗੀ।
ਪਤਾ ਲੱਗਾ ਹੈ ਕਿ ਪਾਕਿਸਤਾਨ ਦੇ ਕਾਗਜ਼ਾਂ ਵਿੱਚ ਨਾਨਕ ਸਿੰਘ ਦਾ ਨਾਂਅ ਕਾਕਰ ਸਿੰਘ ਵਜੋਂ ਦਿਖਾਏ ਜਾਣ ਦੇ ਕਾਰਨ ਉਸ ਦੀ ਵਤਨ ਵਾਪਸੀ ਦੀ ਰਾਹ ਮੁਸ਼ਕਲ ਹੋਣ ਦੀ ਗੱਲ ਪਟੀਸ਼ਨਰ ਸਵਰਨ ਸਿੰਘ ਨੇ ਕਹੀ ਸੀ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬਿਆਨ ਦਿੱਤਾ ਸੀ ਕਿ ਭਾਰਤੀ ਕੈਦੀਆਂ ਦੀ ਵਤਨ ਵਾਪਸੀ ਲਈ ਯਤਨ ਕੀਤੇ ਜਾ ਰਹੇ ਹਨ, ਜਿਸ ਉੱਤੇ ਹਾਈ ਕੋਰਟ ਨੇ ਇਨ੍ਹਾਂ ਯਤਨਾਂ ਦੇ ਨਤੀਜਿਆਂ ਬਾਰੇ ਕੇਂਦਰ ਤੋਂ ਜਵਾਬ ਮੰਗਿਆ ਸੀ। ਹੁਣੇ ਜਿਹੇ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਤੋਂ ਛੁਟ ਕੇ ਆਏ ਕੈਦੀ ਬਿੱਟੂ ਨੇ ਵੀ ਨਾਨਕ ਸਿੰਘ ਦੇ ਉਸ ਜੇਲ੍ਹ ਵਿੱਚ ਹੋਣ ਦਾ ਖੁਲਾਸਾ ਕਰਦੇ ਹੋਏ ਕਿਹਾ ਸੀ ਕਿ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋ ਚੁੱਕਾ ਹੈ।